ਪੰਜਾਬੀ ਇਸ ਸਾਲ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ , ਵਾਤਾਵਰਣ ਨੂੰ ਬਚਾਉਣ ਲਈ ਪਾਇਆ ਵੱਡਾ ਯੋਗਦਾਨ

Punjabi this year Green Diwali celebrate Leading biggest contribution

ਪੰਜਾਬੀ ਇਸ ਸਾਲ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ , ਵਾਤਾਵਰਣ ਨੂੰ ਬਚਾਉਣ ਲਈ ਪਾਇਆ ਵੱਡਾ ਯੋਗਦਾਨ:ਪਟਿਆਲਾ : ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਫੁੱਲ ਚੜਾਉਂਦਿਆਂ ਪੰਜਾਬੀ ਇਸ ਵਰ੍ਹੇ ਹਰੀ ਦੀਵਾਲੀ ਮਨਾ ਕੇ ਮੋਹਰੀ ਰਹੇ ਹਨ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ 6 ਵੱਖ-ਵੱਖ ਸ਼ਹਿਰਾਂ ਦੀ ਹਵਾ ਗੁਣਵੱਤਾ ਮਾਪਣ ਲਈ ਕੀਤੇ ਗਏ ਵਿਸ਼ਲੇਸ਼ਣ ਵਿੱਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ, ਖੰਨਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਲਗਾਏ ਗਏ ਹਵਾ ਦੀ ਕੁਆਲਿਟੀ ਮਾਪਣ ਵਾਲੇ ਯੰਤਰਾਂ ਦਾ ਡਾਟਾ ਦੱਸਦਾ ਹੈ ਕਿ ਇਸ ਵਰ੍ਹੇ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ ਔਸਤਨ 234 ਰਿਹਾ ਜਦ ਕਿ ਇਹ ਪਿਛਲੇ ਵਰ੍ਹੇ ਸੰਨ 2017 ਵਿੱਚ ਇਹ ਔਸਤਨ 328 ਸੀ ਜੋ ਕਿ ਪਿਛਲੇ ਵਰ੍ਹੇ ਨਾਲੋਂ 29% ਘੱਟ ਹੈ।

ਹਵਾ ਦੀ ਗੁਣਵੱਤਾ ਵਿੱਚ ਆਏ ਇਸ ਸੁਧਾਰ ਨੂੰ ਉਤਸ਼ਾਹਜਨਕ ਦੱਸਦਿਆਂ ਬੋਰਡ ਨੇ ਚੇਅਰਮੈਨ ਐੱਸ.ਐੱਸ ਮਰਵਾਹਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਟਾਖਿਆਂ ਦੇ ਜਲਾਉਣ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਬਾਰੇ ਸਰਕਾਰੀ ਅਤੇ ਗੈਰਸਰਕਾਰੀ ਪੱਧਰ ਤੇ ਫੈਲਾਈ ਜਾ ਰਹੀ ਜਾਗ੍ਰਿਤੀ ਮੁਹਿੰਮ ਨੇ ਆਪਣੇ ਨਤੀਜੇ ਦਿਖਾਉਣੇ ਸ਼ੁਰੂ ਕੀਤੇ ਹਨ।ਉਹਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਦਾ ਪੀ.ਐੱਮ.10 ਔਸਤਨ 430 ਅਤੇ ਪੀ.ਐੱਮ 2.5 ਔਸਤਨ 225.63 ਮਾਇਕ੍ਰੋਗ੍ਰਾਮ/ਘਣ ਮੀਟਰ ਸੀ ਜਦਕਿ ਇਸ ਵਰ੍ਹੇ ਇਹ ਔਸਤ ਕ੍ਰਮਵਾਰ 277 ਅਤੇ 126 ਮਾਈਕ੍ਰੋਗ੍ਰਾਮ/ਘਣ ਮੀਟਰ ਰਿਕਾਰਡ ਕੀਤੀ ਗਈ।

ਪੀ.ਐੱਮ.10 ਵਿੱਚ 36% ਅਤੇੇ ਪੀ.ਐੱਮ2.5 ਵਿੱਚ 44% ਤੱਕ ਆਈ ਗਿਰਾਵਟ ਜਿੱਥੇ ਇੱਕ ਉਤਸ਼ਾਹਜਨਕ ਸੰਕੇਤ ਹੈ ਉੱਥੇ ਇਸ ਪ੍ਰਾਪਤੀ ਦਾ ਸਿਹਰਾ ਸਕੂਲਾਂ, ਕਾਲਜਾਂ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਦੇ ਸਿਰ ਜਾਂਦਾ ਹੈ, ਜਿਨ੍ਹਾਂ ਇਹਨਾਂ ਪਟਾਖਿਆਂ ਨੂੰ ਤਿਲਾਂਜਲੀ ਦੇ ਕੇ ਹਰੀ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ।ਮਰਵਾਹਾ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹਰੀ ਦੀਵਾਲੀ ਮਨਾਉਣ ਲਈ ਪੰਜਾਬੀਆਂ ਦੇ ਮੋਹਰੀ ਰਹਿਣ ਨੂੰ ਹਾਂ ਪੱਖੀ ਰੁਝਾਨ ਦੱਸਦਿਆਂ ਅੱਗੋਂ ਵੀ ਪੰਜਾਬ ਦੀ ਆਬੋਹਵਾ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਸਮੂਹ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ।
-PTCNews