ਪੰਜਾਬ

ਪੁਲਿਸ ਸਟੇਸ਼ਨ ਵਿੱਚ ਮਰਿਆ ਮਿਲਿਆ ਜਬਰ ਜਨਾਹ ਦਾ ਮੁਜ਼ਲਮ

By Jasmeet Singh -- September 07, 2022 4:50 pm

ਚੰਡੀਗੜ੍ਹ, 7 ਸਤੰਬਰ: ਇੱਕ ਨਾਬਾਲਗ ਨਾਲ ਜਬਰ ਜਨਾਹ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਮੰਗਲਵਾਰ ਨੂੰ ਸਦਰ ਨਾਭਾ ਥਾਣੇ ਦੇ ਅੰਦਰ ਇੱਕ 32 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਘਟਨਾ ਤੋਂ ਬਾਅਦ ਕੀਤੀ ਮੁੱਢਲੀ ਜਾਂਚ ਦੇ ਨਤੀਜਿਆਂ 'ਤੇ ਪੁਲਿਸ ਚੁੱਪ ਰਹੀ। ਜਿਸ ਤੋਂ ਬਾਅਦ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਇਸਦਾ ਖੁਦ-ਮੁਖਤਿਆਰੀ ਨੋਟਿਸ ਲੈ ਲਿਆ ਗਿਆ ਹੈ।

ਕਮਿਸ਼ਨ ਦੀ ਮਾਨਯੋਗ ਮੈਂਬਰ ਜਸਟਿਸ ਨਿਰਮਲਜੀਤ ਕੌਰ ਨੇ ਇਸ ਮਾਮਲੇ ਦਾ ਖੁਦ-ਮੁਖਤਿਆਰੀ ਨੋਟਿਸ ਲੈਂਦਿਆਂ ਐਸ.ਐਸ.ਪੀ ਪਟਿਆਲਾ ਤੋਂ ਰਿਪੋਰਟ ਤਲਬ ਕੀਤੀ ਹੈ। ਮਾਮਲੇ ਸਬੰਧੀ ਸੁਣਵਾਈ 17.11.2022 ਨੂੰ ਸੱਦੀ ਗਈ ਹੈ, ਜਿਸ ਤੋਂ ਪਹਿਲਾਂ ਕੇਸ ਨਾਲ ਜੁੜੀਆਂ ਸਾਰੀਆਂ ਰਿਪੋਰਟਾਂ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਬੂਟਾ ਸਿੰਘ 'ਤੇ ਸੋਮਵਾਰ ਨੂੰ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਪਰ ਸਵੇਰੇ ਉਸ ਦੀ ਲਾਸ਼ ਪਰਨੇ ਨਾਲ ਬੰਨ੍ਹੀ ਹੋਈ ਮਿਲੀ। ਬੂਟਾ ਨੇ ਫਾਹਾ ਕਦੋਂ ਤੇ ਕਿਵੇਂ ਲਿਆ ਇਸ ਬਾਰੇ ਪੁਲਿਸ ਨੇ ਚੁੱਪੀ ਸਾਧੀ ਹੋਈ ਹੈ।


-PTC News

  • Share