ਰਾਜਪੁਰਾ: ਨਸ਼ੀਲੀਆਂ ਗੋਲੀਆਂ ਦੇ ਪਾਰਸਲ ਦੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਦੋਸ਼ ‘ਚ 3 ਪੁਲਿਸ ਮੁਲਾਜ਼ਮ ਮੁਅੱਤਲ

Rajpura

ਰਾਜਪੁਰਾ: ਨਸ਼ੀਲੀਆਂ ਗੋਲੀਆਂ ਦੇ ਪਾਰਸਲ ਦੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਦੋਸ਼ ‘ਚ 3 ਪੁਲਿਸ ਮੁਲਾਜ਼ਮ ਮੁਅੱਤਲ

ਤਿੰਨੋਂ ਮੁਅੱਤਲ-ਇਕ ਗ੍ਰਿਫਤਾਰ, ਬਾਕੀ ਦੋਸ਼ੀ ਵੀ ਛੇਤੀ ਹੋਣਗੇ ਗ੍ਰਿਫਤਾਰ – ਐਸ.ਐਸ.ਪੀ.

ਰਾਜਪੁਰਾ: ਨਸ਼ੀਲੀਆਂ ਗੋਲੀਆਂ ਦੇ ਪਾਰਸਲ ਦੇ ਮਾਮਲੇ ਨੂੰ ਰਫਾ ਦਫਾ ਕਰਕੇ ਦੋਸ਼ੀਆ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ‘ਚ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਉਪ ਪੁਲਿਸ ਕਪਤਾਲ ਸਰਕਲ ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਵੱਲੋ ਪੇਸ਼ ਕੀਤੀ ਪੜਤਾਲੀਆਂ ਰਿਪੋਰਟ ਦੇ ਆਧਾਰ ‘ਤੇ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਸਾਹਿਬ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਤਿੰਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਸਹਾਇਕ ਥਾਣੇਦਾਰ ਨੰਬਰ 1679 ਪਟਿਆਲਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਇਸ ਸਬੰਧੀ ਮਿਤੀ 22/11/2019 ਨੂੰ ਥਾਣਾ ਸਿਟੀ ਰਾਜਪੁਰਾ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22, 29/61/85 ਤਹਿਤ ਮਾਮਲਾ ਦਰਜ਼ ਕਰਕੇ ਮੁਕੱਦਮਾ ਨੰਬਰ 309 ਵਿਚ 13 (2) 88 ਪੀ.ਸੀ. ਐਕਟ ਦਾ ਵਾਧਾ ਕਰਕੇ ਇਨ੍ਹਾਂ ਪੁਲਿਸ ਮੁਲਾਜ਼ਮਾ ਖਿਲਾਫ ਕਾਰਵਾਈ ਕੀਤੀ ਗਈ ਹੈ।

ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਜਾਰੀ ਕੀਤੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 16.11.2019 ਨੂੰ 66 ਬਕਸੇ ਕਲੋੋਵੀਡੋਲ ਦਵਾਈਆਂ ਦਾ ਇਕ ਪਾਰਸਲ ਆਹੂਜਾ ਮੈਡੀਕਲ ਸਟੋਰ ਸਾਹਮਣੇ ਏ.ਪੀ.ਜੈਨ ਹਸਪਤਾਲ ਰਾਜਪੁਰਾ ਦੀ ਦੁਕਾਨ ‘ਤੇ ਚੰਦਨ ਟਰਾਂਸਪੋਰਟ ਰਾਂਹੀ ਆਇਆ।

ਸੁਸ਼ੀਲ ਕੁਮਾਰ ਅਹੂਜਾ (ਮਾਲਕ ਅਹੂਜਾ ਮੈਡੀਕੋਜ਼) ਨੇ ਡਰਾਈਵਰ ਨੂੰ ਕਿਹਾ ਕਿ ਉਸ ਨੇ ਇਹ ਪਾਰਸਲ ਨਹੀ ਮੰਗਵਾਇਆ ਹੈ ਤਾਂ ਡਰਾਇਵਰ ਨੇ ਉਸ ਨੂੰ ਬਿੱਲ ਦੇ ਦਿੱਤਾ, ਬਿੱਲ ਪਰ ਐਡਰੈਸ ਤਾਂ ਆਹੂਜਾ ਮੈਡੀਕਲ ਸਟੋਰ ਦਾ ਹੀ ਸੀ ਪਰ ਟੈਲੀਫੋਨ ਨੰਬਰ ਕਿਸੇ ਹੋਰ ਦਾ ਸੀ। ਅਹੂਜਾ ਮੈਡੀਕਲ ਵੱਲੋ ਜਦੋ ਚੰਦਨ ਟਰਾਂਸਪੋਰਟ ਦੇ ਮਾਲਕ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਪਾਰਸਲ ਦੇਵਯਾਨੀ ਫਾਰਮਾ, ਚੰਡੀਗੜ ਤੋ ਖੁਸ਼ਦਿਲ ਟਰਾਂਸਪੋਰਟ (ਚੰਡੀਗੜ) ਰਾਂਹੀ ਉਨ੍ਹਾਂ ਪਾਸ ਆਇਆ ਸੀ।

ਉਸ ਪਾਰਸਲ ਵਿੱਚ 3300 ਗੋਲੀਆਂ ਕਲੋਵੀਡੋਲ ਦੀਆਂ ਸਨ, ਜਿੰਨ੍ਹਾਂ ਵਿੱਚ ਟਰਾਮਾਡੋਲ ਸਾਲਟ ਹੁੰਦਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਮੁੱਕਦਮਾ ਨੰਬਰ 309 ਮਿਤੀ 22.11.2019 ਅ/ਧ 22,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ।

ਸਿੱਧੂ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਪਤਾਨ ਪੁਲਿਸ, ਇੰਨਵੈਸਟੀਗੇਸਨ ਸ. ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਆਕਾਸ਼ਦੀਪ ਸਿੰਘ ਔਲਖ ਪਾਸੋ ਕਰਵਾਈ ਗਈ। ਜਿਸ ਤੋ ਇਹ ਗੱਲ ਸਾਹਮਣੇ ਆਈ ਕਿ ਇਹ ਪਾਰਸਲ ਹਰੀ ਓਮ ਸੁਕਲਾ ਵਾਸੀ ਨਵਾਂ ਗਾਂਓ, ਚੰਡੀਗੜ ਵੱਲੋ ਭੇਜਿਆ ਗਿਆ ਸੀ, ਜੋ ਇਹ ਪਾਰਸਲ ਮੁਕੇਸ ਕੁਮਾਰ (ਗੁਰੂ ਨਾਨਕ ਮੈਡੀਕਲ ਹਾਲ) ਵੱਲੋ ਆਪਣਾ ਮੋਬਾਇਲ ਨੰਬਰ ਦੇ ਕੇ ਮੰਗਵਾਇਆ ਗਿਆ ਸੀ। ਜੋ ਇੰਨ੍ਹਾਂ ਦੋਨਾਂ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਅੱਗੇ ਹੋਰ ਦੱਸਿਆ ਕਿ ਪੜਤਾਲ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਉਸੇ ਦਿਨ ਸਾਮ ਨੂੰ ਹੀ, ਇਸ ਭੇਜੇ ਗਏ ਪਾਰਸਲ ਦੀ ਸੂਚਨਾਂ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ ਨੂੰ ਪ੍ਰਾਪਤ ਹੋਈ ਸੀ। ਇਸ ਗੁਪਤ ਸੂਚਨਾ ਮਿਲਣ ਤੇ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਭੇਜਿਆ ਗਿਆ।

ਜਿਹਨਾਂ ਵੱਲੋ ਹਰੀ ਓਮ ਸੁਕਲਾ ਨੂੰ ਸੀ.ਆਈ.ਏ ਰਾਜਪੁਰਾ ਵਿਖੇ ਬੁਲਾਇਆ ਗਿਆ। ਪਰ ਇਸ ਪਾਰਸਲ ਸਬੰਧੀ ਅਤੇ ਹਰੀ ਓਮ ਸੁਕਲਾ ਨੂੰ ਸੀ.ਆਈ.ਏ ਰਾਜਪੁਰਾ ਬੁਲਾਉਣ ਸਬੰਧੀ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋ ਇਸ ਦੀ ਸੂਚਨਾ ਕਿਸੇ ਵੀ ਸੀਨੀਅਰ ਅਫਸਰ ਨੂੰ ਨਹੀਂ ਦਿੱਤੀ ਗਈ ਅਤੇ ਬਿੰਨ੍ਹਾਂ ਕਿਸੇ ਅਫਸਰ ਨੂੰ ਦੱਸਿਆ ਅਤੇ ਇਸ ਮਾਮਲੇ ਨੂੰ ਬਿੰਨ੍ਹਾਂ ਇੰਨਵੈਸਟੀਗੇਟ ਕੀਤਿਆਂ ਆਪਣੇ ਪੱਧਰ ਪਰ ਹੀ ਦਬਾ ਦਿੱਤਾ ਗਿਆ।

ਜਿਸ ਕਰਕੇ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਉਕਤ ਮੁਕੱਦਮਾ ਵਿੱਚ 13 (2) 88 ਪੀ.ਸੀ ਐਕਟ ਦਾ ਵਾਧਾ ਕੀਤਾ ਗਿਆ। ਮੁਕੱਦਮਾ ਵਿੱਚ ਦੋਸੀ ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਆਰੰਭ ਕੀਤੀ ਜਾ ਚੁੱਕੀ ਹੈ।

ਐਸ.ਐਸ.ਪੀ. ਸ. ਸਿੱਧੂੁ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਤਫਤੀਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਵੱਲੋ ਕੀਤੀ ਜਾ ਰਹੀ ਹੈ।ਤਫਤੀਸ ਦੋਰਾਨ ਗੁਰੂ ਨਾਨਕ ਮੈਡੀਕਲ ਹਾਲ ਦੇ ਪ੍ਰੋਪਰਾਈਟਰ/ਪਾਰਟਰਨਰ/ਕੋਈ ਹੋਰ ਸਬੰਧਤ ਧਿਰ ਅਤੇ ਸਬੰਧਤ ਟਰਾਂਸਪੋਰਟਰਾਂ ਦੇ ਰੋਲ ਨੂੰ ਵਾਚਦੇ ਹੋਏ, ਕਾਰਵਾਈ ਕੀਤੀ ਜਾਵੇਗੀ। ਉਕਤ ਮੁਕੱਦਮੇ ਵਿੱਚ ਇਕ ਦੋਸੀ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੰਬਰ 1679/ਪਟਿਆਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਮੁਕੱਦਮੇ ਦੇ ਸਾਰੇ ਦੋਸੀਆਨ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News