ਕੋਈ ਸੱਚਾ ਸਿੱਖ ਧਰਮ ਪਰਿਵਰਤਨ ਨਹੀਂ ਕਰ ਸਕਦਾ: ਜੀ.ਕੇ.

Real Sikh can't change religion Manjit Singh GK
Real Sikh can't change religion Manjit Singh GK

Real Sikh can’t change religion Manjit Singh GK: ਸਿਕਲੀਘਰ ਭਾਈਚਾਰੇ ਦੇ ਆਗੂਆਂ ਨੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ

ਨਵੀਂ ਦਿੱਲੀ: ਦਿੱਲੀ ਵਿਖੇ ਸਿਕਲੀਘਰ ਸਿੱਖਾਂ ਦੇ ਕਥਿਤ ਤੌਰ ’ਤੇ ਧਰਮ ਪਰਿਵਰਤਨ ਕਰਨ ਦੀਆਂ ਆ ਰਹੀਆਂ ਖ਼ਬਰਾਂ ਦਾ ਸਿਕਲੀਘਰ ਭਾਈਚਾਰੇ ਦੇ ਆਗੂਆਂ ਨੇ ਖੰਡਨ ਕੀਤਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਭਾਈਚਾਰੇ ਦੇ ਆਗੂ ਬਚਨ ਸਿੰਘ ਅਤੇ ਬਿਰਾਦਰੀ ਦੇ ਬਾਕੀ ਆਗੂਆਂ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮ ਪਰਿਵਰਤਨ ਦੀ ਗੱਲ ਨੂੰ ਗਲਤ ਠਹਿਰਾਇਆ।

ਬਚਨ ਸਿੰਘ ਨੇ ਕਿਹਾ ਕਿ ਸਿਕਲੀਘਰ ਭਾਈਚਾਰੇ ’ਤੇ ਧਰਮ ਪਰਿਵਰਤਨ ਦੇ ਝੂਠੇ ਦੋਸ਼ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਏ ਹਨ। ਸੁਲਤਾਨਪੁਰੀ ਵਿਖੇ ਭਾਈਚਾਰੇ ਦੇ 3 ਫੀਸਦੀ ਅਤੇ ਕਲਿਆਣਪੁਰੀ ਵਿਖੇ 7 ਫੀਸਦੀ ਲੋਕਾਂ ਵੱਲੋਂ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਧਾਰਣ ਕਰਨ ਦੀ ਸਾਹਮਣੇ ਆਈਆਂ ਖ਼ਬਰਾਂ ਝੂਠੀਆਂ ਹਨ। ਕਲਿਆਣਪੁਰੀ ਵਿਖੇ ਸਾਡੀ ਪੜਤਾਲ ’ਚ ਅਜਿਹਾ ਇੱਕ ਵੀ ਮਾਮਲਾ ਸੱਚਾ ਸਾਬਤ ਨਹੀਂ ਹੋਇਆ। ਜਦਕਿ ਸੁਲਤਾਨਪੁਰੀ ਵਿਖੇ ਅਜੇ ਵੀ ਸਾਡੀ ਪੜਤਾਲ ਜਾਰੀ ਹੈ। ਬਚਨ ਸਿੰਘ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਧਰਮ ਪਰਿਵਰਤਨ ’ਚ ਸਾਡੀ ਬਿਰਾਦਰੀ ਦਾ ਕੋਈ ਵੀ ਪਰਿਵਾਰ ਸ਼ਾਮਲ ਪਾਇਆ ਗਿਆ ਤਾਂ ਅਸੀਂ ਉਸਦਾ ਸਮਾਜਿਕ ਵਿਰੋਧ ਕਰਾਂਗੇ। ਅਸੀਂ ਕੱਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਅੱਜ ਵੀ ਮੰਨਦੇ ਹਾਂ।
ਜੀ.ਕੇ. ਨੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਪਿੱਛੇ ਸਿਆਸੀ ਸਾਜਿਸ਼ ਹੋਣ ਵੱਲ ਇਸ਼ਾਰਾ ਕਰਦੇ ਹੋਏ ਪੱਤਰਕਾਰਾਂ ਨੂੰ ਇਸ ਦਿਸ਼ਾ ’ਚ ਵੀ ਪੜਤਾਲ ਕਰਨ ਦੀ ਅਪੀਲ ਕੀਤੀ। ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੇ ਇਸਲਾਮ ’ਚ ਤਬਦੀਲੀ ਦੇ ਵਿਰੋਧ ’ਚ ਸ਼ਹੀਦੀ ਦਿੱਤੀ ਸੀ।ਇਸ ਕਰਕੇ ਕੋਈ ਸੱਚਾ ਸਿੱਖ ਧਰਮ ਪਰਿਵਰਤਨ ਨਹੀਂ ਕਰ ਸਕਦਾ। ਸਿੱਖ ਧਰਮ ਕੋਈ ਵਪਾਰ ਦਾ ਹਿੱਸਾ ਨਹੀਂ ਹੈ। ਸਗੋਂ ਸਿੱਖੀ ਆਪਣੇ ਆਪ ਨੂੰ ਸਮਰਪਿਤ ਕਰਕੇ ਪ੍ਰਾਪਤ ਹੁੰਦੀ ਹੈ।

ਜੀ.ਕੇ. ਨੇ ਸਾਫ਼ ਕਿਹਾ ਕਿ ਜੇਕਰ ਕੁਝ ਪੈਸਿਆਂ ਕਰਕੇ ਕੋਈ ਆਪਣਾ ਧਰਮ ਦਾ ਇਮਾਨ ਵੇਚਦਾ ਹੈ ਤਾਂ ਅਜਿਹੇ ਵਿਕਾਊ ਲੋਕਾਂ ਲਈ ਸਿੱਖੀ ਦੇ ਰਾਹ ਬੰਦ ਹਨ। ਸਿੱਖ ਤਾਂ ਉਦੋਂ ਨਹੀਂ ਵਿੱਕੇ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਲੱਗਦੇ ਸਨ। ਜੀ.ਕੇ. ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਦਿੱਲੀ ਕਮੇਟੀ ਸਿਕਲੀਘਰ ਭਾਈਚਾਰੇ ਦੇ ਸੁਲਤਾਨਪੁਰੀ ’ਚ ਰਹਿੰਦੇ ਪਰਿਵਾਰਾਂ ਦੇ ਲਗਭਗ 250 ਬੱਚਿਆਂ ਨੂੰ ਜਥੇਦਾਰ ਸੰਤੋਖ ਸਿੰਘ ਸਕੂਲ ਵਿਖੇ ਮੁਫ਼ਤ ਸਿੱਖਿਆ, ਵਰਦੀ ਆਦਿਕ ਦੇ ਰਹੀ ਹੈ। ਇਸਦੇ ਨਾਲ ਹੀ ਮੰਗੋਲਪੁਰੀ ਵਿਖੇ ਆਈ.ਟੀ.ਆਈ. ਵੀ ਸਿਕਲੀਘਰ ਭਾਈਚਾਰੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਵਾਸਤੇ ਖੋਲੀ ਗਈ ਹੈ।

—PTC News