ਪੰਜਾਬ

ਕੈਮਰੇ 'ਚ ਕੈਦ ਹੋਈ ਲੁੱਟ ਦੀ ਕੋਸ਼ਿਸ਼, ਦੁਕਾਨਦਾਰ ਨੇ ਇੰਜ ਟਾਲਿਆ ਹਾਦਸਾ

By Jasmeet Singh -- September 05, 2022 5:03 pm -- Updated:September 05, 2022 5:05 pm

ਬਠਿੰਡਾ, 5 ਸਤੰਬਰ: ਬਠਿੰਡਾ ਅੰਦਰ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਨ੍ਹਾਂ ਨੇ ਦਿਨ-ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬਠਿੰਡਾ ਅੰਦਰ ਮੈਡੀਸਨ ਦੇ ਹੋਲਸੇਲਰ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਹੋਲਸੇਲਰ ਆਪਣੀ 10 ਲੱਖ ਰੁਪਏ ਦੀ ਰਾਸ਼ੀ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸ.ਪੀ. ਬਠਿੰਡਾ ਭੁਪਿੰਦਰ ਸਿੰਘ ਸਿੱਧੂ ਮੁਤਾਬਕ ਵਿਕਾਸ ਗਰਗ ਜੋ ਕਿ ਬਠਿੰਡਾ ਦੀ ਹੀ ਗਾਂਧੀ ਮਾਰਕੀਟ ਵਿੱਚ ਦਵਾਈਆਂ ਦਾ ਹੋਲਸੇਲ ਦਾ ਕੰਮ ਕਰਦਾ ਹੈ, ਉਹ ਆਪਣੀ 5-6 ਦਿਨਾਂ ਦੀ ਆਮਦਨ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਹੀ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਵਿਕਾਸ ਆਪਣੇ ਘਰੋਂ ਨਿਕਲਿਆ ਤੇ ਉਸ ਵੇਲੇ ਉਹਦੇ ਕੋਲ ਕਰੀਬ 10 ਲੱਖ ਰੁਪਏ ਸਨ।

ਉਨ੍ਹਾਂ ਦੱਸਿਆ ਬੈਂਕ ਵੱਲ ਜਾਂਦਿਆਂ ਸਮੇਂ ਰਾਹ ਵਿੱਚ ਬੈਠੇ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਗਰਗ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਹੋਲਸੇਲਰ ਦੁਕਾਨਦਾਰ ਦੀ ਹੁਸ਼ਿਆਰੀ ਦੇ ਚੱਲਦਿਆਂ ਉਹ ਤਿੰਨੇ ਨੌਜਵਾਨਾਂ ਨੂੰ ਚਕਮਾ ਦੇ ਭੱਜਣ ਵਿਚ ਕਾਮਯਾਬ ਹੋ ਗਿਆ। ਵਿਕਾਸ ਗਰਗ ਕੋਲ ਕਰੀਬੀ 20-25 ਲੜਕੇ ਵੱਖ-ਵੱਖ ਮੰਡੀਆਂ ਵਿਚ ਦਵਾਈ ਸਪਲਾਈ ਕਰਨ ਦਾ ਕੰਮ ਵੀ ਕਰਦੇ ਹਨ।

ਦੱਸ ਦੇਈਏ ਕਿ ਲੁੱਟ ਦੀ ਕੋਸ਼ਿਸ਼ ਦੀ ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜੋ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੂੰ ਵੇਖ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ ਜਾ ਰਹੀ ਹੈ।

ਉਧਰੋਂ ਬਠਿੰਡਾ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


-PTC News

  • Share