ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ-ਧਰਮ ਅਧਿਐਨ ਕੇਂਦਰ ਵਾਸਤੇ 67.5 ਕਰੋੜ ਰੁਪਏ ਮਨਜ਼ੂਰ : ਹਰਸਿਮਰਤ ਕੌਰ ਬਾਦਲ

Rs 67.5 crore sanctioned for Centre for Inter Faith Studies at GND University: Harsimrat Kaur Badal
ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਅੰਤਰ-ਧਰਮ ਅਧਿਐਨ ਕੇਂਦਰ ਵਾਸਤੇ 67.5 ਕਰੋੜ ਰੁਪਏ ਮਨਜ਼ੂਰ : ਹਰਸਿਮਰਤ ਕੌਰ ਬਾਦਲ

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ-ਧਰਮ ਅਧਿਐਨ ਕੇਂਦਰ ਵਾਸਤੇ 67.5 ਕਰੋੜ ਰੁਪਏ ਮਨਜ਼ੂਰ : ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਅੰਤਰ-ਧਰਮ ਅਧਿਐਨ ਕੇਂਦਰ ਦੀ ਸਥਾਪਤੀ ਲਈ 67.75 ਕਰੋੜ ਰੁਪਏ ਜਾਰੀ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪਰਕਾਸ਼ ਪੁਰਬ ਨੂੰ ਮਨਾਉਣ ਲਈ ਵੱਖ ਵੱਖ ਮੰਤਰਾਲਿਆਂ ਬਣਾਈਆਂ ਯੋਜਨਾਵਾਂ ਨੂੰ ਲਾਗੂ ਕੀਤੇ ਜਾਣ ਸੰਬੰਧੀ ਵੱਖ ਵੱਖ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 67.75 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਐਚਆਰਡੀ ਮੰਤਰਾਲੇ ਨੂੰ ਗਰਾਂਟ ਜਾਰੀ ਕਰਨ ਦੀ ਤਾਰੀਖ ਅਤੇ ਅੰਤਰ ਧਰਮ ਅਧਿਐਨ ਕੇਂਦਰ ਦੇ ਉਦਘਾਟਨ ਬਾਰੇ ਸੂਚਨਾ ਦੇਣ ਲਈ ਕਿਹਾ ਜਾ ਚੁੱਕਿਆ ਹੈ।

ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਯੂਨਾਈਟਿਡ ਕਿੰਗਡਮ ਦੀ ਬਰਮਿੰਘਮ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਇੱਕ ਚੇਅਰ ਸਥਾਪਤ ਕਰਨ ਅਤੇ ਇਸ ਪ੍ਰਾਜੈਕਟ ਵਾਸਤੇ 85 ਫੀਸਦੀ ਫੰਡ ਦੇਣ ਲਈ ਸਹਿਮਤ ਹੋ ਗਈ ਹੈ। ਨੁੰਮਾਇਦਿਆਂ ਨੇ ਇਹ ਵੀ ਦੱਸਿਆ ਕਿ ਇਸ ਮਕਸਦ ਵਾਸਤੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਅੰਦਰ ਯੂਨੀਵਰਸਿਟੀ ਦੀ ਚੋਣ ਦਾ ਫੈਸਲਾ ਅੰਤਿਮ ਪੜਾਅ ਵਿਚ ਪਹੁੰਚ ਗਿਆ ਹੈ ਅਤੇ ਮੌਂਟਰੀਅਲ ਦੀ ਕੋਨਕੋਰਡੀਆ ਯੂਨੀਵਰਸਿਟੀ ਨਾਲ ਇਸ ਸੰਬੰਧੀ ਗੱਲਬਾਤ ਚੱਲ ਰਹੀ ਹੈ।

ਮੀਟਿੰਗ ਵਿਚ ਬੀਬਾ ਬਾਦਲ ਨੇ ਵੀ ਇਹ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਦਿੱਲੀ, ਮੁੰਬਈ, ਪਟਨਾ ਅਤੇ ਨਾਂਦੇੜ ਵਰਗੇ ਸ਼ਹਿਰਾਂ ਵਿਚ ਬਾਕੀ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸ਼ਤਾਬਦੀ ਸਮਾਗਮ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਸਜੀਪੀਸੀ ਅਤੇ ਐਚਆਰਡੀ ਮੰਤਰਾਲੇ ਵੱਲੋਂ ਸਾਂਝੇ ਯਤਨਾਂ ਰਾਹੀਂ ਵਿਗਿਆਨ ਭਵਨ ,ਦਿੱਲੀ ਵਿਖੇ ਇੱਕ ਸਾਂਝਾ ਸੈਮੀਨਾਰ ਕਰਵਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਸਕਦਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਉੱਤਰੀ ਰੇਲਵੇ ਦੇ ਨੁੰਮਾਇਦੇ ਨੇ ਜਾਣਕਾਰੀ ਦਿੱਤੀ ਕਿ ਉਹ ਅਕਤੂਬਰ ਦੇ ਅੱਧ ਤਕ ਮਿਊਜ਼ੀਅਮ/ਆਡੀਟੋਰੀਅਮ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਦੇਣਗੇ ਅਤੇ ਇਸ ਮਿਊਜ਼ੀਅਮ ਨੂੰ ਪ੍ਰਦਰਸ਼ੀਆਂ, ਕਟ-ਆਊਟਸ ਅਤੇ ਦਸਤਾਵੇਜ਼ੀ ਫਿਲਮਾਂ ਵਿਖਾਉਣ ਲਈ ਇਸਤੇਮਾਲ ਕੀਤਾ ਸਕਦਾ ਹੈ। ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਫਰਵਰੀ 2020 ਵਿਚ ਇੱਕ ਕੌਮਾਂਤਰੀ ਪੱਧਰ ਦਾ ਸੈਮੀਨਾਰ ਕਰਵਾਉਣ ਦੀ ਤਜਵੀਜ਼ ਹੈ, ਜਿਸ ਵਿਚ ਦੁਨੀਆਂ ਭਰ ਵਿਚੋਂ 550 ਵਿਦਵਾਨਾਂ ਨੂੰ ਸੱਦਿਆ ਜਾਵੇਗਾ। ਉਹਨਾਂ ਨੂੰ ਦੱਸਿਆ ਕਿ 100 ਸੈਮੀਨਾਰ ਦੇਸ਼ ਭਰ ਵਿਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਵਿਚ ਇੱਕ ਮੋਬਾਇਲ ਡਿਜੀਟਲ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਬੀਬਾ ਬਾਦਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਉਹਨਾਂ ਨੂੰ ਦੱਸਿਆ ਕਿ ਇਸ ਵੱਲੋਂ ਯੂਏਈ, ਅਮਰੀਕਾ, ਯੂਕੇ, ਜਰਮਨੀ, ਇਟਲੀ, ਥਾਈਲੈਂਡ ਅਤੇ ਫਰਾਂਸ ਵਰਗੇ ਦੇਸ਼ਾਂ ਵਿਚ ਪ੍ਰਸਿੱਧ ਇਮਾਰਤਾਂ ਉੱਪਰ ਡਿਜੀਟਲ ਪ੍ਰਾਜੈਕਸ਼ਨਜ਼ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਵੱਲੋਂ ਕੀਰਤਨ ਦਰਬਾਰ ਵੀ ਕਰਵਾਏ ਜਾ ਰਹੇ ਹਨ।
-PTCNews