ਮੁੱਖ ਖਬਰਾਂ

ਡਾ. ਦਲਜੀਤ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਦਰੁਸਤੀ ਭਰੇ ਕਦਮ ਚੁੱਕਣ ਲਈ ਆਵਾਜ਼ ਬੁਲੰਦ ਕਰੇ ਜਾਂ ਅਹੁਦੇ ਤੋਂ ਦੇਵੇ ਅਸਤੀਫਾ

By Shanker Badra -- June 15, 2020 11:10 am

ਡਾ. ਦਲਜੀਤ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਦਰੁਸਤੀ ਭਰੇ ਕਦਮ ਚੁੱਕਣ ਲਈ ਆਵਾਜ਼ ਬੁਲੰਦ ਕਰੇ ਜਾਂ ਅਹੁਦੇ ਤੋਂ ਦੇਵੇ ਅਸਤੀਫਾ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਰੋਨਾ ਸੰਕਟ ਨੂੰ ਗਲਤ ਤਰੀਕੇ ਨਜਿੱਠਣ ਖਿਲਾਫ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਤੇ ਪਾਰਟੀ ਨੇ ਉਹਨਾਂ 'ਤੇ ਦਿੱਲੀ ਸਰਕਾਰ ਵੱਲੋਂ ਅੰਕੜਿਆਂ ਦਾ ਹੇਰ ਫੇਰ ਕਰਨ ਤੇ ਅਸਫਲਤਾਵਾਂ 'ਤੇ ਪਰਦਾ ਪਾਉਣ ਦੀ ਸਾਜ਼ਿਸ਼ ਵਿਚ ਭਾਈਵਾਲ ਹੋਣ ਦਾ ਦੋਸ਼ ਲਾਇਆ। ਅਕਾਲੀ ਦਲ ਨੇ ਆਪ ਦੇ ਪੰਜਾਬ ਕਨਵੀਨਰ ਨੂੰ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰ ਕੇ ਦਿੱਲੀ ਸਰਕਾਰ ਨੂੰ ਦਰੁਸਤੀ ਭਰੇ ਕਦਮ ਚੁੱਕਣ ਲਈ ਮਜਬੂਰ ਕਰਨ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖਿਆ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਕੋਰੋਨਾ ਪੀੜਤਾਂ ਤੇ ਇਸ ਨਾਲ ਮੌਤਾਂ ਬਾਰੇ ਅੰਕੜਿਆਂ ਬਾਰੇ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਨਾਲ ਹੋਈਆਂ ਮੌਤਾਂ ਦਾ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਅਤੇ ਦਿੱਲੀ ਸਰਕਾਰ ਦੇ ਸਰਕਾਰੀ ਅੰਕੜੇ ਇਸ ਮਾਮਲੇ ਵਿਚ ਮੇਲ ਨਹੀਂ ਖਾ ਰਹੇ। ਇਹ ਉਹ ਸਮਾਂ ਸੀ ਜਦੋਂ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਸਨ ਤੇ ਦਿੱਲੀ ਮਾਡਲ ਦੀ ਗੱਲ ਕਰ ਕੇ ਤੇ ਇਸ ਮਾਡਲ ਵੱਲੋਂ ਕੋਰੋਨਾ ਦੇ ਦਿੱਲੀ ਵਿਚ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿਚ ਸਫਲ ਰਹਿਣ ਦੀਆਂ ਗੱਲਾਂ ਕਰ ਕੇ ਕੇਜਰੀਵਾਲ ਦੀ ਅਸਿੱਧੇ ਤਰੀਕੇ ਮਦਦ ਕਰ ਰਹੇ ਸਨ। ਉਹਨਾਂ ਕਿਹਾ ਕਿ ਹੁਣ ਅਸੀਂ ਜਾਣਦੇ ਹਾਂ ਕਿ ਇਹ ਦਾਅਵੇ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਬੋਲੇ ਗਏ ਝੂਠ ਸਨ ਜਦਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਨਾਲ ਪਸ਼ੂਆਂ ਨਾਲ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿਹਤ ਸੰਭਾਲ ਮਾਡਲ ਦੀ ਮੀਡੀਆ ਤੇ ਆਮ ਲੋਕਾਂ ਵੱਲੋਂ ਅਸਲੀਅਤ ਬੇਨਕਾਬ ਕਰਨ ਦੇ ਬਾਵਜੂਦ ਮਾਨ ਹਾਲੇ ਵੀ ਕੇਜਰੀਵਾਲ ਦੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਲਈ ਬਲੀ ਦੇ ਕਬਰੇ ਲੱਭ ਰਹੇ ਹਨ।

ਡਾ. ਚੀਮਾ ਨੇ ਕਿਹਾ ਕਿ ਲਾਕ ਡਾਊਨ ਦਾ ਅਸਲ ਮਨੋਰਥ ਕੋਰੋਨਾ ਮਰੀਜ਼ਾਂ ਦੀ ਸੰਭਾਲ ਲਈ ਲੋੜੀਂਦਾ ਮੈਡੀਕਲ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਹਸਪਤਾਲਾਂ ਵਿਚ ਬੁਨਿਆਦੀ ਢਾਚੇ ਵਿਚ ਸੁਧਾਰ ਨਹੀਂ ਕੀਤਾ ਤੇ ਨਾ ਹੀ ਕੋਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ। ਉਹਨਾਂ ਕਿਹਾ ਕਿ ਹੁਣ ਇਹ ਪ੍ਰਾਈਵੇਟ ਹਸਪਤਾਲਾਂ ਵਿਚ ਬਲੀ ਦੇ ਬਕਰੇ ਲੱਭ ਰਹੀ ਹੈ ਭਾਵੇਂ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਵਾਪਸ ਭੇਜਣ ਜਾਂ ਉਹਨਾਂ ਤੋਂ ਵੱਧ ਫੀਸਾਂ ਵਸੂਲਣ ਲਈ ਦਿੱਲੀ ਸਰਕਾਰ ਹੀ ਜ਼ਿੰਮੇਵਾਰ ਹੈ।

ਅਕਾਲੀ ਦਲ ਆਗੂ ਨੇ ਭਗਵੰਤ ਮਾਨ ਨੂੰ ਇਹ ਵੀ ਆਖਿਆ ਕਿ ਉਹ ਇਹ ਵੀ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਦਿੱਲੀ ਸਰਕਾਰ ਵੱਲੋਂ ਦਿੱਲੀ ਵਿਚ ਬਾਹਰਲਿਆਂ ਦਾ ਇਲਾਜ ਨਾ ਕੀਤੇ ਜਾਣ ਦੇ ਜਾਰੀ ਕੀਤੇ ਹੁਕਮ ਦੀ ਨਿਖੇਧੀ ਕਿਉਂ ਨਹੀਂ ਕੀਤੀ ? ਉਹਨਾਂ ਕਿਹਾ ਕਿ ਇਹ ਕਦਮ ਪੰਜਾਬ ਵਿਰੋਧੀ ਸੀ ਤੇ ਦਿੱਲੀ ਵਿਚਲੇ ਪੰਜਾਬੀਆਂ ਨੂੰ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਜੇਕਰ ਉਪ ਰਾਜਪਾਲ ਇਸ ਫੈਸਲੇ ਨੂੰ ਨਾ ਪਲਟਦੇ। ਉਹਨਾਂ ਕਿਹਾ ਕਿ ਜਿਥੇ ਇਸ ਨਾਲ ਮਾਨ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ, ਉਥੇ ਹੀ ਇਹ ਵੀ ਸਾਬਤ ਹੋਇਆ ਹੈ ਕਿ ਉਹ ਦਿੱਲੀ ਦੀ ਆਪ ਲੀਡਰਸ਼ਿਪ ਦੇ ਹੱਥਾਂ ਵਿਚ ਕੇਵਲ ਕਠਪੁਤਲੀ ਹਨ।

ਡਾ. ਚੀਮਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਆਪ ਆਗੂਆਂ ਵਿਚ ਮਾੜੀ ਮੋਟੀ ਵੀ ਮਨੁੱਖਤਾ ਬਚੀ ਹੈ ਤਾਂ ਉਹਨਾਂ ਨੂੰ ਦਿੱਲੀ ਵਿਚ ਕੋਰੋਨਾ ਦੀ ਘੱਟ ਟੈਸਟਿੰਗ ਖਿਲਾਫ ਬੋਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਰੰਟ ਲਾਈਨ ਵਰਕਰਾਂ ਤੇ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਲੱਛਣਾਂ ਵਾਲੇ ਮਰੀਜ਼ਾਂ ਦੇ ਟੈਸਟ ਕੀਤੇ ਜਾਣ ਤੋਂ ਇਨਕਾਰ ਕੀਤਾ ਜਾ ਿਰਹਾ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਪੀੜਤਾਂ ਨੂੰ ਸਨਮਾਨਯੋਗ ਮੌਤ ਤੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਆਪ ਆਗੂਆਂ  ਵਿਚ ਜੇਕਰ ਕੋਈ ਜ਼ਮੀਰ ਬਚਿਆ ਹੈ ਤਾਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਆਖਣਾ ਚਾਹੀਦਾ ਹੈ ਕਿ ਉਹ ਆਪਣਾ ਪਬਲੀਸਿਟੀ ਬਜਟ ਘੱਟ ਕਰਨ ਤੇ ਇਹੀ ਪੈਸਾ ਸਿਹਤ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰਚ ਕਰਨ ਨਾ ਕਿ ਸਸਤੀ ਸ਼ੌਹਰਤ ਹਾਸਲ ਕਰਨ ਲਈ ਖਰਚ ਕਰਨ।
-PTCNews

  • Share