ਮੁੱਖ ਖਬਰਾਂ

ਚੰਨੀ ਨੇ ਟਾਈਟਲਰ ਦੀ ਉਚ ਤਾਕਤੀ ਕਮੇਟੀ ਵਿਚ ਨਿਯੁਕਤੀ ਲਈ ਸਹਿਮਤੀ ਕਿਉਂ ਦਿੱਤੀ : ਸ਼੍ਰੋਮਣੀ ਅਕਾਲੀ ਦਲ

By Shanker Badra -- October 30, 2021 5:34 pm

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਕਾਂਗਰਸ ਦੀ ਉਚ ਤਾਕਤੀ ਕਮੇਟੀ ਵਿਚ ਨਿਯੁਕਤੀ ਲਈ ਸਹਿਮਤੀ ਕਿਉਂ ਦਿੱਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਹ ਸਵਾਲ ਪੁੱਛਣ ਲਈ ਮਜਬੂਰ ਹੋਇਆ ਹੈ ਕਿਉਂਕਿ ਇਸ ਮਾਮਲੇ ਵਿਚ ਦੋਸ਼ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਲਗਾਏ ਹਨ।

ਉਹਨਾਂ ਕਿਹਾ ਕਿ ਜਾਖੜ ਨੇ ਸਪਸ਼ਟ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਤੇ ਸੀਨੀਅਰ ਕਾਂਗਰਸੀ ਆਗੂ ਅਬਿੰਕਾ ਸੋਨੀ, ਜੋ ਪੰਜਾਬ ਕਾਂਗਰਸ ਦੇ ਅਸਿੱਘੇ ਰੂਪ ਵਿਚ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ, ਆਪ ਰਾਹੁਲ ਗਾਂਧੀ ਸਮੇਤ ਪਾਰਟੀ ਹਾਈ ਕਮਾਂਡ ਨੂੰ ਸੂਬੇ ਨਾਲ ਸਬੰਧਤ ਸਾਰੇ ਮਾਮਲਿਆਂ ’ਤੇ ਸਲਾਹ ਦੇ ਰਹੇ ਹਨ।

ਡਾ. ਚੀਮਾ ਨੇ ਕਿਹਾ ਕਿ ਭਾਵੇਂ 1984 ਦੇ ਸਿੱਖ ਕਤਲੇਆਮ ਵਿਚ ਸੁਨੀਲ ਜਾਖੜ ਦੇ ਪਰਿਵਾਰ ਦੀ ਭੂਮਿਕਾ ਵੀ ਨਿੰਦਣਯੋਗ ਹੈ ਪਰ ਫਿਰ ਵੀ ਉਹਨਾਂ ਵੱਲੋਂ ਲਗਾਏ ਦੋਸ਼ਾਂ ਦਾ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਰਾਹੁਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਅਜਿਹੇ ਵਿਅਕਤੀ ਨੂੰ ਪ੍ਰਤੀਸ਼ਠਤ ਨਿਯੁਕਤੀ ਕਿਉਂ ਦਿੱਤੀ ਜਦੋਂ ਜਗਦੀਸ਼ ਟਾਈਟਲਰ ਦੇ ਹੱਥ ਖੂਨ ਨਾਲ ਰੰਗੇ ਹਨ।

ਡਾ. ਚੀਮਾ ਨੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰੇ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਹੈ। ਉਹਨਾਂ ਨੇ ਚੰਨੀ ਤੇ ਸੋਨੀ ਨੂੰ ਕਿਹਾ ਕਿ ਉਹ ਸਪਸ਼ਟ ਕਰਨ ਕਿ ਕੀ ਉਹਨਾਂ ਨੇ ਇਸ ਕਦਮ ਦੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਇਹ ਹੋਰ ਵੀ ਹੈਰਾਨੀਜਨਕ ਹੈ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਨਿਯੁਕਤੀ ’ਤੇ ਸਵਾਲ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਚੰਨੀ ਵਿਚ ਨੈਤਿਕ ਦਲੇਰੀ ਨਹੀਂ ਹੈ ਤੇ ਉਹ ਸਿੱਖ ਕੌਮ ਦੇ ਨਾਲ ਨਾਲ ਪੰਜਾਬੀਆਂ ਦੇ ਹਿੱਤ ਵੀ ਸਿਰਫ ਆਪਣੀ ਕੁਰਸੀ ਬਚਾਉਣ ਲਈ ਵੇਚਣ ਵਾਸਤੇ ਤਿਆਰ ਹਨ ਤੇ ਪੰਜਾਬੀ ਕਦੇ ਵੀ ਇਹ ਧੋਖਾ ਬਰਦਾਸ਼ਤ ਨਹੀਂ ਕਰਨਗੇ।
-PTCNews

  • Share