ਕੈਪਟਨ ਅਮਰਿੰਦਰ ਗੜੇਮਾਰੀ ਨਾਲ ਹੋਏ ਕਣਕ ਦੇ ਨੁਕਸਾਨ ਦੀ ਗਿਰਦਾਵਰੀ ਦਾ ਹੁਕਮ ਦੇਣ: ਸ਼੍ਰੋਮਣੀ ਅਕਾਲੀ ਦਲ

By Shanker Badra - April 07, 2020 7:04 pm

ਕੈਪਟਨ ਅਮਰਿੰਦਰ ਗੜੇਮਾਰੀ ਨਾਲ ਹੋਏ ਕਣਕ ਦੇ ਨੁਕਸਾਨ ਦੀ ਗਿਰਦਾਵਰੀ ਦਾ ਹੁਕਮ ਦੇਣ: ਸ਼੍ਰੋਮਣੀ ਅਕਾਲੀ ਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਸੂਬੇ ਦੇ ਮਾਝਾ ਅਤੇ ਦੁਆਬਾ ਖੇਤਰਾਂ ਵਿਚ ਦੋ ਦਿਨ ਪਹਿਲਾਂ ਹੋਈ ਗੜੇਮਾਰੀ ਕਰਕੇ ਨੁਕਸਾਨੀ ਗਈ ਕਣਕ ਦੀ ਫਸਲ ਦੀ ਤੁਰੰਤ ਗਿਰਦਾਵਰੀ ਦਾ ਹੁਕਮ ਦੇਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਵੱਖ -ਵੱਖ ਭਾਗਾਂ ਵਿਚੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਗੜੇਮਾਰੀ ਅਤੇ ਹਨੇਰੀ ਕਰਕੇ ਕਣਕ ਦੀ ਫਸਲ ਦਾ  ਭਾਰੀ ਨੁਕਸਾਨ ਹੋਇਆ ਹੈ।

ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਂਵਾਂ ਉੱਤੇ ਕਣਕ ਦੀ ਫਸਲ ਪੂਰੀ ਤਰ੍ਹਾਂ ਵਿਛ ਗਈ ਹੈ ਅਤੇ ਇਸ ਦੀ ਕੰਬਾਇਨ ਹਾਰਵੈਸਟਰਾਂ ਨਾਲ ਕਟਾਈ ਕਰਨੀ ਸੰਭਵ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਸ ਕਣਕ ਦੀ ਵਾਢੀ ਉੱਤੇ ਆਉਣ ਵਾਲੇ ਵਾਧੂ ਖਰਚੇ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਫਸਲ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਘੱਟ ਨੁਕਸਾਨੀ ਗਈ ਫਸਲ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ।

ਉਹਨਾਂ ਕਿਹਾ ਕਿ ਇਸ ਕੁਦਰਤੀ ਬਿਪਤਾ ਦੇ ਸਮੇਂ ਕਿਸਾਨਾਂ ਦੀ ਮਦਦ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਵਿਖਾਉਣੀ ਚਾਹੀਦੀ।ਅਕਾਲੀ ਆਗੂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਪਿਛਲੇ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਜਾਰੀ ਕਰੇ, ਜੋ ਕਿ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਹੈ। ਉਹਨਾਂ ਕਿਹਾ ਕਿ ਮੁਆਵਜ਼ਾ ਦੇਣ ਵਿਚ ਕੀਤੀ ਅਜਿਹੀ ਦੇਰੀ ਖੇਤੀ ਅਰਥ ਵਿਵਸਥਾ ਨੂੰ ਲੀਹੋਂ ਲਾਹ ਦੇਵੇਗੀ।
-PTCNews

adv-img
adv-img