ਮੁੱਖ ਖਬਰਾਂ

ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ

By Shanker Badra -- June 23, 2020 7:06 pm -- Updated:Feb 15, 2021

ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ'ਚ ਸ਼ਾਮਿਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਫੈਸਲਾ ਕੀਤਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਣਗੇ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਆਖਣਗੇ ਕਿ ਨਜਾਇਜ਼ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਤੋਂ ਇਲਾਵਾ ਸੂਬੇ ਨੂੰ ਦਰਪੇਸ਼ ਹੋਰ ਚਲੰਤ ਮਾਮਲਿਆਂ 'ਤੇ ਚਰਚਾ ਲਈ ਇਕ ਹੋਰ ਮੀਟਿੰਗ ਵੀ ਸੱਦੀ ਜਾਵੇ। ਇਹ ਫੈਸਲਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਵਿਚ ਲਿਆ ਗਿਆ ,ਜਿਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ।

ਅਕਾਲੀ ਦਲ-ਭਾਜਪਾ ਤਾਲਮੇਲ ਕਮੇਟੀ ਨੇ ਇਹ ਵੀ ਨੋਟਿਸ ਲਿਆ ਕਿ ਨਜਾਇਜ਼ ਡਿਸਟੀਲਰੀਆਂ ਤੇ ਬੋਟਲਿੰਗ ਪਲਾਂਟਾਂ ਕਾਰਨ ਅਤੇ ਡਿਸਟੀਲਰੀਆਂ ਤੋਂ ਨਜਾਇਜ਼ ਸ਼ਰਾਬ ਨਿਕਲਣ ਕਾਰਨ ਸੂਬੇ ਦੇ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਵੀ ਕਿਹਾ ਕਿ ਬੀਜ ਘੁਟਾਲੇ ਜਿਸ ਵਿਚ ਪੀ ਆਰ 128 ਅਤੇ ਪੀ ਆਰ 129 ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜਾਂ ਦੀ ਵਿਕਰੀ ਕਾਰਨ ਸੂਬੇ ਦੇ ਕਿਸਾਨਾਂ ਨੂੰ 4000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਵੀ ਕਿਹਾ ਕਿ ਲਾਕ ਡਾਊਨ ਦੌਰਾਨ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਸਰਕਾਰ ਵੱਲੋਂ ਕਾਂਗਰਸੀ ਆਗੂਆਂ ਕੋਲ ਭੇਜਣ ਕਾਰਨ ਵੀ ਨੁਕਸਾਨ ਹੋਇਆ ਹੈ। ਕਮੇਟੀ ਨੇ ਕਿਹਾ ਕਿ  ਇਹਨਾਂ ਤਿੰਨਾਂ ਘੁਟਾਲਿਆਂ ਕਾਰਨ ਸੂਬਾ ਸਰਕਾਰ ਦੇ ਨਾਲ ਨਾਲ ਕਿਸਾਨਾਂ ਤੇ ਗਰੀਬਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਹੋਰ ਸਰਬ ਪਾਰਟੀ ਮੀਟਿੰਗ ਅਗਲੇ ਹਫਤੇ ਸੱਦੀ ਜਾਣੀ ਚਾਹੀਦੀ ਹੈ।

SAD-BJP to participate in All Party meeting by the Chief Minister ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ

ਇਸ ਮੌਕੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਸ਼ਵਨੀ ਸ਼ਰਮਾ ਨੇ ਇਹ ਵੀ ਮੰਗ ਕੀਤੀ ਕਿ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕਾਂ ਦੇ 383 ਕਰੋੜ ਰੁਪਏ ਦੇ ਬਕਾਏ ਸਮੇਤ ਕਿਸਾਨਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਵੀ ਸਰਬ ਪਾਰਟੀ ਮੀਟਿੰਗ ਵਿਚ ਵਿਚਾਰੀਆਂ ਜਾਣ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂਆਂ ਦੇ ਜ਼ੋਰ ਦੇਣ 'ਤੇ ਨੀਲੇ ਕਾਰਡ ਕੱਟੇ ਜਾਣ ਦੇ ਕਾਰਨਾਂ ਦੇ ਨਾਲ ਨਾਲ ਅਤੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਤੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੀਆਂ ਸਕਾਲਰਸ਼ਿਪ ਵੀ ਤੁਰੰਤ ਜਾਰੀ ਕਰਨ ਦੀ ਲੋੜ 'ਤੇ ਵੀ ਅਗਲੀ ਸਰਬ ਪਾਰਟੀ ਮੀਟਿੰਗ ਵਿਚ ਚਰਚਾ ਕੀਤੀ ਜਾਵੇ। ਇਸ ਮੌਕੇ ਅਕਾਲੀ ਦਲ-ਭਾਜਪਾ ਤਾਲਮੇਲ ਕਮੇਟੀ ਮੈਂਬਰਾਂ ਵੱਲੋਂ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਨਾਲ ਖੂਨੀ ਝੜਪ ਵਿਚ ਸ਼ਹੀਦ ਹੋਏ  20 ਭਾਰਤੀ ਸੈਨਿਕਾਂ, ਜਿਹਨਾਂ ਵਿਚ ਚਾਰ ਪੰਜਾਬ ਦੇ ਵੀ ਸ਼ਾਮਲ ਸਨ, ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

SAD-BJP to participate in All Party meeting by the Chief Minister ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ

ਇਸ ਮੀਟਿੰਗ ਵਿਚ  ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,ਜਕੇਦਾਰ ਤੋਤਾ ਸਿੰਘ, ਡਾ. ਚਰਨਜੀਤ ਸਿੰਘ ਅਟਵਾਲ, ,ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸ੍ਰੀ ਸਿਕੰਦਰ ਸਿੰਘ ਮਲੁਕਾ, ਸ੍ਰੀ ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਹੀਰਾ ਸਿੰਘ ਗਾਬੜੀਆ, ਸ੍ਰੀ ਸੁਰਜੀਤ ਸਿੰਘ ਰੱਖੜਾ,ਸ੍ਰੀ ਅਵਤਾਰ ਸਿੰਘ ਹਿੱਤ,ਸ੍ਰੀ ਬਲਦੇਵ ਸਿੰਘ ਮਾਨ, ਸ੍ਰੀ ਜਗਮੀਤ ਸਿੰਘ ਬਰਾੜ ਅਤੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਜਦਕਿ ਭਾਜਪਾ ਵੱਲੋਂ ਸ੍ਰੀ ਮਦਨ ਮੋਹਣ ਮਿੱਤਲ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਤੀਕਸ਼ਣ ਸੂਦ,  ਸ੍ਰੀ ਜੀਵਨ ਗੁਪਤਾ, ਸ੍ਰੀ ਸੁਭਾਸ਼ ਸ਼ਰਮਾ ਅਤੇ ਸ੍ਰੀ ਮਲਵਿੰਦਰ ਸਿੰਘ ਕੰਗ ਹਾਜ਼ਰ ਸਨ।
-PTCNews