ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਫਸਲੀ ਨੁਕਸਾਨ ਲਈ 35 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਕਿਹਾ

By Shanker Badra -- September 27, 2018 9:16 pm

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਫਸਲੀ ਨੁਕਸਾਨ ਲਈ 35 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਕਿਹਾ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ 2017 ਵਿਚ ਹੜ੍ਹਾਂ ਨਾਲ ਨੁਕਸਾਨੀਆਂ ਫਸਲਾਂ ਦੇ ਬਕਾਇਆ ਪਏ ਮੁਆਵਜ਼ੇ ਨੂੰ ਤੁਰੰਤ ਜਾਰੀ ਕਰਨ ਅਤੇ ਨਾਲ ਹੀ ਤਾਜ਼ਾ ਮੀਹਾਂ ਨਾਲ ਹੋਏ ਫਸਲੀ ਨੁਕਸਾਨ ਲਈ 35 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਮੁਆਵਜ਼ੇ ਨੂੰ ਪਿਛਲੇ ਸਾਲ ਵਾਂਗ ਲਟਕਾਉਣ ਦੀ ਥਾਂ ਇੱਕ ਸੀਮਾਬੱਧ ਸਮੇਂ ਅੰਦਰ ਜਾਰੀ ਕੀਤਾ ਜਾਵੇ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਾਲ ਹੀ ਵਿਚ ਪਏ ਭਾਰੀ ਮੀਹਾਂ ਦੌਰਾਨ ਲਗਾਤਾਰ ਦੂਜੀ ਵਾਰ ਬਰਬਾਦ ਹੋਈਆਂ ਫਸਲਾਂ ਨੇ ਸਰਕਾਰ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਹੈ ਕਿ ਇਸ ਨੇ 2017 ਵਿਚ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਅਜੇ ਤੀਕ ਨਹੀਂ ਦਿੱਤਾ ਹੈ।

ਉਹਨਾਂ ਕਿਹਾ ਕਿ ਇਸ ਤੋਂ ਸਰਕਾਰ ਦੇ ਅੰਨਦਾਤਾ ਪ੍ਰਤੀ ਅਣਗਹਿਲੀ ਭਰੇ ਅਤੇ ਕਠੋਰ ਵਤੀਰੇ ਦਾ ਪਤਾ ਚੱਲਦਾ ਹੈ।ਇਹ ਟਿੱਪਣੀ ਕਰਦਿਆਂ ਕਿ ਇਹ ਗੱਲ ਸੰਭਵ ਨਹੀਂ ਹੈ ਕਿ ਡਿਪਟੀ ਕਮਿਸ਼ਨਰਾਂ ਨੇ ਕਿਸਾਨਾਂ ਦਾ ਮੁਆਵਜ਼ਾ ਆਪਣੇ ਕੋਲ ਰੋਕ ਰੱਖਿਆ ਹੋਵੇ, ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਬਕਾਏ ਲੈਣ ਲਈ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ।ਉਹਨਾਂ ਕਿਹਾ ਕਿ ਜੇਕਰ ਬਕਾਏ ਦੇਣ ਦੀ ਮੌਜੂਦਾ ਰਫਤਾਰ ਮੁਤਾਬਿਕ ਸੋਚਿਆ ਜਾਵੇ ਤਾਂ 2018 ਵਿਚ ਨੁਕਸਾਨੀਆਂ ਫਸਲਾਂ ਲਈ ਮੁਆਵਜ਼ਾ 2020 ਵਿਚ ਜਾ ਕੇ ਮਿਲੇਗਾ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ 1000 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਨਾ ਮਿਲਣ ਕਰਕੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਕਾਲੀ ਆਗੂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਲਈ 35 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ।ਉਹਨਾਂ ਕਿਹਾ ਕਿ ਇੱਥੋਂ ਤਕ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਫਸਲਾਂ ਦੇ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ,ਨਾ ਕਿ 12 ਹਜ਼ਾਰ ਰੁਪਏ ਪ੍ਰਤੀ ਏਕੜ ਦਾ,ਜਿਸ ਤਰ੍ਹਾਂ ਕਿ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੁੰ ਦੱਸਣਾ ਚਾਹੀਦਾ ਹੈ ਕਿ ਇਹ ਫਸਲੀ ਮੁਆਵਜ਼ੇ ਸੰਬੰਧੀ ਲਿਖ਼ਤੀ ਰੂਪ ਵਿਚ ਕੀਤੇ ਵਾਅਦੇ ਤੋਂ ਕਿਉਂ ਮੁੱਕਰ ਰਹੀ ਹੈ।ਇਸ ਮੁਆਵਜ਼ੇ ਨੂੰ ਤੁਰੰਤ ਵਧਾਇਆ ਜਾਣਾ ਚਾਹੀਦਾ ਹੈ,ਕਿਉਂਕਿ ਕਿਸਾਨ ਇੱਕ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਹੇ ਹਨ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਹੀ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਹੋ ਚੁੱਕੀ ਹੈ।ਹੁਣ ਫਿਰ ਇਹ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਮੁਆਵਜ਼ਾ ਦੇਣ ਦੇ ਵਾਅਦੇ ਤੋਂ ਮੁਕਰ ਗਈ ਹੈ।ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਾਰੇ ਚੋਣ ਵਾਅਦੇ ਅਤੇ ਘਰ ਘਰ ਨੌਕਰੀ ਵਰਗੇ ਬਾਕੀ ਵਾਅਦੇ ਵੀ ਸਿਰਫ ਅਸੰਬਲੀ ਚੋਣਾਂ ਜਿੱਤਣ ਵਾਸਤੇ ਲੋਕਾਂ ਨੂੰ ਧੋਖਾ ਦੇਣ ਲਈ ਕੀਤੇ ਗਏ ਸਨ, ਕਾਂਗਰਸ ਦੀ ਇਹਨਾਂ ਨੂੰ ਪੂਰੇ ਕਰਨ ਦੀ ਕਦੇ ਵੀ ਨੀਅਤ ਨਹੀਂ ਸੀ।
-PTCNews

  • Share