Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰੋਗਰਾਮਾਂ ਦੀ ਡਟਵੀਂ ਹਮਾਇਤ ਕਰੇਗਾ : ਸੁਖਬੀਰ ਸਿੰਘ ਬਾਦਲ

Written by  Shanker Badra -- August 31st 2021 08:54 PM
ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰੋਗਰਾਮਾਂ ਦੀ ਡਟਵੀਂ ਹਮਾਇਤ ਕਰੇਗਾ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰੋਗਰਾਮਾਂ ਦੀ ਡਟਵੀਂ ਹਮਾਇਤ ਕਰੇਗਾ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਹਮਾਇਤੀ ਸਿਆਸੀ ਪਾਰਟੀਆਂ ਦੀਆਂ ਸ਼ਾਂਤੀਪੂਰਨ ਲੋਕਤੰਤਰੀ ਗਤੀਵਿਧੀਆਂ ਨੂੰ ਸਾਬੋਤਾਜ਼ ਕਰਨ ਲਈ ਵਿਘਨ ਪਾਉਣ ਵਾਲੇ ਤਾਕਤਾਂ ਦੀਆਂ ਕੋਸ਼ਿਸ਼ਾਂ ਅਤੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਖਿਲਾਫ ਜਾਰੀ ਕੀਤੇ ਸਪਸ਼ਟ ਬਿਆਨ ਦਾ ਖੁੱਲ੍ਹ ਦਿਲੀ ਨਾਲ ਸਵਾਗਤ ਕੀਤਾ। ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਕਿਸਾਨ ਜਥੇਬੰਦੀਆਂ ਦੇ ਬਿਆਨਾਂ ਨੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਬੇਨਕਾਬ ਕਰ ਦਿੱਤਾ ਹੈ ਜੋ ਕਿਸਾਨਾਂ ਦਾ ਭੇਸ ਧਾਰ ਕੇ ਕੇਂਦਰ ਸਰਕਾਰ ਦੀ ਹਮਾਇਤ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਹਮਾਇਤ ਨਾਲ ਕੰਮ ਕਰ ਰਹੇ ਹਨ। ਕਮੇਟੀ ਨੇ ਕਿਹਾ ਕਿ ਪੰਜਾਬ ਪੁਲਿਸ ਸਿਰਫ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਮਦਦ ਕਰ ਰਹੀ ਹੈ। ਮੀਟਿੰਗ ਵਿਚ ਕਿਹਾ ਗਿਆ ਕਿ ਇਹ ਸ਼ਰਾਰਤੀ ਅਨਸਰ ਫਿਰ ਤੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੇ ਹਨ ਅਤੇ ਇਹ ਲੋਕਾਂ ਰਿ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਲੋਕਾਂ ਦੀ ਗੈਰ ਪ੍ਰਤੀਨਿਧ ਵਿਵਸਥਾ ਮੜ੍ਹਨਾ ਚਾਹੁੰਦੇ ਹਨ। ਕਮੇਟੀ ਨੇ ਕਿਹਾ ਕਿ ਇਹਨਾਂ ਅਨਸਰਾਂ ਦਾ ਮਕਸਦ ਕਿਸਾਨ ਆਗੂਆਂ ਦੇ ਬਿਆਨਾਂ ਨਾਲ ਬੇਨਕਾਬ ਹੋ ਗਿਆ ਹੈ। ਇਹ ਲੋਕ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੁੰ ਬਚਾਉਣ ਲਈ ਕੀਤੀਆਂ ਕੁਰਬਾਨੀਆਂ ਨਾਲ ਮਿਲੇ ਲਾਭ ਨੂੰ ਤਬਾਹ ਕਰਨਾ ਚਾਹੁੰਦੇ ਹਨ। ਕੋਰ ਕਮੇਟੀ ਨੇ ਇਹ ਵੀ ਕਿਹਾ ਕਿ ਇਹ ਸ਼ਰਾਰਤੀ ਅਨਸਰ ਜੋ ਕਿਸਾਨ ਬਣ ਕੇ ਸਾਹਮਣੇ ਆਏ ਹਨ, ਅਸਲ ਵਿਚ ਕੁਝ ਏਜੰਸੀਆਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ ਤੇ ਇਹਨਾਂ ਦਾ ਮਕਸਦ ਸਾਡੀ ਸ਼ਾਂਤੀਪੂਰਨ, ਪੰਜਾਬ ਪੱਖੀ ਤੇ ਕਿਸਾਨ ਪੱਖੀ ਸਿਆਸੀ ਗਤੀਵਿਧੀ ਵਿਚ ਵਿਘਨ ਪਾਉਣਾ ਹੈ। ਉਹਨਾਂ ਕਿਹਾ ਕਿ ਇਹ ਲੋਕ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਨੁੰ ਢਹਿ ਢੇਰੀ ਕਰ ਕੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਤੇ ਇਸਦਾ ਦੋਸ਼ ਕਿਸਾਨ ਸਿਰ ਮੜ੍ਹਨਾ ਚਾਹੁੰਦੇ ਹਨ ਜਿਸਦਾ ਮਕਸਦ ਕਿਸਾਨ ਅੰਦੋਲਨ ਨੁੰ ਕਮਜ਼ੋਰ ਕਰਨਾ ਹੈ। ਕੋਰ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਉਹਨਾਂ ਸਪਸ਼ਟ ਬਿਆਨਾ ਦੀ ਸ਼ਲਾਘਾ ਕੀਤੀ ਕਿ ਜਿਹੜੇ ਕਿਸਾਨਾਂ ਨਾਲ ਖੜ੍ਹੇ ਹਨ, ਉਹਨਾਂ ਖਿਲਾਫ ਕੁਝ ਨਾ ਕੀਤਾ ਜਾਵੇ ਤੇ ਸਿਰਫ ਭਾਜਪਾ ਦਾ ਵਿਰੋਧ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਸੰਸਦ ਵਿਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਵੋਟਾਂ ਪਾਈਆਂ ਬਲਕਿ ਕੇਂਦਰੀ ਮੰਤਰੀ ਮੰਡਲ ਵੀ ਛੱਡ ਦਿੱਤਾ ਤੇ ਭਾਜਪਾ ਨਾਲ ਚਿਰਾਂ ਤੋਂ ਪਾਈ ਭਾਈਵਾਲੀ ਵੀ ਖਤਮ ਕਰ ਦਿੱਤੀ ਤੇ ਤਿੰਨ ਕਾਲੇ ਕਾਨੂੰਨਾਂਖਿਲਾਫ ਰੋਸ ਪ੍ਰਗਟਾਇਆ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸਰਦਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਪਾਰਟੀ ਨੇ 100 ਦਿਨ 100 ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਪੰਜਾਬ ਦੀ ਮੁੂਹਿੰਮ ਨੁੰ ਭਰਵਾਂ ਹੁੰਗਰਾ ਦੇਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਮੁਹਿੰਮ ਤੈਅ ਪ੍ਰੋਗਰਾਮ ਅਨੁਸਾਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਬਿਆਨਾਂ ਦੀ ਮਹੱਤਤਾ ਇਸ ਕਰ ਕੇ ਵੀ ਵੱਧ ਜਾਂਦੀ ਹੈ ਕਿਉਂਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪਾਰਟੀ ਹੈ, ਜਿਸਨੇ ਸੂਬੇ ਭਰ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 100 ਦਿਨ 100 ਹਲਕੇ ਮੁਹਿੰਮ ਤਹਿਤ ਲੋਕਾਂ ਨਾਲ ਰਾਬਤੇ ਦੀ ਮੁਹਿੰਮ ਵਿੱਢੀ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਿਸੇ ਵੀ ਪ੍ਰੋਗਰਾਮ ਨਾਲ ਡੱਟ ਕੇ ਖੜ੍ਹੀ ਹੋਵੇਗੀ। ਪਾਰਟੀ ਨੇ ਕਿਹਾ ਕਿ ਅਸੀਂ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਮੰਗ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਇਹਨਾਂ ਖਿਲਾਫ ਲਹਿਰ ਨੁੰ ਪੂਰਨ ਹਮਾਇਤ ਜਾਰੀ ਰੱਖਾਂਗੇ। ਇਕ ਹੋਰ ਮਤੇ ਵਿਚ ਕੋਰ ਕਮੇਟੀ ਨੇ ਖਾਲਸਾ ਪੰਥ, ਦਿੱਲੀ ਸਿੱਖ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਦਿੱਲੀ ਕਮੇਟੀ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਈ। ਪਾਰਟੀ ਨੇ ਵਿਸ਼ੇਸ਼ ਤੌਰ ’ਤੇ ਪਾਰਟੀ ਪ੍ਰਧਾਨ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕੀਤਾ ਜਿਹਨਾਂ ਨੇ ਖਾਲਸਾ ਪੰਥ ਦੇ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਅਣਥੱਕ ਮਿਹਨਤ ਨਾਲ ਖਾਸ ਤੌਰ ’ਤੇ ਕੋਰੋਨ ਸੰਕਟ ਵੇਲੇ ਅਤੇ ਅਫਗਾਨ ਸੰਕਟ ਵੇਲੇ ਮਨੁੱਖਤਾ ਦੀ ਸੇਵਾ ਕੀਤੀ । ਕੋਰ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਦੀ ਮੌਜੂਦਾ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖਿਲਾਫ ਲਹਿਰ ਦੀ ਸ਼ੁਰੂ ਤੋਂ ਡਟਵੀਂ ਹਮਾਇਤ ਕਰਦੀ ਆਈ ਹੈ। ਅਸੀਂ ਦੇਸ਼ ਦੀ ਇਕਲੌਤੀ ਪਾਰਟੀ ਹਾਂ ਜਿਸਨੇ ਸੰਸਦ ਵਿਚ ਇਹਨਾਂ ਬਿੱਲਾਂ ਖਿਲਾਫ ਵੋਟਾਂ ਪਾਈਆਂ ਤੇ ਵਾਕ ਆਊਟ ਵਰਗੀਆਂ ਚਾਲਾਂ ਨਹੀਂ ਚੱਲੀਆਂ ਜਿਹਨਾਂ ਨਾਲ ਇਹਨਾਂ ਬਿੱਲਾਂ ਦੇ ਮਾਮਲੇ ਵਿਚ ਸਰਕਾਰ ਨੂੰ ਮਦਦ ਮਿਲੀ ਕਿਉਂਕਿ ਉਹ ਸਮਾਂ ਸੀ ਕਿ ਅਸੀਂ ਸਰਕਾਰ ਖਿਲਾਫ ਡਟਕੇ। ਮਤੇ ਵਿਚ ਹੋਰ ਕਿਹਾ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮਾਮਲੇ ਵਿਚ ਕਿਸਾਨਾਂ ਦੀਆਂ ਮੰਗਾਂ ਨਾ ਸੁਣਨ ਖਿਲਾਫ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਇਸੇ ਤਰੀਕੇ ਇਸ ਮਾਮਲੇ ’ਤੇ ਅਕਾਲੀ ਦਲ ਨੇ ਐਨ ਡੀ ਏ ਨਾਲ ਆਪਣੀ ਪੁਰਾਣੀ ਭਾਈਵਾਲੀ ਵੀ ਭੰਗ ਕਰ ਦਿੱਤੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਜਗਮੀਤ ਸਿੰਘ ਬਰਾੜ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ, ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਵੀ ਸ਼ਮੂਲੀਅਤ ਵੀ ਕੀਤੀ। -PTCNews


Top News view more...

Latest News view more...