ਸੀ.ਏ.ਏ ਤੇ ਐਨ.ਆਰ.ਸੀ ਦੀ ਹਮਾਇਤ ਨਾਲੋਂ ਦਿੱਲੀ ਚੋਣਾਂ ਤੋਂ ਦੂਰ ਰਹਿਣਾ ਮਨਜ਼ੂਰ : ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ

Delhi Assembly Elections 2020 , Shiromani Akali Dal not to contest election

ਸੀ.ਏ.ਏ ਤੇ ਐਨ.ਆਰ.ਸੀ ਦੀ ਹਮਾਇਤ ਨਾਲੋਂ ਦਿੱਲੀ ਚੋਣਾਂ ਤੋਂ ਦੂਰ ਰਹਿਣਾ ਮਨਜ਼ੂਰ : ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ

ਅਕਾਲੀ ਦਲ ਵੱਲੋਂ ਘੱਟ ਗਿਣਤੀਆਂ ਦੇ ਹਿੱਤਾਂ ‘ਤੇ ਸਮਝੌਤਾ ਕਰਨ ਤੋਂ ਨਾਂਹ

ਸੀ ਏ ਏ ‘ਚ ਮੁਸਲਿਮਾਂ ਨੂੰ ਸ਼ਾਮਲ ਕਰਨ ਦੀ ਮੰਗ ਦੁਹਰਾਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਘੱਟ ਗਿਣਤੀਆਂ ਦੇ ਹਿਤਾਂ ਨਾਲ ਸਮਝੌਤਾ ਕਰਨ ਜਾਂ ਫਿਰ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਧਰਮ ਨਿਰਪੱਖ ਸਿਧਾਂਤਾਂ ‘ਤੇ ਸਮਝੌਤਾ ਕਰਨ ਦੀ ਥਾਂ ਦਿੱਲੀ ਵਿਚ ਚੋਣਾਂ ਨਾ ਲੜਨ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਇਸ ਅਨੁਸਾਰ ਹੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਪ੍ਰਕਿਰਿਆ ਤੋਂ ਪਾਸੇ ਰਹੇਗਾ ਅਤੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਮੁਲਕ ਹੈ ਜਿਸਦਾ ਵਿਰਸਾ ਅਮੀਰ ਧਾਰਮਿਕ, ਸਭਿਆਚਾਰਕ, ਭਾਈਸ਼ਾਈ ਤੇ ਨਸਲੀ ਵਿਭਿੰਨਤਾ ਨਾਲ ਅਮੀਰ ਹੈ। ਇਹੀ ਵਿਭਿੰਨਤਾ ਸਾਡੀ ਏਕਤਾ ਦੀ ਮਜ਼ਬੂਤੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਿਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਗੰਭੀਰ ਮਤਭੇਦ ਹਨ ਅਤੇ ਅਕਾਲੀ ਦਲ ਚਾਹੁੰਦਾ ਹੈ ਕਿ ਐਕਟ ਵਿਚ ਮੁਸਲਮਾਨਾਂ ਨੂੰ ਵੀ ਸਾਮਲ ਕੀਤਾ ਜਾਵੇ ਅਤੇ ਐਨ ਆਰ ਸੀ ਬਾਰੇ ਅਕਾਲੀ ਦਲ ਦਾ ਮੰਨਣਾ ਹੈ ਕਿ ਇਹ ਇਸਦਾ ਵਿਰੋਧੀ ਹੈ ਤੇ ਕਦੇ ਵੀ ਇਸਦੀ ਹਮਾਇਤ ਨਹੀਂ ਕਰ ਸਕਦਾ।

ਅਕਾਲੀ ਦਲ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ‘ਤੇ ਬਹਿਸ ਦੌਰਾਨ ਹੀ ਇਹ ਮਤਭੇਦ ਸੰਸਦ ਵਿਚ ਸਾਹਮਣੇ ਆਏ ਸਨ ਜਦੋਂ ਨਾਗਰਿਕਤਾ ਸੋਧ ਬਿੱਲ 2019 ‘ਤੇ ਚਰਚਾ ਹੋਈ ਸੀ। ਇਸ ਚਰਚਾ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਸੀ ਕਿ ਉਹ ਘੱਟ ਗਿਣਤੀਆਂ ਦੇ ਨਾਲ ਹਨ ਅਤੇ ‘ਸਰਬੱਤ ਦਾ ਭਲਾ’ ਦੇ ਸਿਧਾਂਤ ਅਨੁਸਾਰ ਧਰਮ ਨਿਰਪੱਖਤਾ ਦੇ ਹਾਮੀ ਹਨ। ਇਹੀ ਸਟੈਂਡ ਰਾਜ ਸਭਾ ਵਿਚ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਦੁਹਰਾਇਆ ਅਤੇ ਇਸ ਸਟੈਂਡ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।

ਹੋਰ ਪੜ੍ਹੋ: ਗੈਂਗਸਟਰਾਂ ਦੀ ਪੁਸ਼ਤਪਨਾਹੀ ਲਈ ਜਾਂਚੇ ਜਾ ਰਹੇ ਕਾਂਗਰਸੀ ਆਗੂਆਂ ਦੀ ਸੂਚੀ ਵਿਚ ਮੁੱਖ ਮੰਤਰੀ ਕੈਪਟਨ ਆਪਣਾ ਨਾਂ ਵੀ ਜੋੜ ਲਵੇ : ਸੁਖਬੀਰ ਬਾਦਲ

ਉਹਨਾਂ ਕਿਹਾ ਕਿ ਅਸੀਂ ਸਪਸ਼ਟ ਹਾਂ ਕਿ ਸਿੱਖ, ਹਿੰਦੂ, ਇਸਾਈ, ਜੈਨ, ਪਾਰਸੀ ਤੇ ਬੁੱਧ ਸਮੇਤ ਸਾਰੀਆਂ ਘੱਟ ਗਿਣਤੀਆਂ ਜੋ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਹਨ, ਦੀ ਰਾਖੀ ਕਰਨਾ ਸਾਡੇ ਮਹਾਨ ਮੁਲਕ ਦਾ ਫਰਜ਼ ਹੈ। ਉਹਨਾਂ ਕਿਹ ਕਿ ਸੀ ਏ ਏ ਦੀ ਪ੍ਰਕਿਰਿਆ ਵਿਚੋਂ ਮੁਸਲਿਮ ਲਾਂਭੇ ਨਹੀਂ ਕੀਤੇ ਜਾਣੇ ਚਾਹੀਦੇ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਜੋ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਨੁਸਾਰ ਹਨ, ਦੀ ਕੁਰਬਾਨੀ ਨਹੀਂ ਦੇ ਸਕਦਾ।

ਉਹਨਾਂ ਕਿਹਾ ਕਿ ਆਮ ਤੌਰ ‘ਤੇ ਘੱਟ ਗਿਣਤੀਆਂ ਅਤੇ ਖਾਸ ਤੌਰ ‘ਤੇ ਖਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਦ ਨਾਅਤੇ ਸ਼੍ਰੋਮਣੀ ਅਕਾਲੀ ਦਲ ਸਾਡੇ ਗੁਰੂ ਸਾਹਿਬਾਨ ਵੱਲੋਂ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੇ ਬਰਾਬਰੀ ਦੇ ਸੰਦੇਸ਼ ਦੀ ਪਾਲਣਾ ਕਰਦਾ ਹੈ ਜੋ ਕਿ ਸਾਡੀ ਰੋਜ਼ਾਨ ਅਰਦਾਸ ਵਿਚ ਵੀ ਦਰਸਾਇਆ ਗਿਆ ਹੈ।

ਉਹਨਾਂ ਕਿਹਾ ਕਿ ਭਾਜਪਾ ਨਾਲ ਕਈ ਦੌਰ ਦੀਆਂ ਮੀਟਿੰਗਾਂ ਦੌਰਾਨ ਭਾਜਪਾ ਆਗੂ ਵਾਰ ਵਾਰ ਇਹ ਦਬਾਅ ਬਣਾਉਂਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਸੀ ਏ ਏ ਬਾਰੇ ਆਪਣੇ ਸਟੈਂਡ ਨੂੰ ਵਾਪਸ ਲਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਦੱਸ ਦਿੱਤਾ ਸੀ ਕਿ ਇਸ ਸਟੈਂਡ ਬਾਰੇ ਸਮਝੌਤਾ ਨਹੀਂ ਹੋ ਸਕਦਾ ਅਤੇ ਜੋ ਕੁਝ ਵੀ ਪਾਰਟੀ ਨੇ ਲੋਕ ਸਭਾ ਅਤੇ ਰਾਜ ਸਭਾ ਅਤੇ ਫਿਰ ਪੰਜਾਬ ਵਿਧਾਨ ਸਭਾ ਵਿਚ ਕਿਹਾ, ਉਸਦੇ ਹਰ ਇਕ ਸ਼ਬਦ ‘ਤੇ ਪਾਰਟੀ ਪੂਰਾ ਪਹਿਰਾ ਦੇਵੇਗੀ।

ਉਹਨਾ ਕਿਹਾ ਕਿ ਹਿੰਦੂ, ਸਿੱਖ, ਇਸਾਈ, ਬੁੱਧ, ਜੈਨ ਤੇ ਪਾਰਸੀਆਂ ਦੇ ਨਾਲ ਮੁਸਲਿਮ ਭਾਈਚਾਰਾ ਵੀ ਐਕਟ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੀਆਂ ਮੀਟਿੰਗਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਐਨ ਆਰ ਸੀ ਬਾਰੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਭਾਰਤ ਦੇ ਨਾਗਰਿਕਾਂ ਨੂੰ ਲਾਈਨਾਂ ਵਿਚ ਖੜੇ ਹੋ ਕੇ ਆਪਣੇ ਤੇ ਆਪਣੇ ਪੁਰਖਾਂ ਦੇ ਸਬੂਤ ਦੇਣ।

ਉਹਨਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ ਹੈ ਅਤੇ ਕੌਮੀ ਲੋਕਤੰਤਰੀ ਗਠਜੋੜ ਵਿਚ ਸਭ ਤੋਂ ਸਨਮਾਨਯੋਗ ਭਾਈਵਾਲ ਹੈ ਪਰ ਅਸੀਂ ਕਦੇ ਵੀ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਤੇ ਪਾਰਟੀ ਦੀ ਕੋਰ ਵਿਚਾਰਧਾਰਾ ਤੋਂ ਪਾਸੇ ਨਹੀਂ ਹੋ ਸਕਦੇ।

-PTC News