ਸ਼੍ਰੋਮਣੀ ਅਕਾਲੀ ਦਲ ਨੇ ਬੀਜ ਘੁਟਾਲੇ ‘ਚ ਕਿਸਾਨਾਂ ਦੇ 4000 ਕਰੋੜ ਰੁਪਏ ਦੇ ਨੁਕਸਾਨ ਦਾ ਮੰਗਿਆ ਮੁਆਵਜ਼ਾ

SAD demands compensation for farmers in Seed scam, pegs loss at Rs 4,000 crore
ਸ਼੍ਰੋਮਣੀ ਅਕਾਲੀ ਦਲ ਨੇ ਬੀਜ ਘੁਟਾਲੇ 'ਚ ਕਿਸਾਨਾਂ ਦੇ 4000 ਕਰੋੜ ਰੁਪਏ ਦੇ ਨੁਕਸਾਨ ਦਾ ਮੰਗਿਆਮੁਆਵਜ਼ਾ 

ਸ਼੍ਰੋਮਣੀ ਅਕਾਲੀ ਦਲ ਨੇ ਬੀਜ ਘੁਟਾਲੇ ‘ਚ ਕਿਸਾਨਾਂ ਦੇ 4000 ਕਰੋੜ ਰੁਪਏ ਦੇ ਨੁਕਸਾਨ ਦਾ ਮੰਗਿਆ ਮੁਆਵਜ਼ਾ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਅੰਤਰ ਰਾਜੀ ਬੀਜ ਘੁਟਾਲੇ ਵਿਚ ਪੰਜਾਬ ਦੇ ਕਿਸਾਨਾਂ ਨੂੰ ਹੋਏ 4000 ਕਰੋੜ ਰੁਪਏ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਪਾਰਟੀ ਨੇ ਸਾਬਤ ਕੀਤਾ ਕਿ ਕਰਨਾਲਾ ਐਗਰੀ ਸੀਡਜ਼ ਕੰਪਨੀ ਜੋ ਕਿ ਬੀਜ ਘੁਟਾਲੇ ਵਿਚ ਮੁੱਖ ਦੋਸ਼ੀ ਹੈ, ਦੀ ਹਰਿਆਣਾ ਵਿਚ ਜਾਅਲੀ ਪਤੇ ‘ਤੇ ਰਜਿਸਟਰੇਸ਼ਨ ਕਰਵਾਈ ਗਈ ਹੈ। ਇਥੇ ਪਾਰਟੀ ਦਫਤਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਅਸੀਂ ਪੀ ਆਰ 128 ਅਤੇ ਪੀ ਆਰ 129 ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜ ਪੰਜਾਬ ਦੇ ਸਿਰਫ 15 ਫੀਸਦੀ ਕਿਸਾਨਾਂ ਨੂੰ ਵੇਚੇ ਗਏ ਮੰਨੀਏ ਤਾਂ ਇਸ ਘੁਟਾਲੇ ਨਾਲ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਗਿਣਤੀ ਮਿਣੀ  ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ 60 ਲੱਖ ਏਕੜ ‘ਤੇ ਉਠਾਏ ਗਏ ਝੋਨੇ ਦੀ ਖਰੀਦ ਵਾਸਤੇ ਦਿੱਤੀ 30000 ਕਰੋਡ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।

ਹੋਰ ਵੇਰਵੇ ਦਿੰਦਿਆਂ ਸ੍ਰ ਮਜੀਠੀਆ ਨੇ ਦੱਸਿਆ ਕਿ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਦੇ ਮੁਤਾਬਕ ਇਕੱਲੇ ਬਰਾੜ ਸੀਡਜ਼ ਸਟੋਰ ਤੋਂ 850 ਕੁਇੰਟਲ ਨਕਲੀ ਬੀਜ ਬਰਾਮਦ ਹੋਇਆ ਹੈ ਤੇ ਕਿਸਾਨਾਂ ਨੂੰ 105 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਸ ਬੀਜ ਨਾਲ 21000 ਏਕੜ ‘ਤੇ ਝੋਨਾ ਲਗਾਇਆ ਜਾਣਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ 1200 ਵੱਡੇ ਸੀਡ ਸਟੋਰ ਹਨ ਤੇ ਇਹਨਾਂ ਵਿਚੋਂ ਬਹੁਤਿਆਂ ਨੂੰ ਡੇਰਾ ਬਾਬਾ ਨਾਨਕ ਵਿਖੇ ਹੈਡਕੁਆਰਟਰ ਬਣਾ ਕੇ ਬੈਠੇ ਅੰਤਰ ਰਾਜੀ ਗੈਂਗ ਨੇ ਨਕਲੀ ਬੀਜ ਸਪਲਾਈ ਕੀਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਿਸਾਨਾਂ ਨਾਲ ਕੀਤੇ ਗਏ ਇਸ  ਵੱਡੇ ਘੁਟਾਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਇਹ ਕੇਸ ਸੀ ਬੀ ਆਈ ਹਵਾਲੇ ਕਰਨਾ ਚਾਹੀਦਾ ਹੈ ਜਾਂ ਫਿਰ ਇਸਦੀ ਜਾਂਚ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਘੁਟਾਲੇ ਦੀ ਜਾਂਚ ਕਰਵਾਈ ਜਾਵੇ ਤੇ ਉਹ ਆਪੋ ਆਪਣੇ ਸੂਬਿਆਂ ਵਿਚ ਕਿਸਾਨਾਂ ਨੂੰ ਬਚਾਉਣ ਜਿਹਨਾਂ ਨਾਲ ਘੁਟਾਲੇਬਾਜ਼ਾਂ ਨੇ ਧੋਖਾ ਕੀਤਾ ਹੈ।

ਸ੍ਰ ਮਜੀਠੀਆ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਇਹ ਵੀ ਅਪੀਲ ਕੀਤੀ ਕਿ ਕਰਨਾਲਾ ਐਗਰੀ ਸੀਡਜ਼ ਦਾ ਬ੍ਰਾਂਚ ਆਫਿਸ ਕਰਨਾਲ ਦੇ ਜਾਅਲੀ ਪਤੇ ‘ਤੇ ਹੋਣ ਦੇ ਮਾਮਲੇ ਦੀ ਵੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਇਸ ਮੌਕੇ ਵੀਡੀਓ ਵਿਖਾ ਕੇ ਸਬੂਤ ਪੇਸ਼ ਕੀਤਾ ਕਿ ਕਰਨਾਲ ਸੀਡਜ਼ ਦੀ ਰਜਿਸਟਰੇਸ਼ਨ ਜਿਸ ਪਤੇ ‘ਤੇ ਕਰਵਾਈ ਗਈ ਹੈ, ਉਹ ਅਸਲ ਵਿਚ ਰਿਹਾਇਸ਼ੀ ਘਰ ਹੈ ਤੇ ਉਸ ਨਾਲ ਕੰਪਨੀ ਦਾ ਕੋਈ ਸਰੋਕਾਰ ਨਹੀਂ ਹੈ।

ਇਸ ਦੌਰਾਨ ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਬੀਜ ਘੁਟਾਲੇ ਦੀ ਮੌਜੂਦਾ ਜਾਂਚ ਅਸਲ ਵਿਚ ਇਸ ਘੁਟਾਲੇ ‘ਤੇ ਪਰਦਾ ਪਾਉਣ ਲਈ ਕੀਤੀ ਜਾ ਰਹੀ ਕਾਰਵਾਈ ਹੈ। ਉਹਨਾਂ ਕਿਹਾ ਕਿ ਬਰਾੜ ਸੀਡਜ਼ ਦੇ ਮਾਲਕ ਨੂੰ 20 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਾਣ ਬੁੱਝ ਕੇ ਉਸ ਖਿਲਾਫ ਮਾਮੂਲੀ ਜ਼ਮਾਨਤਯੋਗ ਧਾਰਾਵਾਂ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਬਰਾੜ ਸੀਡਜ਼ ਜਾਅਲਸਾਜ਼ੀ ਤੇ ਧੋਖਾਧੜੀ ਦਾ ਦੋਸ਼ੀ ਹੈ ਪਰ ਇਹ ਧਾਰਾਵਾਂ ਐਫ ਆਈ ਆਰ ਵਿਚ ਜੋੜੀਆਂ ਹੀ ਨਹੀਂ ਗਈਆਂ।

ਕਰਨਾਲ ਸੀਡਜ਼ ਦੇ ਰੋਲ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਘੁਟਾਲੇ ਵਿਚ ਲੱਕੀ ਢਿੱਲੋਂ ਮੁੱਖ ਦੋਸ਼ੀ ਹੈ ਪਰ ਇਸਦੇ ਬਾਵਜੂਦ ਉਸਨੂੰ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਅੱਗੇ  ਜਾਅਲੀ ਬਿੱਲ ਬੁੱਕਸ ਪੇਸ਼ ਕਰਨ ਦੀ ਛੋਟ ਦਿੱਤੀ ਗਈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਹੀ ਬਿੱਲ ਬੁੱਕ ਚੰਡੀਗੜ• ਵਿਚ ਮੀਡੀਆ ਅੱਗੇ ਪੇਸ਼ ਕਰ ਕੇ ਲੱਕੀ ਢਿੱਲੋਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਤੇ ਸਾਹਮਣੇ ਆਈਆਂ ਤਸਵੀਰਾਂ  ਨੇ ਸਾਬਤ ਕੀਤਾ ਹੈ ਕਿ ਰੰਧਾਵਾ ਦੀ ਫਰਮ ਵਿਚ ਦਿਲਚਸਪੀ ਹੈ ਤੇ ਉਹ ਕਰਨਾਲ ਐਗਰੀ ਸੀਡਜ਼ ਵਿਚ ਬੇਨਾਮੀ ਭਾਈਵਾਲ ਹਨ। ਉਹਨਾਂ ਕਿਹਾ ਕਿ ਸਿਰਫ ਲੱਕੀ ਢਿੱਲੋਂ ਦੀ ਹਿਰਾਸਤੀ ਪੁੱਛ ਗਿੱਛ ਤੇ ਨਿਰਪੱਖ ਏਜੰਸੀ  ਦੀ ਜਾਂਚ ਹੀ ਸਾਬਤ ਕਰ ਸਕਦੀ ਹੈ ਕਿ ਉਸਨੇ ਜਾਅਲੀ ਬਿੱਲ ਬੁੱਕਸ ਕਿਵੇਂ ਵਰਤੀਆਂ ਤਾਂ ਕਿ ਆਪਣੇ ਅਪਰਾਧ ਛੁਪਾ ਸਕੇ।

ਸ੍ਰੀ ਮਜੀਠੀਆ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਜੀਹ ਕਿਸਾਨਾਂ ਦਾ ਜੀਵਨ ਬਚਾਉਣ ਦੀ ਹੈ ਜਦਕਿ ਕਾਂਗਰਸ ਸਰਕਾਰ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਵਰਗੇ ਆਪਣੇ ਵਾਅਦੇ ਦੇ ਉਲਟ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਜਿਣਸ ਦੀ ਪੂਰੀ ਕੀਮਤ ਉਦੋਂ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਅਜਿਹੇ ਅਨਸਰ ਨਕਲੀ ਬੀਜ਼ਾਂ ਰਾਹੀਂ ਉਹਨਾਂ ਨਾਲ ਠੱਗੀ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਕਿਸਾਨ ਕਦੇ ਵੀ ਕਾਂਗਰਸ ਨੂੰ ਉਹਨਾਂ ਦੇ ਜੀਵਨ ਨਾਲ ਖੇਡੀ ਇਸ ਘਟੀਆ ਖੇਡ ਲਈ ਮੁਆਫ ਨਹੀਂ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਪਾਰਟੀ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਆਦਿ ਵੀ ਹਾਜ਼ਰ ਸਨ।
-PTCNews