ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜ ਘੁਟਾਲੇ ਦੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ

SAD demands custodial interrogation of all those involved in seed scam
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜ ਘੁਟਾਲੇ ਦੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜ ਘੁਟਾਲੇ ਦੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਰੋੜਾਂ ਰੁਪਏ ਦਾ ਬੀਜ ਘੁਟਾਲਾ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਘੁਟਾਲੇ ਦੀ ਮੁੱਖ ਦੋਸ਼ੀ ਕੰਪਨੀ-ਕਰਨਾਲ ਐਗਰੀ ਸੀਡਜ਼ ਦੇ ਬੁਲਾਰੇ ਵਾਂਗ ਵਿਵਹਾਰ ਕਰਨ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਝਾੜ ਪਾਈ ਹੈ ਅਤੇ ਕਿਹਾ ਹੈ ਕਿ ਸਮੁੱਚੇ ਮਾਮਲੇ ਦੀ ਸੁਤੰਂਤਰ ਜਾਂਚ ਦੁਆਰਾ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਪੀਆਰ-128 ਅਤੇ ਪੀਆਰ-129 ਦੇ ਨਕਲੀ ਬੀਜਾਂ ਦੀ ਵਿਕਰੀ ਅਤੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ ਦਰਜ ਕਰਵਾਈ ਐਫਆਈਆਰ ਨੂੰ 15 ਦਿਨ ਬੀਤ ਗਏ ਹਨ ਅਤੇ ਅਜੇ ਤੀਕ ਨਕਲੀ ਬੀਜ ਬਣਾਉਣ ਅਤੇ ਸਟੋਰ ਕਰਕੇ ਰੱਖਣ ਵਾਲੀਆਂ ਥਾਂਵਾਂ ਉੱਤੇ ਛਾਪੇ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਕੇਸ ਵਿਚ ਕੋਈ ਗਿਰਫ਼ਤਾਰੀ ਨਹੀਂ ਕੀਤੀ ਗਈ ਹੈ। ਇੰਝ ਜਾਪਦਾ ਹੈ ਕਿ ਸਰਕਾਰ ਇਹਨਾਂ ਘਪਲੇਬਾਜ਼ਾਂ ਨੂੰ ਸਾਰੇ ਸਬੂਤ ਮਿਟਾਉਣ ਅਤੇ ਝੂਠੇ ਰਿਕਾਰਡ ਤਿਆਰ ਕਰਨ ਵਾਸਤੇ ਸਮਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਭ ਉਹਨਾਂ ਕਿਸਾਨਾਂ ਦੀ ਕੀਮਤ ਉੱੇਤੇ ਕੀਤਾ ਜਾ ਰਿਹਾ ਹੈ, ਜਿਹੜੇ ਸਰਕਾਰ ਦੀ ਅਜਿਹੀ ਲਾਪਰਵਾਹੀ ਸਦਕਾ ਖੁਦਕੁਸ਼ੀ ਵੱਲ ਧੱਕੇ ਜਾਣਗੇ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਸਿਰਫ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਮੁੱਦਾ ਉਠਾਇਆ ਹੈ ਅਤੇ ਜਦ ਤਕ ਇਸ ਕੇਸ ਵਿਚ ਇਨਸਾਫ ਨਹੀਂ ਮਿਲਦਾ, ਉਹ ਬੀਜ ਘੁਟਾਲੇ ਖ਼ਿਲਾਫ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।

ਅਕਾਲੀ ਆਗੂਆਂ ਨੇ ਕਿਹਾ ਕਿ ਜਿਵੇਂਕਿ ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰਨ ‘ਚ ਨਾਕਾਮ ਹੋ ਚੁੱਕੀ ਹੈ ਅਤੇ ਇਹ ਵੀ ਜਾਪਦਾ ਹੈ ਕਿ ਕਰਨਾਲ ਸੀਡਜ਼ ਦੇ ਮਾਲਕ ਦੇ ਉੱਤੇ ਸਿਆਸੀ ਹੱਥ ਹੈ, ਸਿਰਫ ਸੀਬੀਆਈ ਦੁਆਰਾ ਕੀਤੀ ਜਾਂਚ ਹੀ ਇਸ ਮਾਮਲੇ ਦੇ ਸੱਚ ਨੂੰ ਬਾਹਰ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਖ਼ੁਦ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਸਵਾਗਤ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਰੰਧਾਵਾ ਇਸ ਜਾਂਚ ਦੀ ਕਿਸਮ ਬਾਰੇ ਅਸਪੱਸ਼ਟਤਾ ਬਰਕਰਾਰ ਰੱਖ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਰੰਧਾਵਾ ਦੀ ਪੇਸ਼ਕਸ਼ ਸਵੀਕਾਰ ਕਰ ਲੈਣੀ ਚਾਹੀਦੀ ਹੈ ਅਤੇ ਜਾਂਚ ਲਈ ਇਹ ਕੇਸ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ।

ਇਸ ਮਾਮਲੇ ਦੀ ਜਾਂਚ ਵਿਚ ਦੇਰੀ ਲਈ ਸਰਕਾਰ ਦੀ ਝਾੜਝੰਬ ਕਰਦਿਆਂ ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਕਿ ਇਸ ਦੇਰੀ ਨਾਲ ਇਹੀ ਸੁਨੇਹਾ ਗਿਆ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਸੱਚ ਸਾਹਮਣੇ ਆਵੇ।  ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਕੇਸ ਦੇ ਮੁੱਖ ਦੋਸ਼ੀ ਲੱਕੀ ਢਿੱਲੋਂ ਨੂੰ ਖੁਦ ਨੂੰ ਬੇਕਸੂਰ ਦੱਸਣ ਲਈ ਪ੍ਰੈਸ ਕਾਨਫਰੰਸ ਕਰਨ ਦੀ ਆਗਿਆ ਦਿੱਤੀ ਗਈ ਹੈ, ਉਸ ਨੇ ਇਸ ਵਿਸ਼ਵਾਸ਼ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਅਫਸੋਸਨਾਕ ਹੈ ਕਿ ਸੁਖਜਿੰਦਰ ਰੰਧਾਵਾ ਮੀਡੀਆ ਨੂੰ ਕਰਨਾਲ ਐਗਰੀ ਸੀਡਜ਼ ਦੇ ਬਿਲ ਵਿਖਾ ਕੇ ਇਸ ਫਰਮ ਦੇ ਮੁਨੀਮ ਵਾਂਗ ਵਿਵਹਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਕੈਬਨਿਟ ਮੰਤਰੀ ਨੂੰ ਅਜਿਹਾ ਵਿਵਹਾਰ ਕਰਨਾ ਸ਼ੋਭਾ ਨਹੀਂ ਦਿੰਦਾ। ਉਹਨਾਂ ਕਿਹਾ ਕਿ ਰੰਧਾਵਾ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਹ ਬੀਜ ਘੁਟਾਲੇ ਦੇ ਦੋਸ਼ੀਆਂ ਕਰਨਾਲ ਐਗਰੀ ਸੀਡਜ਼ ਅਤੇ ਬਾਕੀਆਂ ਵੱਲੋਂ ਕਿਸਾਨਾਂ ਨਾਲ ਕੀਤੀ ਧੋਖਾਧੜੀ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ?

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਮਈ 2020 ਵਿਚ ਪੀਆਰ-128 ਅਤੇ ਪੀਆਰ-129 ਦਾ ਬਰੀਡਰ ਬੀਜ ਕਿਸਾਨਾਂ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਦਿੱਤਾ ਗਿਆ ਸੀ ਅਤੇ ਇਸ ਦੀ ਪ੍ਰਾਈਵੇਟ ਵਿਕਰੀ ਦੀ ਅਜੇ ਵੀ ਆਗਿਆ ਨਹੀਂ ਹੈ। ਉਹਨਾਂ ਕਿਹਾ ਕਿ ਕਿਸੇ ਵੀ ਬੀਜ ਕੰਪਨੀ ਕੋਲ ਇਸ ਨੂੰ ਵੇਚਣ ਦਾ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਕਰਨਾਲ ਐਗਰੀ ਸੀਡਜ਼ ਨੇ ਅਕਤੂਬਰ 2019 ਵਿਚ ਇਹਨਾਂ ਬੀਜਾਂ ਦਾ ਵੱਡੀ ਪੱਧਰ Aੁੱਤੇ ਉਤਪਾਦਨ ਕੀਤਾ ਅਤੇ ਗੁਰਦਾਸਪੁਰ ਦੇ ਕਾਂਗਰਸੀਆਂ ਨਾਲ ਮਿਲ ਕੇ ਇਸ ਨੂੰ ਬਜ਼ਾਰ ਵਿਚ ਵੇਚਿਆ। ਇਹਨਾਂ ਕਾਂਗਰਸੀਆਂ ਨੇ ਇਹਨਾਂ ਨਵੇਂ ਬੀਜਾਂ ਦੀ ਖਰੀਦ ਲਈ ਕਿਸਾਨਾਂ ਨੂੰ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਧੋਖਾਧੜੀ ਦਾ ਇਹ ਸਬੂਤ ਸਾਹਮਣੇ ਹੈ ਅਤੇ ਅਜੇ ਵੀ ਪੁਲਿਸ ਨੇ ਲੱਕੀ ਢਿੱਲੋਂਂ ਨੂੰ ਹਿਰਾਸਤ ਵਿਚ ਲੈ ਕੇ ਇਹ ਨਹੀਂ ਪੁੱਛਿਆ ਹੈ ਕਿ ਉਸ ਨੇ ਇੰਨੀ ਜਲਦੀ ਬਰੀਡਰ ਬੀਜ ਦਾ ਉਤਪਾਦਨ ਕਿਵੇਂ ਕੀਤਾ?
-PTCNews