ਪੰਜਾਬ

ਮੁੱਖ ਮੰਤਰੀ ਦੇ ਜੱਦੀ ਸ਼ਹਿਰ 'ਚ ਚੱਲ ਰਹੇ ਸ਼ਰਾਬ ਮਾਫੀਆ ਦੇ ਅਪਰੇਸ਼ਨ ਦੀ ਹੋਵੇ ਜਾਂਚ : ਸ਼੍ਰੋਮਣੀ ਅਕਾਲੀ ਦਲ

By Jagroop Kaur -- December 09, 2020 8:12 pm -- Updated:Feb 15, 2021
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਸ਼ਰਾਬ ਮਾਫੀਆ ਦੇ ਅਪਰੇਸ਼ਨ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਛੇ ਮਹੀਨੇ ਪਹਿਲਾਂ ਜਿਸ ਗਿਰੋਹ ਦਾ ਪਰਦਾਫਾਸ਼ ਹੋਇਆ ਸੀ, ਉਸਦਾ ਮੁੜ ਨਜਾਇਜ਼ ਸ਼ਰਾਬ ਮਾਮਲੇ ਵਿਚ ਸਰਗਰਮ ਹੋਣਾ ਸਾਬਤ ਕਰਦਾ ਹੈ ਕਿ ਪੰਜਾਬ ਵਿਚ ਸ਼ਰਾਬ ਮਾਫੀਆ ਨੂੰ ਸਿਖ਼ਰ ਤੋਂ ਮਦਦ ਮਿਲ ਰਹੀ ਹੈ। ਸਾਬਕਾ ਮੰਤਰੀ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਦਿਪੇਸ਼ ਕੁਮਾਰ ਜੋ ਕਾਂਗਰਸ ਦੇ ਰਾਜਪੁਰਾ ਤੋਂ ਵਿਧਾਹਿਕ ਹਰਦਿਆਲ ਕੰਬੋਜ ਦਾ ਖਾਸ ਬੰਦਾ ਹੈ, ਨੂੰ ਫਿਰ ਛੇ ਮਹੀਨੇ ਬਾਅਦ ਪਹਿਲਾਂ ਵਾਲੇ ਅਪਰਾਧ ਵਾਸਤੇ ਹੀ ਫੜਿਆ ਗਿਆ ਹੈ।

SAD demands judicial probe into liquor mafia operations in CM’s home district Patiala

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਦਿਪੇਸ਼ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਇਸੇ ਲਈ ਉਸਨੇ ਪਹਿਲੀ ਡਿਸਟੀਲਰੀ ਬੇਨਕਾਬ ਹੋਣ ਮਗਰੋਂ ਦੂਜੀ ਡਿਸਟੀਲਰੀ ਖੋਲ੍ਹ ਲਈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪਹਿਲੇ ਕੇਸ ਵਾਂਗ ਹੀ ਇਸ ਵਾਰ ਵੀ ਉਹ ਬਿਨਾਂ ਦੇਰੀ ਦੇ ਬਾਹਰ ਆ ਜਾਵੇਗਾ। ਇਹ ਸਪਸ਼ਟ ਹੈ ਕਿ ਕਾਂਗਰਸ ਦੀ ਸਿਖ਼ਰ ਦੀ ਲੀਡਰਸ਼ਿਪ ਦੇ ਨਾਲ-ਨਾਲ ਕਾਂਗਰਸੀ ਪਰਿਵਾਰ ਵੀ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਮਾਮਲੇ ਦੀ ਜਾਂਚ ਨਾਲ ਹੀ ਗੰਢਤੁਪ ਬੇਨਕਾਬ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਨਜਾਇਜ਼ ਡਿਸਟੀਲਰੀਆਂ ਅਤੇ ਸਰਹੱਦੋਂ ਪਾਰ ਤੋਂ ਸਮਗਲਿੰਗ ਇਸ ਕਰ ਕੇ ਹੀ ਹੋ ਰਹੀ ਹੈ।

Excise department

ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਵਿਭਾਗ ਤੇ ਪੁਲਿਸ ਨੂੰ ਇਹ ਸਪਸ਼ਟ ਹਦਾਇਤਾਂ ਨਹੀਂ ਦਿੱਤੀਆਂ ਕਿ ਉਹ ਉਹਨਾਂ ਦੇ ਜੱਦੀ ਜ਼ਿਲ੍ਹੇ ਵਿਚ ਮਾਫੀਆ ਤੱਤਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਇਸ ਸਭ ਵਿਚ ਹੀ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੇ ਸੈਂਕੜੇ ਕਰੋੜਾਂ ਰੁਪਏ ਗੁਆ ਲਏ ਕਿਉਂਕਿ ਉਹ ਖੁਦ ਇਲਾਕੇ ਦੇ ਲੋਕਾਂ ਨੂੰ ਸ਼ਰਾਬ ਦੇ ਨਾਂ 'ਤੇ ਮਿੱਠੀ ਜ਼ਹਿਰ ਦੇਣ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਅਤੇ ਹੋਰ ਭਾਗਾਂ ਵਿਚ ਸ਼ਰਾਬ ਮਾਫੀਆ ਤਾਂ ਹੀ ਖਤਮ ਹੋ ਸਕਦਾ ਹੈ।

ਜੇਕਰ ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਵਰਗੇ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਖੰਨਾ ਵਿਚ ਨਜਾਇਜ਼ ਸ਼ਰਾਬ ਡਿਸਟੀਲਰੀ ਦੀ ਪੁਸ਼ਤਪਨਾਹੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਵੀ ਕਾਰਵਾਈ ਹੋਵੇ ਅਤੇ ਉਹਨਾਂ ਤੋਂ ਨਜਾਇਜ਼ ਕੀਤੀ ਕਮਾਈ ਜ਼ਬਤ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸਰਕਾਰ ਤਾਂ ਕੇਸ ਐਨਫੋਰਸਮੈਂਟ ਡਾਇਰੈਕਟੋਰੇਟ ਹਵਾਲੇ ਕਰ ਕੇ ਅਤੇ ਮਾਮਲੇ ਵਿਚ ਐਸ ਐਸ ਪੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਤਬਾਦਲਾ ਕਰਨ ਤੋਂ ਇਨਕਾਰ ਕਰ ਕੇ ਪੁੱਠੇ ਪਾਸੇ ਮੁੜ ਰਹੀ ਹੈ। ਸ੍ਰੀ ਗਰੇਵਾਲ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਜਿਹੜੇ ਦੋਸ਼ੀਆਂ ਦੀ ਸ਼ਨਾਖ਼ਤ ਹੋਈ ਤੇ ਗ੍ਰਿਫਤਾਰ ਕੀਤੇ ਗਏ, ਉਹਨਾਂ ਤੋਂ 5600 ਕਰੋੜ ਰੁਪਏ ਦਾ ਮਾਲੀਆ ਆਬਕਾਰੀ ਘਾਟਾ ਵਸੂਲ ਕੀਤਾ ਜਾਣਾ ਬਾਕੀ ਹੈ।

ਉਹਨਾਂ ਕਿਹਾ ਕਿ ਇਸੇ ਤਰੀਕੇ ਪਰਮਜੀਤ ਸਿੰਘ ਸਰਨਾ ਜੋ ਕਿ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਹਨ, ਦੇ ਪਰਿਵਾਰ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਹ ਪਰਿਵਾਰ ਗੁਰਦਾਸਪੁਰ ਦੇ ਕੀੜੀ ਅਫਵਾਨਾਂ ਵਿਚ ਡਿਸਟੀਲਰੀ ਚਲਾ ਰਿਹਾ ਹੈਅਤੇ ਇਥੋਂ ਦੋ ਟਰੱਕ ਨਜਾਇਜ਼ ਸ਼ਰਾਬ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਹਾਦਸੇ ਜਿਸ ਵਿਚ 130 ਲੋਕਾਂ ਦੀ ਜਾਨ ਗਈ, ਨਾਲ ਵੀ ਕਾਂਗਰਸ ਸਰਕਾਰ 'ਤੇ ਕੋਈ ਫਰਕ ਨਹੀਂ ਪਿਆ। ਉਹਨਾਂ ਕਿਹਾ ਕਿ ਇਸ ਨਾਲ ਇਹ ਸਪਸ਼ਟ ਸੰਦੇਸ਼ ਮਿਲ ਰਿਹਾ ਹੈ ਕਿ ਸਰਕਾਰ ਦੇ ਸਿਖ਼ਰਲੇ ਮਾਲਕ ਹੀ ਸਮਝੋਤੇ ਕਰ ਰਹੇ ਹਨਅ ਤੇ ਉਹਨਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਪੜਤਾਲ ਹੀ ਪੰਜਾਬ ਵਿਚੋਂ ਸ਼ਰਾਬ ਮਾਫੀਆ ਖਤਮ ਕਰਨ ਵਿਚ ਸਹਾਈ ਹੋ ਸਕਦਾ ਹੈ।
  • Share