ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗੜ ਤੇ ਢਿੱਲੋਂ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ

SAD

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗੜ ਤੇ ਢਿੱਲੋਂ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ

ਪਰਮਬੰਸ ਰੋਮਾਣਾ ਨੇ ਕਿਹਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਜਿਹਾ ਜਰੂਰੀ ਹੈ

ਨਿਰਦੋਸ਼ ਸਿੱਖ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਦਾ ਬਚਾਅ ਕਰਨ ਲਈ ਕਾਂਗੜ ਅਤੇ ਢਿੱਲੋਂ ਦੀ ਨਿਖੇਧੀ ਕੀਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਦਾ ਕਤਲ ਕਰਨ ਲਈ ਮੁਕੱਦਮਾ ਦਰਜ ਕੀਤਾ ਜਾਵੇ, ਜਿਸ ਸੰਬੰਧੀ ਪੀੜਤ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਦੀ ਮੌਤ ਦੀ ਵਜ੍ਹਾ ਕਾਂਗਰਸੀ ਆਗੂ ਸਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਸਰਪੰਚ ਦੀ ਮੌਤ ਲਈ ਦੋ ਕਾਂਗਰਸੀ ਆਗੂ ਜ਼ਿੰਮੇਵਾਰ ਸਨ। ਪਰਿਵਾਰ ਨੇ ਦੱਸਿਆ ਹੈ ਕਿ ਕਾਂਗਰਸੀ ਆਗੂਆਂ ਨੇ ਪੀੜਤ ਸਰਪੰਚ ਨੂੰ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ ਗਵਾਹੀ ਦੇਣ ਤੋਂ ਰੋਕਣ ਲਈ ਪੁਲਿਸ ਅਤੇ ਬਿਜਲੀ ਵਿਭਾਗ ਦੀ ਦੁਰਵਰਤੋਂ ਕੀਤੀ ਸੀ, ਜਿਹਨਾਂ ਨੇ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਵਿਖੇ ਨਿਰਦੋਸ਼ ਸਿੱਖ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕੀਤਾ ਸੀ।

ਕਾਂਗੜ ਅਤੇ ਢਿੱਲੋਂ ਦੀ ਇਸ ਘਿਨੌਣੀ ਅਤੇ ਅਣਮਨੁੱਖੀ ਕਾਰਵਾਈ ਦੀ ਨਿੰਦਾ ਕਰਦਿਆਂ ਸਰਦਾਰ ਰੋਮਾਣਾ ਨੇ ਕਾਂਗਰਸ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਅਤੇ ਦੋਵਾਂ ਖ਼ਿਲਾਫ ਸੈਕਸ਼ਨ 302 ਤਹਿਤ ਮੁਕੱਦਮਾ ਦਰਜ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਦੋਵੇਂ ਕਾਂਗਰਸੀ ਆਗੂਆਂ ਨੂੰ ਗਿਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੁਰਜੀਤ ਦੀ ਮੌਤ ਪਿਛਲੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।

ਰੋਮਾਣਾ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਗੁਰਪ੍ਰੀਤ ਕਾਂਗੜ, ਜਿਸ ਕੋਲ ਉਸ ਸਮੇਂ ਬਿਜਲੀ ਮਹਿਕਮਾ ਸੀ, ਸੁਰਜੀਤ ਦੇ ਘਰ ਬਿਜਲੀ ਦਾ ਲੋਡ ਚੈਕ ਕਰਨ ਲਈ ਵਾਰ ਵਾਰ ਮਹਿਕਮੇ ਦੀਆਂ ਟੀਮਾਂ ਭੇਜਦਾ ਸੀ ਅਤੇ ਉਸ ਨੇ ਪਰਿਵਾਰ ਨੂੰ ਨਜਾਇਜ਼ ਤੌਰ ਤੇ 55 ਹਜ਼ਾਰ ਰੁਪਏ ਦਾ ਜੁਰਮਾਨਾ ਕਰਵਾਇਆ ਸੀ। ਉਹਨਾਂ ਕਿਹਾ ਕਿ ਸੁਰਜੀਤ ਨੂੰ ਚੁੱਪ ਕਰਾਉਣ ਵਿਚ ਕਾਂਗੜ ਦੀ ਭੂਮਿਕਾ ਇਸ ਤੱਥ ਵਿਚੋਂ ਵੀ ਵੇਖੀ ਜਾ ਸਕਦੀ ਹੈ ਕਿ ਜਦੋਂ ਸੁਰਜੀਤ ਨੇ ਮੰਤਰੀ ਕੋਲ ਪਹੁੰਚ ਕੀਤੀ ਤਾਂ ਉਸ ਨੇ ਪੀੜਤ ਨੂੰ ਦਫਤਰ ਤੋ ਬਾਹਰ ਕਢਵਾ ਦਿੱਤਾ ਸੀ।

ਹੋਰ ਪੜ੍ਹੋ: ਮੁੰਬਈ: ਘਾਟਕੋਪਰ ਸਥਿਤ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੋਕਾਂ ‘ਚ ਸਹਿਮ ਦਾ ਮਾਹੌਲ

ਰੋਮਾਣਾ ਨੇ ਕਿਹਾ ਕਿ ਕੁਸ਼ਲਦੀਪ ਢਿੱਲੋਂ ਦੇ ਬੰਦਿਆਂ ਨੇ ਸੁਰਜੀਤ ਨੂੰ ਤੰਗ ਕਰਨਾ ਜਾਰੀ ਰੱਖਿਆ, ਜਿਸ ਬਾਰੇ ਫਰੀਦਕੋਟ ਦੇ ਐਸਐਸਪੀ ਨੂੰ ਕੀਤੀਆਂ ਸ਼ਿਕਾਇਤਾਂ ਉਤੇ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਪੁਲਿਸ ਅਧਿਕਾਰੀ ‘ਤੇ ਦੋਵੇਂ ਕਾਂਗਰਸੀ ਆਗੂਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਪਿੰਡ ਪੱਧਰ ਉੱਤੇ ਜਦੋਂ ਸੁਰਜੀਤ ਦੀ ਪਤਨੀ ਨੇ ਆਪਣੇ ਪਤੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਬਰਗਾੜੀ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਸੁਰਜੀਤ ਦੀ ਪਤਨੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।

ਉਹਨਾਂ ਕਿਹਾ ਕਿ ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਕਾਂਗਰਸੀ ਆਗੂ ਨਿਰਦੋਸ਼ ਸਿੱਖਾਂ ਉੱਤੇ ਗੋਲੀਬਾਰੀ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸੁਰਜੀਤ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਆਪਣੀ ਮੌਤ ਤੋਂ ਇੱਕ ਘੰਟਾ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਉਸ ਦੇ ਪੁਲਿਸ ਅਧਿਕਾਰੀਆਂ ਖ਼ਿਲਾਫ ਗਵਾਹੀ ਦੇਣ ਦੇ ਫੈਸਲੇ ਨੇ ਉਸ ਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਸੁਰਜੀਤ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਅਤੇ ਪੀੜਤ ਨੂੰ ਧਮਕਾਉਣ ਅਤੇ ਤੰਗ ਪਰੇਸ਼ਾਨ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਕਰਦਾ ਹੈ।

ਇਸ ਤੋਂ ਇਲਾਵਾ ਕਾਂਗੜ ਅਤੇ ਢਿੱਲੋਂ ਦੋਵੇਂ ਕਾਂਗਰਸੀ ਆਗੂਆਂ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਬਹਿਬਲ ਕਲਾਂ ਗੋਲੀਬਾਰੀ ਕੇਸ ਦੇ ਇਕਲੌਤੇ ਗਵਾਹ ਨੂੰ ਖ਼ਤਮ ਕਰਨ ਲਈ ਗੁਰਪ੍ਰੀਤ ਕਾਂਗੜ ਨੂੰ ਮੰਤਰੀ ਮੰਡਲ ‘ਚੋਂ ਬਾਹਰ ਕੱਢਿਆ ਜਾਵੇ।

ਰੋਮਾਣਾ ਨੇ ਕਿਹਾ ਕਿ ਤਾਜ਼ਾ ਘਟਨਾਵਾਂ ਨੇ ਅਕਾਲੀ ਦਲ ਦੀ ਇਸ ਦਲੀਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉੱਤੇ ਸਿਰਫ ਰਾਜਨੀਤੀ ਕਰਨ ਵਿਚ ਦਿਲਚਸਪੀ ਰੱਖਦੀ ਹੈ। ਉਹਨਾਂ ਕਿਹਾ ਕਿ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕਾਂਗਰਸ ਦੀ ਇਸ ਘਿਨੌਣੇ ਅਪਰਾਧ ਦੋਸ਼ੀਆਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਜ਼ਾ ਦਿਵਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਸੁਪਰੀਮ ਕੌਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ।

-PTC News