ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ

SAD MPs and MLAs to donate one month’s salary to CM Relief Fund
ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ

ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਪੰਜਾਬ ਸਰਕਾਰ ਦੇ ਕੋਵਿਡ-19 ਨਾਂ ਦੀ ਮਹਾਮਾਰੀ ਦੀ ਰੋਕਥਾਮ ਅਤੇ ਇਸ ਦੇ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਹੇ ਯਤਨਾਂ ਵਿਚ ਯੋਗਦਾਨ ਪਾਉਣ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ। ਅਕਾਲੀ ਦਲ ਦੇ ਇੱਕ ਪ੍ਰੈਸ ਬਿਆਨ ਵਿਚ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ਉੱਤੇ ਸਾਂਸਦਾਂ ਅਤੇ ਵਿਧਾਇਕਾਂ ਨਾਲ ਵਿਚਾਰ ਚਰਚਾ ਕਰਨ ਮਗਰੋਂ ਇਹ ਫੈਸਲਾ ਲਿਆ ਗਿਆ ਹੈ। ਅਕਾਲੀ ਦਲ ਪ੍ਰਧਾਨ ਵੱਲੋਂ ਰਾਹਤ ਕਾਰਜਾਂ ਵਿਚ ਵਧ ਚੜ੍ਹ ਕੇ ਭਾਗ ਲੈਣ ਦੇ ਦਿੱਤੇ ਮਸ਼ਵਰੇ ਮਗਰੋਂ ਸਾਰੇ ਪਾਰਟੀ ਸਾਂਸਦਾਂ ਅਤੇ ਵਿਧਾਇਕਾਂ ਇਸ ਨੇਕ ਕਾਰਜ ਲਈ ਇੱਕ ਮਹੀਨੇ ਦੀ ਤਨਖਾਹ ਦੇਣ ਲਈ ਸਰਬਸੰਮਤੀ ਨਾਲ ਸਹਿਮਤੀ ਦੇ ਦਿੱਤੀ।

ਅਕਾਲੀ ਦਲ ਪ੍ਰਧਾਨ ਨੇ ਇਸ ਦੇ ਨਾਲ ਹੀ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਦੇ ਖ਼ਿਲਾਫ ਲੜਾਈ ਵਿਚ ਆਪਣਾ ਪੂਰਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਇਹ ਮਨੁੱਖ ਜਾਤੀ ਲਈ ਚੁਣੌਤੀ ਭਰਿਆ ਸਮਾਂ ਹੈ। ਸਾਨੂੰ ਨਾ ਸਿਰਫ ਖੁਦ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ, ਸਗੋਂ ਕੋਵਿਡ-19 ਤੋਂ ਪੀੜਤਾਂ ਨੂੰ ਬਚਾਉਣ ਲਈ ਵੀ ਅੱਗੇ ਆਉਣ ਦੀ ਜਰੂਰਤ ਹੈ। ਆਓ ਆਪਣੇ ਭਰਾਵਾਂ ਨੂੰ ਬਚਾਉਣ ਲਈ ਜਿੰਨੀ ਹੋ ਸਕਦੀ ਹੈ, ਮੱਦਦ ਕਰੀਏ। ਉਹਨਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਵਿਚ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ। ਇਸ ਤੋਂ ਇਲਾਵਾ ਹਸਪਤਾਲਾਂ ਵਿਚ ਡਾਕਟਰਾਂ ਅਤੇ ਮਰੀਜ਼ਾਂ ਕੋਲ ਜਾ ਕੇ ਉਹਨਾਂ ਨੂੰ ਮਾਸਕ, ਵੈਂਟੀਲੇਟਰ ਅਤੇ ਦਵਾਈਆਂ ਦੇਣ ਜਾਂ ਫਿਰ ਲੋੜਵੰਦਾਂ ਦੀ ਮੁਫ਼ਤ ਲੰਗਰ ਸੇਵਾ ਦਾ ਪ੍ਰਬੰਧ ਕਰਨ।

ਸਰਦਾਰ ਬਾਦਲ ਨੇ ਵੱਖ ਵੱਖ ਸਰਾਂਵਾਂ ਵਿਚ ਕੁਆਰੰਟਾਈਨ ਸਹੂਲਤਾਂ ਵਾਸਤੇ ਜਗ੍ਹਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣੇ ਪਤਾ ਲੱਗਿਆ ਹੈ ਕਿ  ਐਸਜੀਪੀਸੀ ਨੇ ਵੱਖ ਵੱਖ ਜ਼ਿਲ੍ਹਾ ਹਸਪਤਾਲਾਂ ਵਿੱਚ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਸੇਵਾ ਨੂੰ ਪੂਰੇ ਪੰਜਾਬ ਅੰਦਰ ਸ਼ੁਰੂ ਕੀਤਾ ਜਾਵੇਗਾ ਅਤੇ ਜਲਦੀ ਹੀ ਲੋੜ ਅਨੁਸਾਰ ਆਪਣੇ ਇਲਾਕੇ ਵਿਚ ਲੰਗਰ ਸੇਵਾ ਸ਼ੁਰੂ ਕਰਵਾਉਣ ਲਈ ਹਸਪਤਾਲ ਸ਼੍ਰੋਮਣੀ ਕਮੇਟੀ ਤਕ ਪਹੁੰਚ ਕਰ ਪਾਉਣਗੇ।
-PTCNews