Thu, Apr 25, 2024
Whatsapp

ਸਰਬਉਚ ਤਖ਼ਤ :ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ

Written by  Shanker Badra -- July 02nd 2018 04:54 PM
ਸਰਬਉਚ ਤਖ਼ਤ :ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ

ਸਰਬਉਚ ਤਖ਼ਤ :ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ

ਸਰਬਉਚ ਤਖ਼ਤ :ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ: ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ 1606 ਈ: ਦੇ ਵਿੱਚ ਰੱਖੀ।ਇਸ ਤਖ਼ਤ ਨੂੰ ਮੁਕੰਮਲ ਕਰਵਾਉਣ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਯੋਗਦਾਨ ਪਾਇਆ ਤੇ ਇਸ ਅਸਥਾਨ ਤੋਂ ਸਿੱਖ ਸੰਗਤਾਂ ਲਈ ਪਹਿਲਾ ਹੁਕਮਨਾਮਾਂ ਜਾਰੀ ਕੀਤਾ।ਇਸ ਅਸਥਾਨ ਤੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਪ੍ਰਮਾਤਮਾ ਦਾ ਨਾਮ ਜੱਪਣ ਦੇ ਨਾਲ-ਨਾਲ ਸਿੱਖ ਸੰਗਤਾਂ ਨੂੰ ਜ਼ੁਲਮ ਦੇ ਖਿਲਾਫ ਅਵਾਜ਼ ਉਠਾਉਣ ਤੇ ਸ਼ਸਤਰ ਚਲਾਉਣ ਦੇ ਹੁਕਮ ਦਿੱਤੇ ਤੇ ਨਾਲ ਸੰਗਤਾਂ ਨੂੰ ਗੁਰੁ ਘਰ ਵਿੱਚ ਸ਼ਸਤਰ ਤੇ ਘੋੜੇ ਭੇਂਟ ਕਰਨ ਲਈ ਕਿਹਾ।ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸਿੱਖ ਕੌਮ ਦੇ ਚਾਰ ਹੋਰ ਤਖ਼ਤ ਹਨ,ਜਿਹੜੇ ਕਿ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਅਸਥਾਨ ਨਾਲ ਸ਼ੁਸ਼ੋਬਿਤ ਹਨ। ਤਖ਼ਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਤਖ਼ਤ ਸ਼੍ਰੀ ਹਜ਼ੂਰ ਸਾਹਿਬ (ਨੰਦੇੜ,ਮਹਾਰਾਸਟਰ) ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਪਰ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉਚ ਤਖ਼ਤ ਮੰਨਿਆ ਜਾਂਦਾ ਹੈ। ਅਕਾਲ ਦਾ ਸ਼ਾਬਦਿਕ ਅਰਥ ਹੈ ‘ਕਾਲ ਤੋਂ ਰਹਿਤ ਪ੍ਰਮਾਤਮਾ ਦਾ ਸਿੰਘਾਸਨ।ਮੀਰੀ-ਪੀਰੀ ਦਾ ਪ੍ਰਤੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ,ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰਦਾ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ 1635ਈ: ਵਿੱਚ ਸ੍ਰੀ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਜਾਣ ਉਪਰੰਤ ਅੰਮਿਤਸਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। 1674 ਵਿੱਚ ਅਹਿਮਦ ਸ਼ਾਹ ਦੁਰਾਨੀ ਤੋਂ ਅਕਾਲ ਬੁੰਗਾ ਦੀ ਰੱਖਿਆ ਕਰਦੇ ਹੋਏ ਭਾਈ ਗੁਰਬਖਸ਼ ਸਿੰਘ 30 ਸਿੰਘਾਂ ਦੀ ਅਗਵਾਈ ਹੇਠ ਸ਼ਹੀਦ ਹੋ ਗਏ।ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ।ਬਾਕੀ ਦੀ ਪੰਜ ਮੰਜ਼ਿਲਾਂ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਤੀਸਰੀ ਮੰਜ਼ਿਲ 'ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੀਟਿੰਗਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ।ਇਹ ਦੂਸਰੀ ਵਾਰ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ ਤੇ ਨਿਹੱਥੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ।ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ।ਸੋ ਸਿੱਖ ਸੰਗਤਾਂ ਨੇ 1986 ਵਿਚ ਸਰਕਾਰ ਦੀ ਉਸਾਰੀ ਹੋਈ ਇਮਾਰਤ ਨੂੰ ਢਾਹ ਕੇ ਦੁਬਾਰਾ ਤੋਂ ਸੰਗਤਾਂ ਨੇ ਮਿਲ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ।ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੇਵਾ ਦੇ ਰੰਗ ਨਾਲ ਗੁਰੂ ਸਾਹਿਬ ਦੇ ਸਤਿਕਾਰ 'ਤੇ ਚੜ੍ਹਦੀਕਲਾ ਦੀ ਨਿਸ਼ਾਨੀ ਦੀ ਬਹੁਤ ਹੀ ਸੁੰਦਰ ਇਮਾਰਤ ਸਿਰਜੀ।ਤਖ਼ਤ ਸ੍ਰੀ ਅਕਾਲ ਸਾਹਿਬ ਦੀ ਮਾਨਤਾ ਹੈ ਜੋ ਵੀ ਗੁਰੂ ਦਾ ਪਿਆਰਾ ਯੁੱਧ ਦੇ ਮੈਦਾਨ ‘ਚ ਫਤਿਹ ਪਾਉਣਾ ਚਾਹੁੰਦਾ ਹੈ ਜਾਂ ਆਪਣੇ ਕੰਮ ‘ਚ ਸਫਲਤਾ ਪਾਉਣਾ ਚਾਹੁੰਦਾ ਹੈ ਤਾਂ ਉਹ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰੇ ਤਾਂ ਉਸ ਨੂੰ ਫ਼ਤਿਹ ਮਿਲਦੀ ਹੈ ਭਾਵ ਉਹ ਉਸ ਕੰਮ ‘ਚ ਸਫਲ ਜ਼ਰੂਰ ਹੁੰਦਾ ਹੈ। ਸੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਚੜ੍ਹਦੀਕਲਾ ਦਾ ਪ੍ਰਤੀਕ ਹੈ। -PTCNews


Top News view more...

Latest News view more...