Tue, Apr 23, 2024
Whatsapp

SGPC ਦੀ ਵੈੱਬਸਾਈਟ ਬਾਰੇ ਸਰਚਾਂਦ ਸਿੰਘ ਦੇ ਇਲਜ਼ਾਮ ਅਧੂਰੀ ਜਾਣਕਾਰੀ ਦਾ ਪ੍ਰਗਟਾਵਾ : ਸੁਖਮਿੰਦਰ ਸਿੰਘ 

Written by  Shanker Badra -- May 26th 2021 06:47 PM
SGPC ਦੀ ਵੈੱਬਸਾਈਟ ਬਾਰੇ ਸਰਚਾਂਦ ਸਿੰਘ ਦੇ ਇਲਜ਼ਾਮ ਅਧੂਰੀ ਜਾਣਕਾਰੀ ਦਾ ਪ੍ਰਗਟਾਵਾ : ਸੁਖਮਿੰਦਰ ਸਿੰਘ 

SGPC ਦੀ ਵੈੱਬਸਾਈਟ ਬਾਰੇ ਸਰਚਾਂਦ ਸਿੰਘ ਦੇ ਇਲਜ਼ਾਮ ਅਧੂਰੀ ਜਾਣਕਾਰੀ ਦਾ ਪ੍ਰਗਟਾਵਾ : ਸੁਖਮਿੰਦਰ ਸਿੰਘ 

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਬਾਰੇ ਸਰਚਾਂਦ ਸਿੰਘ ਖਿਆਲਾ ਵੱਲੋਂ ਬੇਬੁਨਿਆਦ ਇਲਜ਼ਾਮਬਾਜ਼ੀ ਕਰਨ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਨਵੀਂ ਵੈੱਬਸਾਈਟ ’ਤੇ ਪਹਿਲੀ ਵੈੱਬਸਾਈਟ ਦਾ ਸਾਰਾ ਡਾਟਾ ਪਾਇਆ ਜਾਣਾ ਹੈ, ਜਿਸ ਬਾਰੇ ਕੰਮ ਜਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੰਘੇ ਜਨਵਰੀ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਦੀ ਨਵੀਂ ਵੈੱਬਸਾਈਟ ਬਣਾਈ ਗਈ ਸੀ, ਕਿਉਂਕਿ ਪਹਿਲੀ ਵੈੱਬਸਾਈਟ ਦਾ ਡੋਮੇਨ ਐਸਜੀਪੀਸੀ ਡਾਟ ਨੈੱਟ ਇਕ ਨੈੱਟਵਰਕ ਨੂੰ ਰੂਪਮਾਨ ਕਰਦਾ ਸੀ, ਜਦਕਿ ਸ਼੍ਰੋਮਣੀ ਕਮੇਟੀ ਇਕ ਵੱਡੀ ਸੰਸਥਾ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਡੋਮੇਨ ਨੂੰ ਬਦਲ ਕੇ ਐਸਜੀਪੀਸੀ ਅੰਮ੍ਰਿਤਸਰ ਡਾਟ ਓਆਰਜੀ ਕੀਤਾ ਗਿਆ। ਇਸ ਵੈੱਬਸਾਈਟ ਦੀ ਅਪਡੇਸ਼ਨ ਨਿਰੰਤਰ ਜਾਰੀ ਹੈ, ਜਿਸ ’ਤੇ ਪਹਿਲੀ ਵੈੱਬਸਾਈਟ ਵਾਲਾ ਸਾਰਾ ਡਾਟਾ ਮੌਜੂਦ ਹੋਵੇਗਾ। ਸੁਖਮਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨਵੀਂ ਵੈੱਬਸਾਈਟ ਵਿਚ ਸਮੇਂ ਦੀ ਲੋੜ ਅਨੁਸਾਰ ਆਧੁਨਿਕਤਾ ਲਿਆਂਦੀ ਗਈ ਹੈ। ਉਨ੍ਹਾਂ ਸ. ਸਰਚਾਂਦ ਸਿੰਘ ਵੱਲੋਂ ਪਹਿਲੀ ਵੈੱਬਸਾਈਟ ਦਾ ਡਾਟਾ ਖੁਰਦ ਬੁਰਦ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਤਰਕਹੀਣ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਦਾ ਸਾਰਾ ਡਾਟਾ ਸੁਰੱਖਿਅਤ ਹੈ ਅਤੇ ਉਸ ਨੂੰ ਨਵੀਂ ਵੈੱਬਸਾਈਟ ’ਤੇ ਅਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪੁਰਾਤਨ ਰਿਕਾਰਡਡ ਕੀਰਤਨ, ਕਥਾ, ਮੁਖਵਾਕ ਅਤੇ ਕਿਤਾਬਾਂ ਆਦਿ ਦਾ ਸਬੰਧ ਹੈ ਇਹ ਨਵੀਂ ਵੈੱਬਸਾਈਟ ’ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਤੇ ਸਿੱਖ ਰਹਿਤ ਮਰਯਾਦਾ ਨਾਲ ਸਬੰਧਿਤ ਜਾਣਕਾਰੀ ਵੀ ਵੈੱਬਸਾਈਟ ਦਾ ਹਿੱਸਾ ਹੋਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਹੋਈ ਹੈ, ਜਿਸ ਵਿਚ ਡਾ. ਬਲਵੰਤ ਸਿੰਘ ਢਿੱਲੋਂ, ਡਾ. ਪਰਮਵੀਰ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ ਤੇ ਡਾ. ਜੋਗੇਸ਼ਵਰ ਸਿੰਘ ਸ਼ਾਮਲ ਹਨ। ਇਥੇ ਹੀ ਬਸ ਨਹੀਂ ਬਹੁਤ ਸਾਰੀਆਂ ਇਤਿਹਾਸਕ ਅਤੇ ਸਿੱਖੀ ਨਾਲ ਸਬੰਧਤ ਨਵੀਆਂ ਪੁਸਤਕਾਂ ਵੀ ਇਸ ਵੈੱਬਸਾਈਟ ਦਾ ਹਿੱਸਾ ਹੋਣਗੀਆਂ। ਉਨ੍ਹਾਂ ਕਿਹਾ ਕਿ ਤਿਆਰ ਕੀਤੀ ਨਵੀਂ ਵੈੱਬਸਾਈਟ ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰਿਆਂ ਦੇ ਕੇਂਦਰੀਕਰਨ ਦਾ ਇਕ ਯਤਨ ਹੈ, ਜਿਸ ਵਿਚ ਵੱਖ-ਵੱਖ ਅਦਾਰਿਆਂ ਦੀਆਂ ਵੈੱਬਸਾਈਟਾਂ ਨੂੰ ਇਕ ਥਾਂ ’ਤੇ ਕੇਂਦਿਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈੱਬਸਾਈਟ ਦੀ ਅਪਡੇਸ਼ਨ ਦਾ ਕੰਮ ਮੁਕੰਮਲ ਹੋਣਾ ਅਜੇ ਬਾਕੀ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਨੇ ਕਿਹਾ ਕਿ ਵੈੱਬਸਾਈਟ ਦਾ ਕੰਮ ਮੁਕੰਮਲ ਹੋਣ ਮਗਰੋਂ ਇਹ ਸੰਗਤਾਂ ਨਾਲ ਸਿੱਧੇ ਰਾਬਤੇ ਲਈ ਇਕ ਬੇਹਤਰ ਮਾਧਿਅਮ ਸਾਬਤ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਦੇ ਕੰਮ-ਕਾਜ ਬਾਰੇ ਸੁਖਾਲੇ ਢੰਗ ਨਾਲ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਿੱਖ ਇਤਿਹਾਸ, ਗੁਰਬਾਣੀ ਕੀਰਤਨ ਅਤੇ ਸਿੱਖ ਸਰਗਰਮੀਆਂ ਬਾਰੇ ਜਾਣ ਸਕਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਸ. ਸਰਚਾਂਦ ਸਿੰਘ ਸੱਚਮੁਚ ਹੀ ਸਿੱਖ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਸੰਜੀਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰੇ ਅਤੇ ਆਪਣੇ ਸੁਝਾਅ ਦੇਵੇ, ਜਿਸ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ, ਜਿਸ ਦੇ ਅਕਸ ਨੂੰ ਸੰਗਤ ਵਿਚ ਨਹੀਂ ਵਿਗਾੜਨਾ ਚਾਹੀਦਾ। -PTCNews


Top News view more...

Latest News view more...