Wed, Apr 24, 2024
Whatsapp

ਸਾਈਬਰ ਤੇ ਆਨਲਾਈਨ ਠੱਗਾਂ ਤੋਂ ਬਚਣ ਲਈ SBI ਵੱਲੋਂ ਚਿਤਾਵਨੀ

Written by  Panesar Harinder -- May 14th 2020 03:51 PM -- Updated: May 14th 2020 03:52 PM
ਸਾਈਬਰ ਤੇ ਆਨਲਾਈਨ ਠੱਗਾਂ ਤੋਂ ਬਚਣ ਲਈ SBI ਵੱਲੋਂ ਚਿਤਾਵਨੀ

ਸਾਈਬਰ ਤੇ ਆਨਲਾਈਨ ਠੱਗਾਂ ਤੋਂ ਬਚਣ ਲਈ SBI ਵੱਲੋਂ ਚਿਤਾਵਨੀ

ਨਵੀਂ ਦਿੱਲੀ - ਆਨਲਾਈਨ ਧੋਖਾਧੜੀਆਂ ਤੋਂ ਬਚਾਅ ਲਈ ਸੁਝਾਅ ਦਿੰਦੇ ਹੋਏ, ਭਾਰਤ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਵੱਲੋਂ ਅਪਣੇ ਗਾਹਕਾਂ ਨੂੰ ਇੱਕ ਚਿਤਵਨੀ ਸੁਨੇਹਾ ਭੇਜਿਆ ਹੈ। ਐੱਸਬੀਆਈ ਨੇ ਕਿਹਾ ਹੈ ਕਿ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਉਹ ਆਪਣੇ ਗਾਹਕਾਂ ਨੂੰ ਬੈਂਕਿੰਗ ਨਾਲ ਜੁੜੀਆਂ ਕੁਝ ਸਾਵਧਾਨੀਆਂ ਦੱਸ ਰਿਹਾ ਹੈ ਜਿਹਨਾਂ ਦਾ ਸਾਰੇ ਗਾਹਕਾਂ ਨੂੰ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਤੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਬੈਂਕ ਖਾਤਾ ਬੜੇ ਘੱਟ ਸਮੇਂ 'ਚ ਖਾਲੀ ਹੋ ਸਕਦਾ ਹੈ। ਐੱਸਬੀਆਈ ਵੱਲੋਂ ਇਸ ਬਾਰੇ ਇੱਕ ਟਵੀਟ ਵੀ ਕੀਤਾ ਗਿਆ ਹੈ ਜਿਸ 'ਚ ਲਿਖਿਆ ਗਿਆ ਕਿ ਇਹ ਉਨ੍ਹਾਂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦਾ ਬਾਰੇ ਦੱਸੇ। ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਬੈਂਕ ਵੱਲੋਂ ਸਮੇਂ ਸਮੇਂ 'ਤੇ ਦੱਸੀਆਂ ਜਾਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਅਪਣੀ ਨਿਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ। ਬੈਂਕ ਵੱਲੋਂ ਦੱਸੇ ਗਏ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕਿਸੇ ਵੀ ਕਿਸੇ ਗੈਰ-ਰਸਮੀ ਲਿੰਕ ਤੇ ਕਲਿੱਕ ਨਾ ਕਰੋ, ਜੋ ਈਐਮਆਈ (EMI), ਡੀਬੀਟੀ (DBT), ਪ੍ਰਧਾਨ ਮੰਤਰੀ ਕੇਅਰ ਫੰਡ ਜਾਂ ਕਿਸੇ ਹੋਰ ਕੇਅਰ ਫੰਡ ਲਈ ਵਨ ਟਾਈਮ ਪਾਸਵਰਡ (OTP) ਜਾਂ ਬੈਂਕ ਵੇਰਵਾ ਮੰਗਦਾ ਹੈ। ਲਾਲਚ ਭਰੀਆਂ ਫਰਜ਼ੀ ਯੋਜਨਾਵਾਂ ਤੋਂ ਸਾਵਧਾਨ ਰਹੋ ਜੋ ਐਸਐਮਐਸ (SMS), ਈ-ਮੇਲ, ਪੱਤਰ, ਫੋਨ ਕਾਲ ਜਾਂ ਵਿਗਿਆਪਨ ਰਾਹੀਂ ਲਾਟਰੀ, ਨਕਦ ਪੁਰਸਕਾਰ ਜਾਂ ਨੌਕਰੀ ਦੇਣ ਦਾ ਦਾਅਵਾ ਕਰਦੇ ਹਨ। ਸਮੇਂ-ਸਮੇਂ ਤੇ ਬੈਂਕ ਨਾਲ ਸਬੰਧਿਤ ਅਪਣਾ ਪਾਸਵਰਡ ਬਦਲਦੇ ਰਹੋ। ਧਿਆਨ ਰੱਖੋ ਕਿ ਐੱਸਬੀਆਈ (SBI) ਦੇ ਪ੍ਰਤੀਨਿਧੀ ਕਦੇ ਵੀ ਅਪਣੇ ਗਾਹਕਾਂ ਨੂੰ ਉਹਨਾਂ ਦੀ ਨਿਜੀ ਜਾਣਕਾਰੀ, ਪਾਸਵਰਡ, ਸੁਰੱਖਿਆ ਪਾਸਵਰਡ ਜਾਂ ਓਟੀਪੀ ਲਈ ਨਾ ਤਾਂ ਈਮੇਲ/ਐਸਐਮਐਸ ਭੇਜਦੇ ਹਨ ਅਤੇ ਨਾ ਹੀ ਕਾਲ ਕਰਦੇ ਹਨ। ਐੱਸਬੀਆਈ ਨਾਲ ਸੰਬੰਧਿਤ ਸੰਪਰਕ ਨੰਬਰ ਅਤੇ ਹੋਰ ਵੇਰਵਿਆਂ ਲਈ ਕੇਵਲ ਐੱਸਬੀਆਈ ਦੀ ਵੈਬਸਾਈਟ ਦਾ ਹੀ ਉਪਯੋਗ ਕਰੋ। ਇਸ ਸੰਬੰਧੀ ਇੰਟਰਨੈਟ 'ਤੇ ਮਿਲਦੇ ਖੋਜ ਨਤੀਜਿਆਂ 'ਤੇ ਉਪਲਬਧ ਜਾਣਕਾਰੀ ਤੇ ਭਰੋਸਾ ਨਾ ਕਰੋ। ਧੋਖੇਬਾਜ਼ਾਂ ਬਾਰੇ ਸਥਾਨਕ ਪੁਲਿਸ ਦੇ ਅਧਿਕਾਰੀ ਨੂੰ ਤੁਰੰਤ ਰਿਪੋਰਟ ਕਰੋ ਅਤੇ ਅਪਣੇ ਨੇੜੇ ਦੀ ਐੱਸਬੀਆਈ ਸ਼ਾਖਾ ਵਿਖੇ ਇਸ ਦੀ ਜਾਣਕਾਰੀ ਦਿਓ। ਨੈੱਟ ਬੈਂਕਿੰਗ ਨੂੰ ਲੈ ਕੇ ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਮੈਸੇਜ ਰਾਹੀਂ ਇਹ ਕਿਹਾ ਹੈ ਕਿ ਜੇਕਰ ਤੁਸੀਂ ਪਿਛਲੇ 180 ਦਿਨਾਂ (ਛੇ ਮਹੀਨਿਆਂ) 'ਚ ਆਪਣੇ ਨੈੱਟ ਬੈਂਕਿੰਗ ਪਾਸਵਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਜਲਦੀ ਕਰ ਲਵੋ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਉਹ ਐੱਸਬੀਆਈ ਦੇ ਆਨਲਾਈਨ ਪੋਰਟਲ 'ਤੇ ਜਾ ਕੇ ਆਪਣੇ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਈਬਰ ਲੁਟੇਰੇ ਐੱਸਬੀਆਈ ਗਾਹਕਾਂ ਨੂੰ ਮੋਬਾਈਲ 'ਤੇ ਮੈਸੇਜ ਭੇਜ ਰਹੇ ਹਨ। ਉਸ ਮੈਸੇਜ 'ਚ ਭੇਜਿਆ ਜਾਣ ਵਾਲਾ ਲਿੰਕ ਐੱਸਬੀਆਈ ਨੈੱਟ ਬੈਂਕਿੰਗ ਪੇਜ ਵਾਂਗ ਹੀ ਦਿਖਾਈ ਦਿੰਦਾ ਹੈ, ਜਿਸ 'ਤੇ ਗਾਹਕ ਨੂੰ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਉਸ ਲਿੰਕ 'ਤੇ ਕਲਿੱਕ ਕਰਦੇ ਹੀ ਫ਼ੋਨ ਰਾਹੀਂ ਗਾਹਕ ਦੀ ਸਾਰੀ ਗੁਪਤ ਜਾਣਕਾਰੀ ਧੋਖਾਧੜੀ ਕਰਨ ਵਾਲਿਆਂ ਕੋਲ ਪਹੁੰਚ ਜਾਂਦੀ ਹੈ, ਤੇ ਇਸ ਤ੍ਹਰਾਂ ਉਹ ਖਾਤਿਆਂ 'ਚੋਂ ਪੈਸੇ ਉਡਾਉਂਦੇ ਹਨ। ਬੈਂਕ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਅਣਦੇਖਾ ਕਰੋ ਤੇ ਤੁਰੰਤ ਆਪਣੇ ਮੋਬਾਈਲ ਤੋਂ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਧੋਖਾਧੜੀ ਕਰਨ ਵਾਲੇ ਸਿਮ ਕਲੋਨਿੰਗ ਜਾਂ ਸਿਮ ਸਵੈਪਿੰਗ ਰਾਹੀਂ ਵੀ ਠੱਗ ਸਕਦੇ ਹਨ। ਸਾਈਬਰ ਲੁਟੇਰਾ ਤੁਹਾਡੇ ਸਿਮ ਦਾ ਡਪਲੀਕੇਟ ਤਿਆਰ ਕਰਦਾ ਹੈ। ਸਿਮ ਸਵੈਪ ਦਾ ਮਤਲਬ ਹੈ ਕਿ ਸਿਮ ਬਦਲ ਦਿੰਦਾ ਹੈ। ਉਹ ਤੁਹਾਡੇ ਫੋਨ ਨੰਬਰ ਦੇ ਅਧਾਰ 'ਤੇ ਇੱਕ ਨਵੇਂ ਸਿਮ ਦਾ ਰਜਿਸਟ੍ਰੇਸ਼ਨ ਕਰਵਾ ਲੈਂਦਾ ਹੈ, ਜਿਸ ਤੋਂ ਬਾਅਦ ਤੁਹਾਡਾ ਸਿਮ ਬੰਦ ਹੋ ਜਾਂਦਾ ਹੈ, ਅਤੇ ਤੁਹਾਡੇ ਨੰਬਰ 'ਤੇ ਰਜਿਟਰਡ ਦੂਜੇ ਨੰਬਰ 'ਤੇ ਆਉਣ ਵਾਲੇ OTP ਰਾਹੀਂ ਸਾਈਬਰ ਲੁਟੇਰੇ ਤੁਹਾਡੇ ਖਾਤੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਜੇਕਰ ਤੁਹਾਡੇ ਸਿਮ 'ਤੇ ਨੈੱਟਵਰਕ ਠੀਕ ਨਹੀਂ ਹੈ ਜਾਂ ਫਿਰ ਤੁਹਾਡੇ ਫੋਨ 'ਤੇ ਕੋਈ ਕਾਲ ਜਾਂ ਅਲਰਟ ਨਹੀਂ ਆ ਰਹੇ ਤਾਂ ਤੁਰੰਤ ਇਸ ਦੀ ਸ਼ਿਕਾਇਤ ਆਪਣੇ ਮੋਬਾਈਲ ਆਪਰੇਟਰ ਨੂੰ ਕਰੋ। ਜਿਵੇਂ ਜਿਵੇਂ ਜੀਵਨ ਡਿਜੀਟਲ ਤੇ ਆਨਲਾਈਨ ਹੁੰਦਾ ਜਾ ਰਿਹਾ ਹੈ, ਤਿਵੇਂ ਤਿਵੇਂ ਧੋਖਾਧੜੀਆਂ ਦੇ ਤਰੀਕੇ ਵੀ ਬਦਲ ਰਹੇ ਹਨ। ਸਾਈਬਰ ਲੁਟੇਰਿਆਂ ਵੱਲੋਂ ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਹੇਰ-ਫ਼ੇਰ ਕਰਨ ਬਾਰੇ ਅਕਸਰ ਖ਼ਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ ਅਤੇ ਐੱਸਬੀਆਈ ਵੱਲੋਂ ਅਕਸਰ ਸਾਈਬਰ ਧੋਖੇਬਾਜ਼ਾਂ ਤੋਂ ਬਚਣ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਗਾਹਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ।


  • Tags

Top News view more...

Latest News view more...