Tue, Apr 23, 2024
Whatsapp

ਲਸ਼ਕਰ-ਏ-ਤੋਇਬਾ ਦੇ ਖ਼ੁਫ਼ੀਆ ਟਿਕਾਣੇ ਦਾ ਪਰਦਾਫਾਸ਼, ਅੱਤਵਾਦੀ ਗ੍ਰਿਫ਼ਤਾਰ

Written by  Panesar Harinder -- May 16th 2020 03:07 PM -- Updated: May 16th 2020 04:18 PM
ਲਸ਼ਕਰ-ਏ-ਤੋਇਬਾ ਦੇ ਖ਼ੁਫ਼ੀਆ ਟਿਕਾਣੇ ਦਾ ਪਰਦਾਫਾਸ਼, ਅੱਤਵਾਦੀ ਗ੍ਰਿਫ਼ਤਾਰ

ਲਸ਼ਕਰ-ਏ-ਤੋਇਬਾ ਦੇ ਖ਼ੁਫ਼ੀਆ ਟਿਕਾਣੇ ਦਾ ਪਰਦਾਫਾਸ਼, ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ - ਸ਼ਨੀਵਾਰ ਨੂੰ ਲਸ਼ਕਰ-ਏ-ਤੋਇਬਾ ਸੰਗਠਨ ਜੁੜੇ ਇੱਕ ਅੱਤਵਾਦੀ ਦੀ ਗ੍ਰਿਫ਼ਤਾਰੀ ਨਾਲ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੁੱਧ ਡਟੇ ਸੁਰੱਖਿਆ ਬਲਾਂ ਹੱਥ ਇੱਕ ਹੋਰ ਵੱਡੀ ਕਾਮਯਾਬੀ ਲੱਗੀ ਹੈ। ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਬੜਗਾਮ ਦੇ ਅਰਿਜਲ ਖਾਨਸੈਬ ਵਿੱਚ ਇੱਕ ਖੂਫ਼ੀਆ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਹੈ। ਇਸ ਟਿਕਾਣੇ ਤੋਂ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਜ਼ਹੂਰ ਵਾਨੀ ਨਾਂਅ ਦੇ ਇੱਕ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਜ਼ਹੂਰ ਵਾਨੀ, ਲਸ਼ਕਰ ਦੇ ਇੱਕ ਹੋਰ ਅੱਤਵਾਦੀ ਯੂਸੁਫ਼ ਕਾਂਤਰੂ ਦਾ ਨੇੜਲਾ ਸਹਿਯੋਗੀ ਹੈ। ਬੜਗਾਮ ਅਤੇ ਬਾਰਾਮੁਲਾ ਇਲਾਕੇ ਵਿੱਚ ਯੂਸੁਫ਼ ਕਾਫ਼ੀ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ 'ਚ ਸਰਗਰਮ ਹੈ। ਮਾਮਲੇ ਬਾਰੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਬਜ਼ੇ ਹੇਠ ਲਏ ਗਏ ਇਸ ਖ਼ੁਫ਼ੀਆ ਟਿਕਾਣੇ ਤੋਂ ਹਥਿਆਰ ਤੇ ਭਾਰੀ ਮਾਤਰਾ 'ਚ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ 4 ਹੋਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੜੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਲੋੜ ਪੈਣ 'ਤੇ ਸ਼ਰਨ ਵੀ ਦਿੰਦੇ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਰਸਦ ਸਮੱਗਰੀ ਵੀ ਉਪਲਬਧ ਕਰਵਾਉਂਦੇ ਸਨ। ਅੱਗੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਗਰੁੱਪ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ ਵਿੱਚ ਸਰਗਰਮ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਹਿਸਾਬ ਨਾਲ ਖ਼ੁਫ਼ੀਆ ਟਿਕਾਣੇ ਵਾਲੀ ਸੁਰੰਗ ਤੋਂ ਸਮਾਨ ਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅੱਤਵਾਦੀ ਕਾਫ਼ੀ ਦਿਨਾਂ ਤੋਂ ਇੱਥੇ ਰੁਕੇ ਹੋਏ ਸਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਹ ਸੁਰੰਗ ਜ਼ਹੂਰ ਵਾਨੀ ਦੇ ਘਰੋਂ ਕਰੀਬ 500 ਮੀਟਰ ਦੂਰ ਹੈ, ਅਤੇ ਇਸ ਦੀ ਵਰਤੋਂ ਨਾਲ ਜ਼ਹੂਰ ਵਾਨੀ ਲੰਬੇ ਸਮੇਂ ਤੋਂ ਅੱਤਵਾਦੀਆਂ ਦੀ ਮਦਦ ਕਰ ਰਿਹਾ ਸੀ। ਸੁਰੱਖਿਆ ਬਲਾਂ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਂਦੇ ਸਮੇਂ ਦੌਰਾਨ ਇਸ ਮਾਮਲੇ ਨਾਲ ਜੁੜੀਆਂ ਹੋਰ ਗ੍ਰਿਫ਼ਤਾਰੀਆਂ ਦੀ ਵੀ ਸੰਭਾਵਨਾ ਹੈ। ਸੁਰੱਖਿਆ ਬਲਾਂ ਅਤੇ ਪੁਲਿਸ ਦੀ ਮੁਸਤੈਦੀ ਤੇ ਅਣਥੱਕ ਮਿਹਨਤ ਸਦਕਾ ਦੇਸ਼ ਅੰਦਰ ਅਰਾਜਕਤਾ ਫੈਲਾਉਣ ਵਾਲੇ ਸਮਾਜ ਵਿਰੋਧੀ ਤੱਤਾਂ ਉੱਤੇ ਸਮਾਂ ਰਹਿੰਦੇ ਕਾਬੂ ਪਾਇਆ ਗਿਆ ਹੈ। ਇਸ ਆਪ੍ਰੇਸ਼ਨ ਨਾਲ ਉਨ੍ਹਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਅੱਤਵਾਦੀਆਂ ਨੂੰ ਨੱਪ ਲਿਆ, ਅਤੇ ਦੇਸ਼-ਵਾਸੀਆਂ ਦੀ ਜਾਨ-ਮਾਲ ਦੀ ਰਾਖੀ ਕੀਤੀ ਹੈ।


  • Tags

Top News view more...

Latest News view more...