ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਗਹਿਗੱਚ ਮੁਕਾਬਲਾ, ਸੁਰੱਖਿਆ ਬਲਾਂ ਨੇ ਮਾਰ ਮੁਕਾਏ ਤਿੰਨ ਅੱਤਵਾਦੀ

By Panesar Harinder - April 25, 2020 2:04 pm

ਜੰਮੂ-ਕਸ਼ਮੀਰ : ਅੱਜ ਦੇ ਮੁਸ਼ਕਿਲਾਂ ਭਰੇ ਸਮੇਂ 'ਚ ਜਿੱਥੇ ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਅੱਤਵਾਦੀ ਜੰਮੂ–ਕਸ਼ਮੀਰ ’ਚ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਹੇ। ਅੱਜ ਸ਼ਨੀਵਾਰ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅਵਾਂਤੀਪੁਰਾ ਦੇ ਗੋਰੀਪੁਰਾ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇੱਕ ਗਹਿਗੱਚ ਮੁਕਾਬਲਾ ਹੋਇਆ ਜਿਸ 'ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇੱਥੇ ਵਰਨਣਯੋਗ ਹੈ ਕਿ ਦੇਸ਼ ਵਿਆਪੀ ਲੌਕਡਾਊਨ ਦੌਰਾਨ ਕਸ਼ਮੀਰ ਵਾਦੀ ’ਚ ਹੁਣ ਤੱਕ 21 ਅੱਤਵਾਦੀ ਮਾਰੇ ਜਾ ਚੁੱਕੇ ਹਨ। ਅੱਜ ਦੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਘੇਰਾ ਪਾ ਕੇ ਦੋ ਅਣਪਛਾਤੇ ਅੱਤਵਾਦੀਆਂ ਤੇ ਉਨ੍ਹਾਂ ਦੇ ਇੱਕ ਸਹਿਯੋਗੀ ਨੂੰ ਮਾਰ ਮੁਕਾਇਆ।

ਸੁਰੱਖਿਆ ਪੱਖ ਨੂੰ ਦੇਖਦੇ ਹੋਏ, ਇਲਾਕੇ ’ਚ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਦਿਆਂ ਹੀ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਵਿੱਢੀ ਸੀ, ਤਦ ਇੱਕ ਘਰ ਅੰਦਰ ਮੌਜੂਦ ਅੱਤਵਾਦੀਆਂ ਨੇ ਸੁਰੱਖਿਆ ਬਲਾ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਗੋਲੀਬਾਰੀ ਦੀ ਆਵਾਜ਼ ਤੋਂ ਹੀ ਲੋਕਾਂ ਨੂੰ ਅੰਦਾਜ਼ਾ ਹੋਇਆ ਕਿ ਘਰ ਅੰਦਰ ਦੋ ਤਿੰਨ ਅੱਤਵਾਦੀ ਲੁਕੇ ਹੋਏ ਸਨ। ਫ਼ੌਜੀ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸੇ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ।

ਸੁਰੱਖਿਆ ਬਲਾਂ ਨੂੰ ਖ਼ਦਸ਼ਾ ਸੀ ਕਿ ਇੱਥੇ ਦੋ ਤੋਂ ਤਿੰਨ ਅੱਤਵਾਦੀ ਹਨ, ਅਤੇ ਉਨ੍ਹਾਂ ਦਾ ਖ਼ਦਸ਼ਾ ਸੱਚ ਸਿੱਧ ਹੋਇਆ।

ਦੋਵੇਂ ਪਾਸਿਆਂ ਤੋਂ ਚੱਲੀਆਂ ਜਵਾਬੀ ਗੋਲ਼ੀਆਂ ਤੋਂ ਬਾਅਦ ਆਖ਼ਰ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੂੰ ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਹਾਲੇ ਤਕ ਨਹੀਂ ਹੋ ਸਕੀ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਮਾਰੇ ਗਏ ਤਿੰਨੋਂ ਅੱਤਵਾਦੀ ਸਥਾਨਕ ਹਨ। ਹਾਲਾਂਕਿ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਲੇ ਵੀ ਇਸ ਇਲਾਕੇ ’ਚ ਹੋਰ ਅੱਤਵਾਦੀ ਲੁਕੇ ਹੋ ਸਕਦੇ ਹਨ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ।

ਇਸੇ ਲਈ ਇਹ ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਹਾਲੇ ਜਾਰੀ ਸੀ। ਪਿਛਲੇ 24 ਘੰਟਿਆਂ 'ਚ ਦੱਖਣੀ ਕਸ਼ਮੀਰ 'ਚ ਇਹ ਲਗਾਤਾਰ ਦੂਸਰਾ ਮੁਕਾਬਲਾ ਦੱਸਿਆ ਜਾ ਰਿਹਾ ਹੈ।

adv-img
adv-img