ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਉੱਘੇ ਵਿਦਵਾਨ ਡਾਕਟਰ ਰੂਪ ਸਿੰਘ ਦੁਆਰਾ ਲਿਖੀ ਪੁਸਤਕ ਝੁਲਤੇ ਨਿਸ਼ਾਨ ਰਹੇਂ ਦੀ ਹੋਈ ਘੁੰਡ ਚੁਕਾਈ

By Shanker Badra - August 08, 2018 2:08 pm

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਉੱਘੇ ਵਿਦਵਾਨ ਡਾਕਟਰ ਰੂਪ ਸਿੰਘ ਦੁਆਰਾ ਲਿਖੀ ਪੁਸਤਕ ਝੁਲਤੇ ਨਿਸ਼ਾਨ ਰਹੇਂ ਦੀ ਹੋਈ ਘੁੰਡ ਚੁਕਾਈ:ਸਿੱਖ ਕੌਮ ਦੇ ਉੱਘੇ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵੀਂ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਦੇ ਕਾਨਫਰੰਸ ਹਾਲ ’ਚ ਹੋਏ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਾਰੀ ਕੀਤੀ ਗਈ।ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰ. ਜਗਦੀਸ਼ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਕੁਲਵੰਤ ਸਿੰਘ ਸੂਰੀ, ਡਾ. ਇੰਦਰਜੀਤ ਸਿੰਘ ਗੋਗੋਆਣੀ, ਸ. ਮਨਜੀਤ ਸਿੰਘ ਬਾਠ, ਸ. ਜੋਗਿੰਦਰ ਸਿੰਘ ਅਦਲੀਵਾਲ, ਡਾ. ਅਮਰਜੀਤ ਕੌਰ, ਸ. ਗੁਰਸਾਗਰ ਸਿੰਘ ‘ਸਿੰਘ ਬ੍ਰਦਰਜ਼’ ਸਮੇਤ ਹੋਰਾਂ ਨੇ ਸਾਂਝੇ ਤੌਰ ’ਤੇ ਨਿਭਾਈ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰ. ਜਗਦੀਸ਼ ਸਿੰਘ ਨੇ ਕਿਹਾ ਕਿ ਡਾ. ਰੂਪ ਸਿੰਘ ਦਾ ਗੁਰਮਤਿ ਸਾਹਿਤ ਦੇ ਖੇਤਰ ਵਿਚ ਯੋਗਦਾਨ ਬਾ-ਕਮਾਲ ਹੈ ਅਤੇ ਇਨ੍ਹਾਂ ਨੇ ਗੁਰਮਤਿ ਸਾਹਿਤ ਦੀ ਸਿਰਜਣਾ ਕਰਦਿਆਂ ਹਮੇਸ਼ਾਂ ਪੰਥਕ ਪਹਿਰੇਦਾਰੀ ਕੀਤੀ ਹੈ। ਉਨ੍ਹਾਂ ਲਿਖੀਆਂ ਜਾ ਰਹੀਆਂ ਕੱਚ-ਘਰੜ ਲਿਖਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੌੜ੍ਹ ਵਿਦਵਾਨਾਂ ਨੂੰ ਨਵੇਂ ਲਿਖਾਰੀਆਂ ਨੂੰ ਸਿਖਾਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਨਿੱਗਰ ਸਾਹਿਤ ਪਾਠਕਾਂ ਤੱਕ ਪਹੁੰਚ ਸਕੇ।ਉਨ੍ਹਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਦੇ ਪਾਠਕ ਪੈਦਾ ਕਰਨ ਲਈ ਵੀ ਯਤਨ ਕਰਨ।

ਪ੍ਰਸਿੱਧ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਡਾ. ਰੂਪ ਸਿੰਘ ਦੀ ਨਵੀਂ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਇਕ ਪੰਥ-ਦਰਦੀ, ਸਿੱਖ ਚਿੰਤਕ ਅਤੇ ਪੰਥਕ ਵਿਦਵਾਨ ਦੇ ਦਿਲ ਅੰਦਰਲੀ ਪੰਥਕ ਏਕਤਾ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਤੜਫ ਦਾ ਬਿਆਨ ਹੈ।ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਜੋਗਿੰਦਰ ਸਿੰਘ ਅਦਲੀਵਾਲ ਤੇ ਕੁਲਵੰਤ ਸਿੰਘ ਸੂਰੀ ਨੇ ਕਿਹਾ ਕਿ ਸਿੱਖ ਸਰੋਕਾਰਾਂ ਸਬੰਧੀ ਅਜੋਕੇ ਸਮੇਂ ’ਚ ਜਿਹੋ ਜਿਹੀ ਪਹੁੰਚ ਇਕ ਸਮਰਪਿਤ ਪੰਥਕ ਵਿਦਵਾਨ ਦੀ ਹੋਣੀ ਚਾਹੀਦੀ ਹੈ,ਉਸ ਵਿਚ ਡਾ. ਰੂਪ ਸਿੰਘ ਪੂਰਾ ਉਤਰ ਰਹੇ ਹਨ।

ਬੁਲਾਰਿਆਂ ਨੇ ਕਿਹਾ ਕਿ ਡਾ. ਰੂਪ ਸਿੰਘ ਦੀ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਦਾ ਸਿਰਲੇਖ ਅਜੋਕੇ ਪੰਥਕ ਹਾਲਾਤਾਂ ’ਚ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਦੀ ਤੜਪ ਵਜੋਂ ਵੇਖਿਆ ਜਾਣਾ ਚਾਹੀਦਾ ਹੈ।ਸਿੱਖ ਇਤਿਹਾਸ, ਮਰਯਾਦਾ ਅਤੇ ਸਿਧਾਂਤਾਂ ਸਬੰਧੀ ਅਨੇਕਾਂ ਪੁਸਤਕਾਂ ਦੇ ਰਚੇਤਾ ਡਾ. ਰੂਪ ਸਿੰਘ ਦੀ ਪਹੁੰਚ ਸਦਾ ਹੀ ਪੰਥਕ ਏਕਤਾ ਦੀ ਮੁਦਈ ਰਹੀ ਹੈ,ਜਿਸ ਤੋਂ ਪੰਥਕ ਖੇਤਰ ਦੇ ਨਵੇਂ ਲੇਖਕਾਂ ਤੇ ਵਿਦਿਆਰਥੀਆਂ ਨੂੰ ਸੇਧ ਲੈਣੀ ਚਾਹੀਦੀ ਹੈ।

ਅਖ਼ੀਰ ਵਿਚ ਡਾ. ਰੂਪ ਸਿੰਘ ਨੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਅੱਜ ਦੇ ਸਮੇਂ ’ਚ ਹਰ ਸਿੱਖ ਵਿਦਵਾਨ ਆਪਣੇ ਆਪ ਨੂੰ ਪੰਥ ਹਿਤੈਸ਼ੀ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਇਸ ਦਾ ਅਮਲ ਬਿਖਮ ਹੈ।ਪੰਥ ਹਿਤੈਸ਼ੀ ਅਖਵਾਉਣਾ ਤੇ ਪੰਥ ਹਿਤੈਸ਼ੀ ਹੋਣਾ ਅਲੱਗ ਗੱਲ ਹੈ।ਡਾ. ਰੂਪ ਸਿੰਘ ਨੇ ਕਿਹਾ ਕਿ ਉਹ ਇਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਕਲਮ ਰਾਹੀਂ ਜੋ ਵੀ ਪੰਥਕ ਸੇਵਾ ਕੀਤੀ ਹੈ, ਉਹ ਸ੍ਰੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਦਾ ਸਦਕਾ ਹੀ ਸੰਭਵ ਹੋ ਸਕਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਕਲਮ ਦਾ ਇਕ ਇਕ ਅੱਖਰ ਖਾਲਸਾ ਪੰਥ ਨੂੰ ਸਮਰਪਿਤ ਹੋਵੇ।ਸਟੇਜ ਸਕੱਤਰ ਦੇ ਫਰਜ਼ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਨੇ ਨਿਭਾਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ ਤੇ ਬਲਵਿੰਦਰ ਸਿੰਘ ਜੌੜਾ ਸਿੰਘਾ, ਸਾਬਕਾ ਸਕੱਤਰ ਸਤਬੀਰ ਸਿੰਘ ਧਾਮੀ,ਅਨੂਪ ਸਿੰਘ,ਹਰਬੰਸ ਸਿੰਘ ਮੰਝਪੁਰ,ਕੁਲਵਿੰਦਰ ਸਿੰਘ ਰਮਦਾਸ, ਡਾ. ਗੁਰਵੀਰ ਸਿੰਘ,ਗੁਰਬਚਨ ਸਿੰਘ ਲੇਹਲ,ਜਥੇਦਾਰ ਪ੍ਰਦੀਪ ਸਿੰਘ ਵਾਲੀਆ,ਗੁਰਪ੍ਰੀਤ ਸਿੰਘ ਆਹਲੂਵਾਲੀਆ, ਭਾਈ ਸੁਰਿੰਦਰ ਸਿੰਘ ਮਿੱਠਾ ਟਿਵਾਣਾ,ਸੁਰਿੰਦਰ ਸਿੰਘ ਰੁਮਾਲਿਆਂ ਵਾਲੇ,ਸਤਵਿੰਦਰ ਸਿੰਘ ਫੂਲਪੁਰ,ਪ੍ਰਿੰਸੀਪਲ ਬਲਦੇਵ ਸਿੰਘ, ਡਾ. ਰਣਜੀਤ ਕੌਰ, ਡਾ. ਅਮਰਜੀਤ ਕੌਰ, ਪ੍ਰੋਫੈਸਰ ਮਨਜੀਤ ਕੌਰ, ਕੁਲਦੀਪ ਸਿੰਘ ਬਾਵਾ,ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਗਿਆਨੀ ਸੁਰਿੰਦਰ ਸਿੰਘ ਨਿਮਾਣਾ ਆਦਿ ਮੌਜੂਦ ਸਨ।
-PTCNews

adv-img
adv-img