ਮੁੱਖ ਖਬਰਾਂ

ਜੋਧਪੁਰ ਜੇਲ੍ਹ ’ਚ ਬੰਦੀ ਸਿੱਖਾਂ ਦੇ ਕੇਸਾਂ ਵਿਚ ਮਦਦ ਕਰਨ ਵਾਲੇ ਜੋਗਿੰਦਰ ਸਿੰਘ ਦਾ SGPC ਵੱਲੋਂ ਸਨਮਾਨ

By Shanker Badra -- November 20, 2021 5:11 pm -- Updated:Feb 15, 2021

ਅੰਮ੍ਰਿਤਸਰ : ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਤਕਾਲੀ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਗ੍ਰਿਫ਼ਤਾਰ ਕਰਕੇ ਜੋਧਪੁਰ ਜੇਲ੍ਹ ਵਿਚ ਲਿਜਾਏ ਗਏ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਵਾਲੇ ਜੋਗਿੰਦਰ ਸਿੰਘ ਸਲੂਜਾ ਦਾ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਜੋਗਿੰਦਰ ਸਿੰਘ ਨੇ ਉਸ ਸਮੇਂ ਔਖੇ ਹਾਲਾਤਾਂ ਵਿਚ ਵੀ ਸੰਘਰਸ਼ੀ ਸਿੱਖਾਂ ਦੀ ਮਦਦ ਲਈ ਹੱਥ ਵਧਾਇਆ ਸੀ।

ਸਨਮਾਨ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਤਬੀਰ ਸਿੰਘ ਧਾਮੀ, ਜੋਧਪੁਰ ਜੇਲ੍ਹ ਵਿਚ ਬੰਦੀ ਰਹੇ ਜਸਬੀਰ ਸਿੰਘ ਘੁੰਮਣ ਨੇ ਜੋਗਿੰਦਰ ਸਿੰਘ ਵੱਲੋਂ ਨਿਭਾਈਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਨੇ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਸਿੱਖਾਂ ਦੀਆਂ ਮੁਲਾਕਾਤਾਂ, ਕੇਸਾਂ ਦੀ ਪੈਰਵਾਈ ਲਈ ਜਾਂਦੇ ਵਕੀਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਹਰ ਪੱਧਰ ’ਤੇ ਸਾਥ ਦਿੱਤਾ। ਜੋਖਮ ਝੱਲ ਕੇ ਜੋਗਿੰਦਰ ਸਿੰਘ ਸਲੂਜਾ ਨੇ ਜੋ ਸੇਵਾ ਕੀਤੀ, ਕੌਮ ਨੂੰ ਉਸ ’ਤੇ ਸਦਾ ਮਾਣ ਰਹੇਗਾ।

ਉਨ੍ਹਾਂ ਆਖਿਆ ਕਿ ਜੂਨ 1984 ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਉਸ ਸਮੇਂ ਸਿੱਖਾਂ ਨਾਲ ਹਕੂਮਤ ਨੇ ਜੋ ਧੱਕਾ ਕੀਤਾ, ਉਹ ਨਾ ਸਹਿਣਯੋਗ ਸੀ। ਸ. ਜੋਗਿੰਦਰ ਸਿੰਘ ਸਲੂਜਾ ਨੇ ਆਪਣੀ ਪ੍ਰਵਾਹ ਨਾ ਕੀਤੇ ਬਿਨਾ ਸੰਘਰਸ਼ੀ ਸਿੱਖਾਂ ਨਾਲ ਖੜ੍ਹਨ ਦਾ ਫੈਸਲਾ ਕਰਕੇ ਗੁਰੂ ਸਾਹਿਬ ਦੇ ਆਦਰਸ਼ਾਂ ਦੀ ਪਾਲਣਾ ਕੀਤੀ। ਇਸ ਲਈ ਕੌਮ ਇਨ੍ਹਾਂ ਦੀ ਸਦਾ ਰਿਣੀ ਰਹੇਗੀ।

ਇਸ ਮੌਕੇ ਜੋਗਿੰਦਰ ਸਿੰਘ ਸਲੂਜਾ ਨੇ ਕਿਹਾ ਕਿ ਜਦੋਂ ਮੈਂ ਨਜ਼ਰਬੰਦ ਸਿੱਖਾਂ ਦੀ ਮੱਦਦ ਦਾ ਫੈਸਲਾ ਕੀਤਾ ਤਾਂ ਗੁਰਦੁਆਰਾ ਸਿੰਘ ਸਭਾ ਜਿਸ ਦਾ ਮੈਂ ਜਨਰਲ ਸਕੱਤਰ ਸੀ, ਨੇ ਸਹਿਯੋਗ ਦੇਣ ਤੋਂ ਮਨ੍ਹਾ ਕਰ ਦਿੱਤਾ ਪਰ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਮੈਂ ਇਕੱਲਿਆਂ ਹੀ ਇਸ ਸੇਵਾ ਨੂੰ ਚੁਣਿਆ ਅਤੇ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਸਨਮਾਨ ਦੇਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਸਲੂਜਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਨੇ ਸਨਮਾਨ ਦਿੱਤਾ।
-PTCNews