ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਸੇਵਾਵਾਂ ਦੇ ਰਹੇ ਕਰਮਚਾਰੀਆਂ ਦੇ ਬੱਚਿਆਂ ਲਈ SGPC ਵੱਲੋਂ ਵੱਡਾ ਐਲਾਨ

By Shanker Badra - April 22, 2020 7:04 pm

ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਸੇਵਾਵਾਂ ਦੇ ਰਹੇ ਕਰਮਚਾਰੀਆਂ ਦੇ ਬੱਚਿਆਂ ਲਈ SGPC ਵੱਲੋਂ ਵੱਡਾ ਐਲਾਨ:ਅੰਮ੍ਰਿਤਸਰ : ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਲਈ ਮੋਹਰਲੀ ਕਤਾਰ ਵਿਚ ਸੇਵਾਵਾਂ ਨਿਭਾਅ ਰਹੇ ਸਿਹਤ, ਮੀਡੀਆ, ਪੁਲਿਸ ਤੇ ਹੋਰ ਅਮਲੇ ਦੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਵਿਖੇ ਪੈਰਾ-ਮੈਡੀਕਲ ਕੋਰਸਾਂ ਵਿਚ ਮੁਫਤ ਪੜਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੌਜੂਦਾ ਸੰਕਟ ਸਮੇਂ ਡਾਕਟਰਾਂ, ਪੁਲਿਸ, ਮੀਡੀਆ ਕਰਮੀਆਂ, ਸਟਾਫ ਨਰਸਾਂ ਤੇ ਹੈਲਥ ਵਰਕਰਾਂ ਆਦਿ ਵੱਲੋਂ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਵਿਸ਼ੇਸ਼ ਪੈਕਜ ਤਿਆਰ ਕੀਤਾ ਗਿਆ ਹੈ। ਇਨ੍ਹਾਂ ਕਰਮੀਆਂ ਦੇ ਜਿਹੜੇ ਬੱਚੇ ਸਾਲ 2020-2021 ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਿਖੇ ਚੱਲ ਰਹੇ ਪੈਰਾ-ਮੈਡੀਕਲ ਕੋਰਸਾਂ ਵਿਚ ਦਾਖਲ ਹੋਣਗੇ ਉਨ੍ਹਾਂ ਪਾਸੋਂ ਪੂਰੇ ਕੋਰਸ ਦੌਰਾਨ ਕੋਈ ਫੀਸ ਨਹੀਂ ਲਈ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਕਰਵਾਏ ਜਾਣ ਵਾਲੇ ਪੈਰਾ-ਮੈਡੀਕਲ ਕੋਰਸਾਂ ਵਿਚ ਨਰਸਿੰਗ, ਐਨਾਟਮੀ, ਫਿਜੀਓਲੋਜੀ, ਬਾਇਓਕੈਮਿਸਟਰੀ, ਐਨਸਥੀਸੀਆ ਟੈਕਨੋਲੋਜੀ, ਮੈਡੀਕਲ ਲੈਬੋਰਟਰੀ ਟੈਕਨੋਲੋਜੀ, ਓਪ੍ਰੇਸ਼ਨ ਥੀਏਟਰ ਟੈਕਨੋਲੋਜੀ, ਕੈਥ ਲੈਬ ਟੈਕਨੋਲੋਜੀ, ਫੀਜੀਓਥਰੈਪੀ, ਓਪਟੋਮੈਟਰੀ, ਰੇਡੀਓਲੋਜੀ ਐਂਡ ਇਮਜਿੰਗ ਟੈਕਨੋਲੋਜੀ ਆਦਿ ਕੋਰਸ ਸ਼ਾਮਲ ਹੋਣਗੇ।

ਭਾਈ ਲੌਂਗੋਵਾਲ ਨੇ ਦੱਸਿਆ ਕਿ ਲੋਕ ਭਲਾਈ ਸੇਵਾਵਾਂ ਦੇ ਰਹੇ ਕਰਮੀਆਂ ਦੇ ਬੱਚੇ ਡਿਗਰੀ ਤੇ ਡਿਪਲੋਮਾ ਦੋਵੇਂ ਕੋਰਸ ਮੁਫਤ ਕਰ ਸਕਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸੰਕਟਮਈ ਸਮੇਂ ਸੇਵਾਵਾਂ ਨਿਭਾਉਣ ਵਾਲੇ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ, ਸਿਹਤ, ਮੀਡੀਆ, ਸਫਾਈ ਆਦਿ ਕਰਮੀਆਂ ਨਾਲ ਖੜ੍ਹਨਾ ਸਾਡਾ ਫਰਜ਼ ਹੈ ਅਤੇ ਸ਼੍ਰੋਮਣੀ ਕਮੇਟੀ ਮੋਹਰਲੀ ਕਤਾਰ ਵਿਚ ਸੇਵਾ ਨਿਭਾਅ ਰਹੇ ਅਮਲੇ ਦੇ ਨਾਲ ਹੈ।
-PTCNews

adv-img
adv-img