Thu, Apr 25, 2024
Whatsapp

ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ ’1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

Written by  Shanker Badra -- November 02nd 2018 04:29 PM -- Updated: November 02nd 2018 04:31 PM
ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ ’1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ ’1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ ’1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ:ਕਾਂਗਰਸ ਜਮਾਤ ਸਦਾ ਹੀ ਸਿੱਖਾਂ ਦੀ ਵਿਰੋਧੀ ਰਹੀ ਹੈ ਅਤੇ ਜਦੋਂ-ਜਦੋਂ ਵੀ ਇਸ ਦੀ ਦੇਸ਼ ਅਤੇ ਪੰਜਾਬ ਅੰਦਰ ਸਰਕਾਰ ਬਣੀ ਤਾਂ ਇਸ ਨੇ ਸਿੱਖਾਂ ’ਤੇ ਜ਼ੁਲਮ ਕਰਦਿਆਂ ਮੁਗਲ ਹਕੂਮਤ ਨੂੰ ਵੀ ਮਾਤ ਦਿੱਤੀ।ਪਹਿਲਾਂ ਜੂਨ 1984 ’ਚ ਸਿੱਖ ਕੌਮ ਦੇ ਮਹਾਨ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਸ ਨੇ ਤੋਪਾਂ, ਟੈਂਕਾਂ ਅਤੇ ਅੰਨ੍ਹੇਵਾਹ ਗੋਲੀਬਾਰੀ ਨਾਲ ਵੱਡੀ ਤਦਾਦ ਵਿਚ ਸਿੱਖ ਸੰਗਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਫਿਰ ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਵਿਰੁੱਧ ਬਦਨੀਤੀ ਦਾ ਸਬੂਤ ਦਿੱਤਾ। ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਭਾਈ ਲੌਂਗੋਵਾਲ ਨੇ ਆਖਿਆ ਕਿ ਜੂਨ ਅਤੇ ਨਵੰਬਰ 1984 ਦੇ ਦੁਖਦਾਈ ਅਤੇ ਪੀੜਾਮਈ ਸਮੇਂ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਅਤੇ ਹਰ ਸਾਲ ਇਨ੍ਹਾਂ ਮਹੀਨਿਆਂ ਦੌਰਾਨ ਸਿੱਖਾਂ ਦੇ ਜ਼ਖ਼ਮ ਫਿਰ ਤਾਜ਼ਾ ਹੋ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਸਿੱਖ ਕਤਲੇਆਮ ਦੇ ਦੋਸ਼ੀ ਸਾਹਮਣੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਜੇ ਤੀਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਜਦਕਿ ਪੀੜਤ ਪਿਛਲੇ 34 ਸਾਲਾਂ ਤੋਂ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।ਭਾਈ ਲੌਂਗੋਵਾਲ ਨੇ ਕਾਂਗਰਸ ’ਤੇ ਵਰਦਿਆਂ ਅੱਗੇ ਕਿਹਾ ਕਿ ਹੁਣ ਇਸ ਨੇ ਸਿੱਖਾਂ ’ਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਪੰਜਾਬ ਬੋਰਡ ਦੇ ਸਿਲੇਬਸ ਦੀ ਆੜ ਵਿਚ ਸਿੱਖ ਇਤਿਹਾਸ ਦੀ ਪ੍ਰਮਾਣਿਕਤਾ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ, ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਰੋਹ ਅਤੇ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਗਲੀ ਪੀੜੀ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਨਾਲੋਂ ਤੋੜਨ ਦੀ ਚਾਲ ਨੂੰ ਸਿੱਖ ਕੌਮ ਕਦੇ ਵੀ ਪੂਰਾ ਹੋਣ ਦੇਵੇਗੀ ਅਤੇ ਇਸ ਬੌਧਿਕ ਹਮਲੇ ਵਿਰੁੱਧ ਆਰ-ਪਾਰ ਦੀ ਲੜਾਈ ਲੜੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਇਤਿਹਾਸ ਨੂੰ ਬਚਾਉਣ ਅਤੇ ਨੌਜੁਆਨਾਂ ਤੱਕ ਸਹੀ ਇਤਿਹਾਸ ਪਹੁੰਚਾਉਣ ਲਈ ਵਿੱਢੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਸਿੱਖਾਂ ਦੇ ਮਸਲਿਆਂ ਦਾ ਹੱਲ ਕਰਵਾਉਣ ਲਈ ਮੋਹਰੀ ਰੋਲ ਅਦਾ ਕਰਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼ੋਮਣੀ ਅਕਾਲੀ ਦਲ ਸਾਂਝੇ ਯਤਨਾਂ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਸਮੇਂ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਅਤੇ ਕਿਹਾ ਕਿ ਸਿੱਖਾਂ ਦੇ ਮਨਾਂ ’ਚ ਓਨੀ ਦੇਰ ਰੋਸ ਘੱਟ ਨਹੀਂ ਸਕਦਾ, ਜਿੰਨੀ ਦੇਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਪਾਵਨ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਵਾਇਆ। -PTCNews


Top News view more...

Latest News view more...