ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਸਲਾਂ ਦੀ ਸ਼ਰਤੀਆ ਖਰੀਦ, ਸਿੱਧੀ ਆਮਦਨ ਸਹਾਇਤਾ, ਫਸਲੀ ਬੀਮਾ ਅਤੇ ਕਰਜ਼ਾ ਮੁਆਫੀ ਦੀ ਵਕਾਲਤ

Parkash Singh Badal advocates assured marketing, direct income support and crop insurance
Parkash Singh Badal advocates assured marketing, direct income support and crop insurance

ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਸਲਾਂ ਦੀ ਸ਼ਰਤੀਆ ਖਰੀਦ, ਸਿੱਧੀ ਆਮਦਨ ਸਹਾਇਤਾ, ਫਸਲੀ ਬੀਮਾ ਅਤੇ ਕਰਜ਼ਾ ਮੁਆਫੀ ਦੀ ਵਕਾਲਤ,ਚੰਡੀਗੜ : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਅੰਦਰ ਵਧ ਰਹੇ ਖੇਤੀ ਸੰਕਟ ਨੂੰ ਹੱਲ ਕਰਨ ਵਾਸਤੇ ਮੁੱਢਲੇ ਕਦਮਾਂ ਵਜੋਂ ਘੱਟੋ ਘੱਟ ਸਮਰਥਨ ਮੁੱਲ ਉਤੇ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਅਤੇ ਉਤਪਾਦਨ ਸਬਸਿਡੀ ਦੇ ਰੂਪ ਵਿਚ ਸਿੱਧੀ ਆਮਦਨ ਸਹਾਇਤਾ ਦੇਣ ਵਾਸਤੇ ਤੁਰੰਤ ਪ੍ਰਭਾਵਸ਼ਾਲੀ ਫੈਸਲੇ ਲੈਣ ਦੀ ਅਪੀਲ ਕੀਤੀ ਹੈ।

ਅੱਜ ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਹਾਲਾਂਕਿ ਕਰਜ਼ਾ ਮੁਆਫੀਆਂ ਕਿਸਾਨਾਂ ਦੀ ਹੰਗਾਮੀ ਮੱਦਦ ਵਜੋਂ ਥੋੜੇ ਸਮੇਂ ਲਈ ਲਾਜ਼ਮੀ ਹਨ, ਪਰੰਤੂ ਖੇਤੀਬਾੜੀ ਨੂੰ ਮੁਨਾਫੇਯੋਗ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਆਤਮ-ਨਿਰਭਰ ਬਣਾਉਣ ਲਈ ਦੀਰਘਕਾਲੀ ਉਪਰਾਲਿਆਂ ਦੀ ਲੋੜ ਹੈ।

ਆਪਣੀ ਆਰਥਿਕ ਦ੍ਰਿਸ਼ਟੀ ਅੰਦਰ ਖੇਤੀਬਾੜੀ ਨੂੰ ਸਭ ਤੋਂ ਉੱਪਰ ਰੱਖਣ ਅਤੇ ਇਸ ਨੂੰ ਮੁਨਾਫੇਯੋਗ ਧੰਦਾ ਬਣਾਉਣ ਵਾਸਤੇ ਸਵਾਮੀਨਾਥਨ ਫਾਰਮੂਲੇ ਨੂੰ ਲਾਗੂ ਕਰਨ ਲਈ ਚੁੱਕੇ ਠੋਸ ਅਤੇ ਇਤਿਹਾਸਕ ਕਦਮਾਂ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਬਾਦਲ ਨੇ ਮੋਦੀ ਨੂੰ ਕਿਹਾ ਕਿ ਉਹ ਅੱਜ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਇੱਕ ਪ੍ਰਭਾਵਸ਼ਾਲੀ, ਅਰਥ-ਭਰਪੂਰ ਅਤੇ ਵਿਆਪਕ ਫਸਲੀ ਬੀਮਾ ਸਕੀਮ ਲੈ ਕੇ ਆਉਣ।

ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਰਾਲੀ ਫੂਕਣ ਤੋਂ ਰੋਕਣ ਲਈ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਮੁਆਵਜ਼ਾ ?

ਉਹਨਾਂ ਕਿਹਾ ਕਿ ਇਸ ਸਕੀਮ ਨੂੰ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਲਾਗੂ ਕੀਤਾ ਜਾਵੇ, ਜਿੱਥੇ ਇਸ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਲਈ ਰਾਜ ਜ਼ਿੰਮੇਵਾਰ ਹੋਣ ਅਤੇ ਕੇਂਦਰ ਇਸ ਵਾਸਤੇ ਫੰਡ ਮੁਹੱਈਆ ਕਰਵਾਏ।ਉਹਨਾਂ ਕਿਹਾ ਕਿ ਲੰਬੇ ਸਮੇਂ ਲਈ ਕਿਸਾਨਾਂ ਦੀ ਮੱਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਖੇਤੀਬਾੜੀ ਕਰਜ਼ਿਆਂ ਦੇ ਪ੍ਰਬੰਧ ਨੂੰ ਬਦਲ ਕੇ ਸੌਖਾ ਅਤੇ ਖੇਤੀ ਨੂੰ ਉਤਸ਼ਾਹਿਤ ਕਰਨ ਵਾਲਾ ਬਣਾਇਆ ਜਾਵੇ।

ਇਸ ਮਕਸਦ ਲਈ ਕਿਸਾਨਾਂ ਨੂੰ ਸੌਖੇ ਅਤੇ ਲਚਕੀਲੇ ਫਸਲੀ ਕਰਜ਼ੇ ਵੱਧ ਤੋਂ ਵੱਧ 3 ਫੀਸਦੀ ਵਿਆਜ ਦਰ ਉੱਤੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਖੇਤੀਬਾੜੀ ਨਿਵੇਸ਼ ਕਰੈਡਿਟ 6 ਫੀਸਦੀ ਅਤੇ ਰਿਆਇਤੀ ਛੋਟ 4 ਫੀਸਦੀ ਦਿੱਤੀ ਜਾਣੀ ਚਾਹੀਦੀ ਹੈ। ਇਹ ਟਿੱਪਣੀ ਕਰਦਿਆਂ ਕਿ ਫਸਲਾਂ ਦੀ ਲਾਜ਼ਮੀ ਖਰੀਦ ਦੀ ਗੈਰਹਾਜ਼ਰੀ ਵਿਚ ਘੱਟੋ ਘੱਟ ਸਮਰਥਨ ਮੁੱਲ ਅਰਥਹੀਣ ਹੋ ਜਾਂਦਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਣਕ ਅਤੇ ਝੋਨੇ ਦੀ ਤਰਜ਼ ਉੱਤੇ ਜਿਹਨਾਂ ਫਸਲਾਂ ਦੀ ਐਮਐਸਪੀ ਐਲਾਨੀ ਗਈ ਹੈ, ਉਹਨਾਂ ਦੀ ਖਰੀਦ ਲਈ ਢੁੱਕਵਾਂ ਮਾਰਕੀਟਿੰਗ ਢਾਂਚਾ ਉਪਲੱਬਧ ਹੋਣਾ ਚਾਹੀਦਾ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਮੇਸ਼ਾਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੇ ਇੱਛੁਕ ਰਹੇ ਹਨ, ਬਸ਼ਰਤੇ ਸਰਕਾਰ ਇਹਨਾਂ ਫਸਲਾਂ ਦਾ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਯਕੀਨੀ ਬਣਾਵੇ। ਜਿਵੇਂ ਕਿ ਉਸ ਸਮੇਂ ਕੀਤਾ ਗਿਆ ਸੀ, ਜਦੋਂ ਦੇਸ਼ ਨੂੰ ਵਧੇਰੇ ਕਣਕ ਅਤੇ ਝੋਨੇ ਦੀ ਜਰੂਰਤ ਸੀ।ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਖੇਤੀ ਉਤਪਾਦਨ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਅਤੇ ਉਤਪਾਦਨ ਵਧਾਉਣ ਲਈ ਖੇਤੀ ਖੋਜ-ਕਾਰਜਾਂ ਵਾਸਤੇ ਬਜਟ ਵਿਚ ਰੱਖੀ ਜਾਂਦੀ ਰਾਸ਼ੀ ਨੂੰ ਵਧਾਏ ਜਾਣ ਦੀ ਲੋੜ ਹੈ।

ਹੋਰ ਪੜ੍ਹੋ:ਪੇਸ਼ਾਵਰ ਟੈਕਸ ਅਤੇ ਸਰਚਾਰਜ ਲਗਾ ਕੇ ਕਾਂਗਰਸ ਸਰਕਾਰ ਵੱਲੋਂ ਸਾਰੇ ਵਰਗਾਂ ਦਾ ਲੱਕ ਤੋੜਣ ਦੀ ਤਿਆਰੀ: ਅਕਾਲੀ ਦਲ

ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਦੇਣ ਦੀ ਵਕਾਲਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਲਾਗਤ ਅਤੇ ਖੇਤੀ ਉਤਪਾਦਨ ਵਿਚਲੇ ਵੱਡੇ ਪਾੜੇ ਦਾ ਸੰਤਾਪ ਭੋਗ ਰਿਹਾ ਹੈ। ਫਸਲਾਂ ਤਿਆਰ ਕਰਨ ਉੱਤੇ ਜਿੰਨੀ ਵੱਧ ਲਾਗਤ ਆਉਂਦੀ ਹੈ, ਫਸਲਾਂ ਦੀ ਬਾਜ਼ਾਰ ਵਿਚ ਉੰਨੀ ਕੀਮਤ ਨਹੀਂ ਮਿਲਦੀ ਹੈ। ਉਹਨਾਂ ਕਿਹਾ ਕਿ ਵਾਹੀਯੋਗ ਜ਼ਮੀਨ ਦਾ ਘਟ ਰਿਹਾ ਆਕਾਰ, ਕਿਸਾਨਾਂ ਅਤੇ ਉਹਨਾਂ ਦੇ ਆਸ਼ਰਿਤਾਂ ਲਈ ਗੈਰ-ਖੇਤੀ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਤੋਂ ਇਲਾਵਾ ਦਿਹਾਤੀ ਖੇਤਰਾਂ ਵਿਚ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਡਿੱਗ ਰਹੇ ਮਿਆਰ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਇਸੇ ਕਰਕੇ ਪੂਰੇ ਦੇਸ਼ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਬਾਦਲ ਨੇ ਕਿਹਾ ਕਿ ਇਹਨਾਂ ਕਾਰਣਾਂ ਕਰਕੇ ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਦੇਣਾ ਦੇਸ਼ ਦੀ ਆਪਣੇ ਅੰਨਦਾਤੇ ਪ੍ਰਤੀ ਇੱਕ ਨੈਤਿਕ ਅਤੇ ਆਰਥਿਕ ਜ਼ਿੰਮੇਵਾਰੀ ਬਣ ਚੁੱਕੀ ਹੈ। ਸਰਦਾਰ ਬਾਦਲ ਨੇ ਕਿਸਾਨਾਂ ਦੀਆਂ ਫਸਲਾਂ ਦਾ ਵਧੀਆ ਮੁੱਲ ਦਿਵਾਉਣ ਵਾਸਤੇ ਉਹਨਾਂ ਦੀ ਮੱਦਦ ਕਰਨ ਲਈ ਸਮੁੱਚੀ ਵੈਲਿਯੂ ਐਡੀਸ਼ਨ ਚੇਨ ਅੰਦਰ ਕਿਸਾਨਾਂ ਦੀ ਗਰੁੱਪਾਂ ਵਜੋਂ ਸ਼ਮੂਲੀਅਤ ਕਰਵਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਟਾਈ ਤੋਂ ਪਹਿਲਾਂ ਅਤੇ ਕਟਾਈ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਦੀ ਸੰਭਾਲ ਲਈ ਇੱਕ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਵੀ ਲੋੜ ਹੈ, ਜਿਸ ਨੂੰ ਜਨਤਕ ਸੈਕਟਰ ਰਾਹੀਂ ਜਾਂ ਪੀਪੀਪੀ ਵਿਧੀ ਰਾਹੀਂ ਤਿਆਰ ਕੀਤਾ ਜਾ ਸਕਦਾ ਹੈ।

-PTC News