ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਕਿਹਾ, ਸਿੱਖ-ਵਿਰੋਧੀ ਸਟੈਂਡ ਨਾ ਲਓ ਅਤੇ 20 ਡਾਲਰ ਸਰਵਿਸ ਫੀਸ ਦੇਣ ਦੀ ਚੁੱਕੋ ਜ਼ਿੰਮੇਵਾਰੀ

By Jashan A -- November 14, 2019 4:44 pm

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਕਿਹਾ, ਸਿੱਖ-ਵਿਰੋਧੀ ਸਟੈਂਡ ਨਾ ਲਓ ਅਤੇ 20 ਡਾਲਰ ਸਰਵਿਸ ਫੀਸ ਦੇਣ ਦੀ ਚੁੱਕੋ ਜ਼ਿੰਮੇਵਾਰੀ

ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਵੱਲ ਸਰਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ

ਕਿਹਾ ਕਿ ਮੁੱਖ ਮੰਤਰੀ ਜੁਆਬ ਦੇਵੇ ਕਿ ਸਿੱਖ ਯਾਤਰੀਆਂ ਦੀ ਮੱਦਦ ਲਈ ਮੁੱਖ ਮੰਤਰੀ ਤੀਰਥ ਯੋਜਨਾ ਨੂੰ ਕਿਉਂ ਨਹੀਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ

ਮੁੱਖ ਮੰਤਰੀ ਨੂੰ ਕਿਹਾ ਕਿ ਸਿਰਫ ਸਵੈ ਪ੍ਰਸੰਸਾ ਲਈ ਅਤੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਪਰਕਾਸ਼ ਪੁਰਬ ਸਮਾਗਮਾਂ ਦਾ ਸਿਆਸੀਕਰਨ ਕਰਨ ਵਾਸਤੇ ਉਹ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ-ਵਿਰੋਧੀ ਸਟੈਂਡ ਲੈਣ ਤੋਂ ਵਰਜਦੇ ਹੋਏ ਕਿਹਾ ਹੈ ਕਿ ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯੋਜਨਾ ਨੂੰ ਦੁਬਾਰਾ ਸ਼ੁਰੂ ਕਰਕੇ ਸ਼ਰਧਾਲੂਆਂ ਕੋਲੋਂ ਕਰਤਾਰਪੁਰ ਲਾਂਘੇ ਦਾ ਇਸਤਾਮਾਲ ਕਰਨ ਲਈ ਪਾਕਿਸਤਾਨ ਵੱਲੋਂ ਵਸੂਲੀ ਜਾਂਦੀ 20 ਡਾਲਰ ਦੀ ਸਰਵਿਸ ਫੀਸ ਦੇਣ ਦੀ ਜ਼ਿੰਮੇਵਾਰੀ ਚੁੱਕਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਸਿੱਖ ਸ਼ਰਧਾਲੂਆਂ ਦੀ ਮੱਦਦ ਕਰਨ ਦੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਰਕਾਉਣ ਦੀ ਕੋਸ਼ਿਸ਼ ਕਰਨ ਦਾ ਸਖ਼ਤ ਨੋਟਿਸ ਲਿਆ। ਉਹਨਾਂ ਕਿਹਾ ਕਿ ਤੁਸੀਂ ਅਜਿਹੇ ਊਟ-ਪਟਾਂਗ ਮਸ਼ਵਰੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ।

ਉਹਨਾਂ ਕਿਹਾ ਕਿ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਮੱਦਦ ਕਰਨ ਲਈ ਮੁੱਖ ਮੰਤਰੀ ਤੀਰਥ ਯੋਜਨਾ ਨੂੰ ਦੁਬਾਰਾ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਹੈ?

ਮੁੱਖ ਮੰਤਰੀ ਨੂੰ ਇਹ ਪੁੱਛਦਿਆਂ ਕਿ ਉਹ ਦਿੱਲੀ ਸਰਕਾਰ ਦੀ ਤਰਜ਼ ਉੱਤੇ 20 ਡਾਲਰ ਸਰਵਿਸ ਫੀਸ ਦੇਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈ ਸਕਦਾ, ਅਕਾਲੀ ਆਗੂ ਨੇ ਕਿਹਾ ਕਿ ਤੁਸੀਂ ਪੰਜਾਬ ਅੰਦਰ ਅਤੇ ਸੂਬੇ ਤੋਂ ਬਾਹਰ ਆਪਣੇ ਵੱਡੇ ਵੱਡੇ ਹੋਰਡਿੰਗ ਅਤੇ ਪੋਸਟਰ ਲਗਵਾਉਣ ਉੱਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ।ਤੁਸੀਂ ਇੱਕ ਵੱਖਰਾ ਪੰਡਾਲ ਲਗਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਕਾਸ਼ ਪੁਰਬ ਸਮਾਗਮ 12 ਨਵੰਬਰ ਨੂੰ ਸਾਂਝੇ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਸਟੇਜ ਉੱਤੇ ਮਨਾਉਣ ਦੇ ਆਦੇਸ਼ ਦੀ ਉਲੰਘਣਾ ਕੀਤੀ। ਇਸ ਸਾਰੀ ਕਾਰਵਾਈ ਵਿਚ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ।

ਹੋਰ ਪੜ੍ਹੋ:ਜਸਟਿਸ ਰਣਜੀਤ ਸਿੰਘ ਗਿੱਲ ਰਿਪੋਰਟ ਦਾ ਦੁਬਾਰਾ ਲੀਕ ਹੋਣਾ ਮਰਿਆਦਾ ਦੀ ਉਲੰਘਣਾ ਹੈ: ਅਕਾਲੀ ਦਲ

ਉਹਨਾਂ ਕਿਹਾ ਕਿ ਜੇਕਰ ਤੁਸੀਂ ਐਸਜੀਪੀਸੀ ਨੂੰ 550ਵੇਂ ਪਰਕਾਸ਼ ਪੁਰਬ ਸਮਾਗਮ ਮਰਿਆਦਾ ਅਨੁਸਾਰ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਆਗਿਆ ਦੇ ਕੇ ਇਹਨਾਂ ਸਾਂਝੇ ਸਮਾਗਮਾਂ ਵਿਚ ਭਾਗ ਲਿਆ ਹੁੰਦਾ ਤਾਂ ਤੁਸੀਂ ਕਈ ਸੌ ਕਰੋੜ ਰੁਪਏ ਬਚਾ ਸਕਦੇ ਸੀ, ਜਿਹਨਾਂ ਦਾ ਇਸਤੇਮਾਲ ਸਿੱਖ ਸੰਗਤ ਦੀ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਪੂਰੀ ਕਰਨ ਲਈ ਕੀਤਾ ਜਾ ਸਕਦਾ ਸੀ।

ਇਹ ਟਿੱਪਣੀ ਕਰਦਿਆਂ ਕਿ ਅਜੇ ਹੀ ਗਲਤੀ ਸੁਧਾਰੀ ਜਾ ਸਕਦੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਸਵੈ ਪ੍ਰਸੰਸਾ ਲਈ ਅਤੇ ਸਾਰੇ ਫਰੰਟਾਂ ਉੱਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਪਰਕਾਸ਼ ਪੁਰਬ ਸਮਾਗਮਾਂ ਦਾ ਸਿਆਸੀਕਰਨ ਕਰਨ ਵਾਸਤੇ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਸਰਕਾਰ ਨੂੰ ਤੀਰਥ ਯਾਤਰਾ ਸਕੀਮ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਅਤੇ 20 ਡਾਲਰ ਫੀਸ ਦੇਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਮੰਤਵ ਲਈ ਸਿਰਫ 300 ਕਰੋੜ ਰੁਪਏ ਦੀ ਲੋੜ ਹੈ ਅਤੇ ਜਿਸ ਵਾਸਤੇ ਸਰਕਾਰ ਨੂੰ ਸਿਰਫ ਆਪਣੀ ਫਜ਼ੂਲਖਰਚੀ ਨੂੰ ਨੱਥ ਪਾਉਣ ਦੀ ਲੋੜ ਹੋਵੇਗੀ।

ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਗਾਂਧੀ ਪਰਿਵਾਰ ਦੀਆਂ ਉਹਨਾਂ ਪੁਰਾਣੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਜਿਹਨਾਂ ਦਾ ਇੱਕੋ ਇਕ ਉਦੇਸ਼ ਆਪਣੇ ਸਿਆਸੀ ਫਾਇਦਿਆਂ ਲਈ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਹੁੰਦਾ ਸੀ। ਉਹਨਾਂ ਕਿਹਾ ਕਿ ਇਸ ਨੀਤੀ ਨੇ ਪੰਜਾਬ ਨੂੰ ਪਹਿਲਾਂ ਵੀ ਬਲਦੀ ਅੱਗ ਵਿਚ ਸੁੱਟ ਦਿੱਤਾ ਸੀ। ਉਹਨਾਂ ਕਿਹਾ ਕਿ ਕਿਰਪਾ ਕਰਕੇ ਸਹੀ ਢੰਗ ਨਾਲ ਪ੍ਰਸਾਸ਼ਨ ਚਲਾਉਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰੋ ਅਤੇ ਸਿੱਖਾਂ ਦੇ ਮਾਮਲਿਆਂ ਨੂੰ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਛੱਡ ਦਿਓ।

ਅਕਾਲੀ ਆਗੂ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਲਈ ਸ੍ਰੀ ਦਰਬਾਰ ਸਾਹਿਬ ਤਕ ਬੱਸ ਯਾਤਰਾ ਅਤੇ ਸ੍ਰੀ ਨਾਂਦੇੜ ਸਾਹਿਬ, ਸ੍ਰੀ ਪਟਨਾ ਸਾਹਿਬ, ਵਾਰਾਣਸੀ ਅਤੇ ਅਜਮੇਰ ਤਕ ਵਿਸ਼ੇਸ਼ ਰੇਲ ਗੱਡੀਆਂ ਰਾਹੀ ਯਾਤਰਾ ਦਾ ਪ੍ਰਬੰਧ ਕੀਤਾ ਸੀ।

-PTC News

  • Share