Tue, Apr 16, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਦੀ ਅਪੀਲ

Written by  Jashan A -- March 10th 2019 07:38 PM -- Updated: March 10th 2019 07:39 PM
ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਦੀ ਅਪੀਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਸਿਆਸਤ ਅਤੇ ਬਦਲਾਖੋਰੀ ਤੋਂ ਪ੍ਰੇਰਿਤ ਜਾਂਚਾਂ ਨੂੰ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦੇ ਕੇ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਚੁਣੇ ਹੋਏ ਨੁੰਮਾਇਦੇ ਨੂੰ ਝੂਠੇ ਕੇਸਾਂ ਵਿਚ ਨਾ ਫਸਾਇਆ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿਚ ਅਕਾਲੀ-ਭਾਜਪਾ ਦੇ ਇੱਕ ਸਾਂਝੇ ਵਫ਼ਦ ਨੇ ਇਸ ਸੰਬੰਧੀ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ ਅਤੇ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਕਾਂਗਰਸ ਪਾਰਟੀ ਸਾਰੀਆਂ ਜਾਂਚਾਂ ਦਾ ਸਿਆਸੀਕਰ ਕਰ ਰਹੀ ਹੈ ਅਤੇ ਚੁਣੇ ਹੋਏ ਨੁੰਮਾਇਦਿਆਂ ਦੇ ਆਪਣੇ ਹਲਕਾ ਵਾਸੀਆਂ ਦੀ ਮੱਦਦ ਕਰਨ ਦੇ ਅਧਿਕਾਰਾਂ ਤਕ ਨੂੰ ਕੁਚਲ ਰਹੀ ਹੈ। ਰਾਜਪਾਲ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ 2017 ਵਿਚ ਸੱਤਾ ਸੰਭਾਲਦਿਆਂ ਹੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸ ਸੰਬੰਧੀ ਰਣਜੀਤ ਕਮਿਸ਼ਨ ਨਾਂ ਦਾ ਇੱਕ ਕਮਿਸ਼ਨ ਬਣਾਇਆ ਸੀ, ਜਿਸ ਦੇ ਪੱਖਪਾਤੀ ਰਵੱਈਏ ਕਰਕੇ ਅਕਾਲੀ ਦਲ ਨੇ ਇਸ ਦਾ ਬਾਈਕਾਟ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇੱਕ ਸਿੱਟ ਬਣਾਈ ਗਈ, ਜਿਸ ਨੂੰ ਇਸ ਉਮੀਦ ਨਾਲ ਅਸੀਂ ਸਹਿਯੋਗ ਦਿੱਤਾ ਕਿ ਇਹ ਇਹਨਾਂ ਦੋਵੇਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਏਗੀ।ਸੁਖਬੀਰ ਨੇ ਕਿਹਾ ਕਿ ਅਜਿਹੀਆਂ ਉਮੀਦਾਂ ਉੱਤੇ ਪਾਣੀ ਫੇਰਦਿਆਂ ਸਿਟ ਨੇ ਅਕਾਲੀ ਆਗੂਆਂ ਖ਼ਿਲਾਫ ਇੱਕ ਬਦਲਾਖੋਰ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਅਜਿਹੇ ਇੱਕ ਝੂਠੇ ਕੇਸ ਵਿਚ ਦੋਸ਼ੀ ਬਣਾਇਆ ਜਾ ਚੁੱਕਿਆ ਹੈ ਜਦਕਿ ਜਦੋਂ 2015 ਵਿਚ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਉਹ ਸਿਰਫ ਇੱਕ ਨੁੰਮਾਇਦੇ ਵਜੋਂ ਆਪਣਾ ਫਰਜ਼ ਨਿਭਾ ਰਿਹਾ ਸੀ।ਉਹਨਾਂ ਕਿਹਾ ਕਿ ਜਾਂਚ ਰਾਹੀਂਗਲਤ ਸਿੱਟੇ ਕੱਢੇ ਜਾ ਰਹੇ ਹਨ ਅਤੇ ਸਿੱਟ ਇਹ ਦਾਅਵਾ ਕਰ ਰਹੀ ਹੈ ਕਿ ਵਿਧਾਇਕ ਅਧਿਕਾਰੀਆਂ ਉੱਤੇ ਦਬਾਅ ਪਾ ਰਿਹਾ ਸੀ ਅਤੇ ਉਹਨਾਂ ਨੂੰ ਆਪਣੀ ਡਿਊਟੀ ਕਰਨ ਤੋਂ ਰੋਕ ਰਿਹਾ ਸੀ। ਸਿਟ ਦੀ ਇਹ ਹਰਕਤ ਬਹੁਤ ਹੀ ਸ਼ਰਮਨਾਕ ਹੈ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸਿੱਟ ਵੱਲੋਂ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਕਿੜਾਂ ਕੱਢਣ ਲਈ ਇੱਕ ਮਿੱਥੀ ਹੋਈ ਅਤੇ ਪੱਖਪਾਤੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਟ ਰਣਜੀਤ ਸਿੰਘ ਕਮਿਸ਼ਨ ਦੇ ਨਕਸ਼ੇ-ਕਦਮਾਂ ਉੱਤੇ ਚੱਲ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੀ ਜੀ-ਹਜ਼ੂਰੀ ਕਰ ਰਿਹਾ ਹੈ। ਜਿਸ ਤਰ•ਾਂ ਰਣਜੀਤ ਸਿੰਘ ਕਮਿਸ਼ਨ ਦੇ ਮਾਮਲੇ ਵਿਚ ਹੋਇਆ ਸੀ, ਇਸ ਸਿੱਟ ਦੀਆਂ ਲੱਭਤਾਂ ਬਾਰੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਵਿਧਾਨ ਸਭਾ ਵਿਚ ਐਲਾਨ ਕੀਤਾ ਜਾ ਚੁੱਕਿਆ ਹੈ। ਵਫ਼ਦ ਨੇ ਸਿੱਟ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੱਖਪਾਤੀ ਭੂਮਿਕਾ ਬਾਰੇ ਵੀ ਰਾਜਪਾਲ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਇਹ ਆਈਜੀ ਕਾਂਗਰਸੀ ਆਗੂਆਂ ਦੀ ਮਰਜ਼ੀ ਮੁਤਾਬਿਕ ਬਿਆਨ ਅਤੇ ਸੰਮਨ ਜਾਰੀ ਕਰਕੇ ਸਿੱਧਾ ਹੀ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਬਦਲਾਖੋਰੀ ਵਾਲੀਆਂ ਜਾਂਚਾਂ ਕਰਨ ਲਈ ਮਸ਼ਹੂਰ ਇਸ ਆਈਜੀ ਨੇ ਉਸ ਮੰਤਵ ਨੂੰ ਹੀ ਖ਼ਤਮ ਕਰ ਦਿੱਤਾ ਹੈ, ਜਿਸ ਵਾਸਤੇ ਸਿੱਟ ਦਾ ਗਠਨ ਕੀਤਾ ਗਿਆ ਸੀ। ਇਸ ਦੀ ਥਾਂ ਉਹ ਸਿਆਸੀ ਨਿਰਦੇਸ਼ਾਂ ਮੁਤਾਬਿਕ ਕਾਂਗਰਸ ਦੇ ਸਿਆਸੀ ਵਿਰੋਧੀਆਂ ਉੱਤੇ ਖੁੰਦਕ ਭਰੇ ਹਮਲੇ ਕਰ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਅਕਾਲੀ-ਭਾਜਪਾ ਇਹਨਾਂ ਮੰਦਭਾਗੀਆਂ ਘਟਨਾਵਾਂ ਦੀ ਨਿਰਪੱਖ ਅਤੇ ਜਲਦੀ ਜਾਂਚ ਦੇ ਹੱਕ ਵਿਚ ਹਨ, ਵਫ਼ਦ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਬਾ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹਾਂ ਕਿ ਉਹ ਦੋਵੇਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਏਜੰਸੀ ਤੋਂ ਕਰਵਾਏ।ਭਾਜਪਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਲਈ ਬਦਲਾਖੋਰੀ ਦੀ ਸਿਆਸਤ ਸ਼ੁਰੂ ਕੀਤੀ ਹੈ, ਕਿਉਂਕਿ ਇਹ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ। ਵਫ਼ਦ ਨੇ ਇਹ ਗੱਲ ਵੀ ਰਾਜਪਾਲ ਦੇ ਧਿਆਨ ਵਿਚ ਲਿਆਂਦੀ ਕਿ ਕਾਂਗਰਸ ਪਾਰਟੀ ਸਿੱਖ ਸੰਸਥਾਂਵਾਂ ਨੂੰ ਬਦਨਾਮ ਕਰਨ ਦੀ ਆਪਣੀ ਪੁਰਾਣੀ ਕੋਝੀ ਚਾਲ ਚੱਲ ਰਹੀ ਹੈ, ਜਿਸ ਦਾ ਮਕਸਦ ਸਿੱਖ ਸੰਸਥਾਵਾਂ ਨੂੰ ਢਾਹ ਲਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਤੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਨੂੰ ਵੰਡਪਾਊ ਸਿਆਸਤ ਕਰਨ ਤੋਂ ਰੋਕ ਕੇ ਸੂਬੇ ਦੇ ਮਾਹੌਲ ਨੂੰ ਦੁਬਾਰਾ ਖਰਾਬ ਕਰਨ ਤੋਂ ਬਚਾਓ। ਵਫ਼ਦ ਦੇ ਮੈਬਰਾਂ ਵਿਚ ਕੇਂਦਰੀ ਮੰਤਰੀ ਵਿਜੈ ਸਾਂਪਲਾ, ਚਰਨਜੀਤ ਸਿੰਘ ਅਟਵਾਲ, ਤੋਤਾ ਸਿੰਘ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਂਖੋ, ਗੁਲਜ਼ਾਰ ਸਿੰਘ ਰਣੀਕੇ, ਬਲਦੇਵ ਮਾਨ, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਕੁਮਾਰ, ਕਮਲ ਸ਼ਰਮਾ, ਰਾਕੇਸ਼ ਰਾਠੌਰ ਅਤੇ ਦਿਨੇਸ਼ ਬੱਬੂ ਸ਼ਾਮਿਲ ਸਨ। -PTC News


Top News view more...

Latest News view more...