Uncategorized

ਸ਼੍ਰੋਮਣੀ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ’ਤੇ ਦਰਜ ਪਰਚਾ ਰੱਦ ਕਰਨ ਦੀ ਕੀਤੀ ਮੰਗ

By Riya Bawa -- July 18, 2022 3:20 pm

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨ ਤਾਰਨ ਦੇ ਐਸਐਸਪੀ ਰਣਜੀਤ ਸਿੰਘ ਢਿੱਲੋਂ ਨੂੰ ਪੱਤਰ ਲਿਖ ਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ’ਤੇ ਸਾਲ 2020 ਵਿਚ ਦਰਜ ਹੋਇਆ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ’ਤੇ ਥਾਣਾ ਭਿੱਖੀਵਿੰਡ ਵਿਖੇ ਐਫ.ਆਈ.ਆਰ. ਨੰਬਰ 0008/2020 ਮਿਤੀ 15-01-2020 ਰਾਹੀਂ ਧਾਰਾ 295-ਏ ਦਾ ਮਾਮਲਾ ਦਰਜ ਕੀਤਾ ਹੋਇਆ ਹੈ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ  ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂਪੂਈਂ, ਸਕੱਤਰ  ਪ੍ਰਤਾਪ ਸਿੰਘ, ਮੀਤ ਸਕੱਤਰ  ਨਿਰਵੈਲ ਸਿੰਘ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ  ਧਰਮਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਪਰਚਾ ਰੱਦ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਪੱਤਰ ਸੌਂਪਿਆ।

ਸ਼੍ਰੋਮਣੀ ਕਮੇਟੀ ਵੱਲੋਂ ਜ਼ਿਲ੍ਹਾ ਪੁਲਿਸ ਕਤਪਾਨ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਮਾਮਲਾ ਗਿਆਨੀ ਜਸਵੰਤ ਸਿੰਘ ਵੱਲੋਂ ਕਥਾ ਦੌਰਾਨ ਪੇਸ਼ ਕੀਤੇ ਗਏ ਵਿਚਾਰਾਂ ਨੂੰ ਠੀਕ ਦਿਸ਼ਾ ਵਿਚ ਨਾ ਸਮਝਣ ਕਾਰਨ ਦਰਜ ਕਰਵਾਇਆ ਗਿਆ ਲਗਦਾ ਹੈ। ਉਨ੍ਹਾਂ ਕਿਹਾ ਕਿ ਕਰੀਬ ਢਾਈ ਸਾਲ ਪਹਿਲਾਂ ਦਰਜ ਐਫਆਈਆਰ ਸਿੰਘ ਸਾਹਿਬ ਦੇ ਸਤਿਕਾਰ ਨੂੰ ਢਾਅ ਲਗਾਉਣ ਵਾਲੀ ਹੈ, ਕਿਉਂਕਿ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਿੱਖ ਕੌਮ ਅੰਦਰ ਵੱਡਾ ਸਤਿਕਾਰ ਰੱਖਦੇ ਹਨ।

ਉਹ ਪਿਛਲੇ 40 ਸਾਲ ਤੋਂ ਨਿਰਵਿਵਾਦ ਤੌਰ ’ਤੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਰਹੇ ਹਨ। ਉਨ੍ਹਾਂ ਦਾ ਹਰ ਧਰਮ ਦੇ ਲੋਕਾਂ ਵਿਚ ਸਤਿਕਾਰ ਹੈ ਅਤੇ ਉਹ ਆਪ ਵੀ ਹਰ ਧਰਮ ਦਾ ਸਤਿਕਾਰ ਕਰਦੇ ਹਨ। ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਆਪ ਨੂੰ ਅਪੀਲ ਕਰਦੀ ਹੈ ਕਿ ਗਿਆਨੀ ਜਸਵੰਤ ਸਿੰਘ ਜੀ ’ਤੇ ਥਾਣਾ ਭਿੱਖੀਵਿੰਡ ਵਿਖੇ ਮਿਤੀ 15-01-2020 ਨੂੰ ਦਰਜ ਐਫ.ਆਈ.ਆਰ. ਨੰਬਰ 0008/2020 ਨੂੰ ਰੱਦ ਕੀਤਾ ਜਾਵੇ, ਤਾਂ ਜੋ ਸੰਗਤਾਂ ਅੰਦਰ ਫੈਲੀ ਰੋਸ ਦੀ ਭਾਵਨਾ ਸ਼ਾਂਤ ਹੋ ਸਕੇ।

-PTC News

  • Share