ਮੁੱਖ ਖਬਰਾਂ

ਸਿੱਧੂ ਮੂਸੇਵਾਲਾ ਕਤਲਕਾਂਡ: ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ, 30 ਜੁਲਾਈ ਨੂੰ ਅਗਲੀ ਸੁਣਵਾਈ

By Jasmeet Singh -- July 17, 2022 4:47 pm

ਸਿੱਧੂ ਮੂਸੇਵਾਲਾ ਕਤਲਕਾਂਡ: ਮਾਨਸਾ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਪ੍ਰਿਆਵਰਤ ਫੋਜੀ, ਕਸ਼ਿਸ਼, ਕੇਸ਼ਵ ਅਤੇ ਦੀਪਕ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅੱਜ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਮਾਨਸਾ ਪੁਲੀਸ ਨੇ ਇਨ੍ਹਾਂ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਤੋਂ ਬਾਅਦ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। 30 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਦਿੱਲੀ ਪਹੁੰਚੀ ਸੀ ਅਤੇ ਦਿੱਲੀ ਦੀ ਅਦਾਲਤ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪ੍ਰਿਆਵਰਤ ਫੋਜੀ, ਕਸ਼ਿਸ਼ ਤੇ ਕੇਸ਼ਵ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਪੰਜਾਬ ਲੈਕੇ ਆਈ ਸਨ। ਦਿੱਲੀ ਪੁਲਿਸ ਨੇ ਇਹ ਵੀ ਦੱਸਿਆ ਸੀ ਕਿ ਗੈਂਗਸਟਰ ਗੋਲਡੀ ਬਰਾੜ, ਜੋ ਕਿ ਕੈਨੇਡਾ ਵਿੱਚ ਹੈ, ਅਪਰਾਧ ਦੀ ਸਵੇਰ ਨੂੰ ਹੀ ਹਮਲਾਵਰਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਸਪੱਸ਼ਟ ਹਦਾਇਤਾਂ ਦਿੰਦਾ ਸੀ।

ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਸਪੈਸ਼ਲ ਸੈੱਲ) ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਤਿੰਨ ਸ਼ੱਕੀ ਵਿਅਕਤੀਆਂ, ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਕੇਸ਼ਵ ਕੁਮਾਰ ਨੂੰ 19 ਜੂਨ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਇੱਕ ਕਲਾਸ਼ਨੀਕੋਵ ਅਸਾਲਟ ਰਾਈਫਲ, ਅੱਠ ਗ੍ਰਨੇਡ ਅਤੇ 50 ਕਾਰਤੂਸਾਂ ਦੇ ਤਿੰਨ ਪਿਸਤੌਲਾਂ ਸਮੇਤ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ ਗਿਆ ਸੀ। ਫੌਜੀ ਅਤੇ ਕਸ਼ਿਸ਼ ਸ਼ੂਟਰ ਸਨ, ਜਦੋਂ ਕਿ ਕੇਸ਼ਵ ਵਾਰਦਾਤ ਵਾਲੀ ਥਾਂ ਛੱਡਣ ਤੋਂ ਬਾਅਦ ਵਰਤੀ ਗਈ ਗੱਡੀ ਚਲਾ ਰਿਹਾ ਸੀ।

ਮੂਸੇਵਾਲਾ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘੇਰਾ ਘਟਾਉਣ ਤੋਂ ਇੱਕ ਦਿਨ ਬਾਅਦ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਦੀ ਐਸਯੂਵੀ ਨੂੰ ਦੋ ਵਾਹਨਾਂ - ਇੱਕ ਮਹਿੰਦਰਾ ਬੋਲੇਰੋ ਅਤੇ ਇੱਕ ਟੋਇਟਾ ਕੋਰੋਲਾ - ਦੁਆਰਾ ਰੋਕਿਆ ਗਿਆ ਅਤੇ ਲਗਭਗ 30 ਤੋਂ ਵੱਧ ਗੋਲੀਆਂ ਚਲਾ ਕੇ ਛੰਨੀ ਕਰ ਦਿੱਤਾ ਗਿਆ ਸੀ।


-PTC News

  • Share