ਵਿਗਿਆਨੀਆਂ ਨੂੰ ਮਿਲੇ ਛੇ ਨਵੀਆਂ ਕਿਸਮਾਂ ਦੇ ਕੋਰੋਨਾ ਵਾਇਰਸ

By Panesar Harinder - April 16, 2020 4:04 pm

ਵਾਸ਼ਿੰਗਟਨ - ਮਿਆਂਮਾਰ ਵਿੱਚ ਵਿਗਿਆਨੀਆਂ ਨੇ ਚਮਗਿੱਦੜਾਂ ਅੰਦਰ ਛੇ ਨਵੇਂ ਕੋਰੋਨਾ ਜੀਵਾਣੂ ਲੱਭੇ ਹਨ। ਦੁਨੀਆ ਵਿੱਚ ਇਹ ਵਾਇਰਸਾਂ ਦੇ ਮਿਲਣ ਦੀ ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਹੈ। ਰਸਾਲੇ 'ਪੀਐਲਓਐਸ ਵਨ' ਵਿੱਚ ਛਪੀ ਇਹ ਖੋਜ ਰੀਪੋਰਟ ਚਮਗਿੱਦੜਾਂ ਵਿੱਚ ਕੋਰਨਾ ਜੀਵਾਣੂਆਂ ਦੀ ਵੰਨ-ਸੁਵੰਨਤਾ ਨੂੰ ਸਮਝਣ ਅਤੇ Covid-19 ਮਹਾਮਾਰੀ ਦੇ ਰੋਗ ਬਾਰੇ ਪਤਾ ਲਾਉਣ, ਇਸ ਦੀ ਰੋਕਥਾਮ ਅਤੇ ਇਲਾਜ ਲੱਭਣ ਦੇ ਯਤਨਾਂ ਵਿੱਚ ਮਦਦਗਾਰ ਸਾਬਤ ਹੋਵੇਗੀ।

ਸਿਮਥਸੋਨੀਅਨਜ਼ ਨੈਸ਼ਨਲ ਜ਼ੂ ਅਤੇ ਅਮਰੀਕਾ ਦੀ ਕੰਜ਼ਰਵੇਸ਼ਨ ਬਾਇਉਲੋਜੀ ਇੰਸਟੀਚਿਊਟ ਦੇ ਖੋਜਕਾਰਾਂ ਦਾ ਇਹ ਅਧਿਐਨ ਮਨੁੱਖੀ ਸਿਹਤ ਪ੍ਰਤੀ ਜੋਖਮ ਨੂੰ ਬਿਹਤਰ ਰੂਪ 'ਚ ਸਮਝਣ ਅਤੇ ਹੋਰਨਾਂ ਨਸਲਾਂ ਵਿੱਚ ਇਸ ਦੇ ਪਸਾਰ ਦੀਆਂ ਸੰਭਾਵਨਾਵਾਂ ਬਾਰੇ ਜਾਨਣ ਵਿੱਚ ਸਹਾਇਤਾ ਕਰੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਖੋਜੇ ਗਏ ਕੋਰੋਨਾ ਵਾਇਰਸ, SARS CoV-1, MERS, ਅਤੇ SARS-CoV-2 ਦੇ ਕਰੀਬੀ ਸੰਬੰਧੀ ਨਹੀਂ ਹਨ।

ਜੰਗਲੀ ਜੀਵਨ ਦੇ ਪੁਰਾਣੇ ਜਾਣਕਾਰ ਅਤੇ ਇਸ ਖੋਜ ਕਾਰਜ ਦੇ ਮੁੱਖ ਲੇਖਕ ਮਾਰਕ ਵੈਲੇਟੁਟੋ ਨੇ ਕਿਹਾ, 'ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੀ ਮਹਾਮਾਰੀ ਸਾਨੂੰ ਇਸ਼ਾਰਾ ਕਰਦੀ ਹੈ ਕਿ ਇਨਸਾਨੀ ਸਿਹਤ, ਜਾਨਵਰਾਂ ਦੀ ਸਿਹਤ ਅਤੇ ਵਾਤਾਰਵਣ ਨਾਲ ਕਿੰਨੀ ਨੇੜਿਓਂ ਜੁੜੀ ਹੋਈ ਹੈ।

ਵਿਗਿਆਨੀਆਂ ਦੀ ਟੀਮ ਨੇ ਅਪਣੀ ਖੋਜ ਮਿਆਂਮਾਰ ਦੇ ਉਨ੍ਹਾਂ ਖੇਤਰਾਂ 'ਤੇ ਕੇਂਦਰਤ ਕੀਤੀ ਜਿੱਥੇ ਜ਼ਮੀਨ ਵਰਤੋਂ ਵਿੱਚ ਤਬਦੀਲੀ ਅਤੇ ਵਿਕਾਸ ਕਾਰਨ ਮਨੁੱਖਾਂ ਦੇ ਸਥਾਨਕ ਜੰਗਲੀ ਜੀਵਾਂ ਦੇ ਸੰਪਰਕ ਵਿੱਚ ਆਉਣ ਦੀ ਜ਼ਿਆਦਾ ਸੰਭਾਵਨਾ ਸੀ। ਮਈ 2016 ਤੋਂ ਅਗਸਤ 2018 ਤੱਕਤੱਕ ਇਨ੍ਹਾਂ ਜੰਗਲੀ ਖੇਤਰਾਂ ਵਿੱਚ ਚਮਗਿੱਦੜਾਂ ਦੀ ਲਾਰ ਅਤੇ ਮਲ ਦੇ 750 ਤੋਂ ਵੱਧ ਨਮੂਨੇ ਲਏ ਗਏ। ਮਾਹਰਾਂ ਦਾ ਮੰਨਣਾ ਹੈ ਕਿ ਚਮਗਿੱਦੜਾਂ ਅੰਦਰ ਹਜ਼ਾਰਾਂ ਤਰ੍ਹਾਂ ਦੇ ਕੋਰੋਨਾ ਵਾਇਰਸ ਹੁੰਦੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਖੋਜ ਹੋਣੀ ਹਾਲੇ ਬਾਕੀ ਹੈ। ਟੀਮ ਨੂੰ ਇੱਕ ਅਜਿਹਾ ਕੋਰੋਨਾ ਵਾਇਰਸ ਵੀ ਲੱਭਿਆ ਜੋ ਦੱਖਣ ਪੂਰਬੀ ਏਸ਼ੀਆ 'ਚ ਕਿਧਰੇ ਹੋਰ ਮਿਲਦਾ ਸੀ, ਪਰ ਮਿਆਂਮਾਰ ਵਿੱਚ ਕਦੇ ਨਹੀਂ ਸੀ।

ਸਿਮਥਸੋਨੀਅਨਜ਼ ਗਲੋਬਲ ਹੈਲਥ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਇਸ ਖੋਜ ਕਾਰਜ ਦੇ ਸਹੀ-ਲੇਖਕ ਸੁਜ਼ਾਨ ਮਰੇ ਦਾ ਕਹਿਣਾ ਹੈ, "ਬਹੁਤ ਸਾਰੇ ਕੋਰੋਨਾਵਾਇਰਸ ਮਨੁੱਖ ਲਈ ਖ਼ਤਰਾ ਨਹੀਂ ਪੈਦਾ ਕਰ ਸਕਦੇ, ਪਰ ਜੇਕਰ ਅਸੀਂ ਜਾਨਵਰਾਂ ਵਿੱਚ ਫ਼ੈਲਣ ਸਮੇਂ ਸ਼ੁਰੂਆਤ ਵਿੱਚ ਹੀ, ਇਨ੍ਹਾਂ ਬਿਮਾਰੀਆਂ ਦੀ ਪਛਾਣ ਕਰ ਲਈਏ, ਤਾਂ ਮਹਾਂਮਾਰੀਆਂ ਦੇ ਸੰਭਾਵਿਤ ਖ਼ਤਰੇ ਬਾਰੇ ਤਿਆਰੀ ਕਰਨ ਦਾ ਸਾਨੂੰ ਇੱਕ ਕੀਮਤੀ ਮੌਕਾ ਜ਼ਰੂਰ ਮਿਲ ਸਕਦਾ ਹੈ।"

“ਚੌਕਸੀ ਤੇ ਨਿਗਰਾਨੀ, ਖੋਜ, ਅਤੇ ਸਿੱਖਿਆ, ਇਹ ਸਭ ਤੋਂ ਵਧੀਆ ਸਾਧਨ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਮਹਾਂਮਾਰੀਆਂ ਨੂੰ ਫ਼ੈਲਣ ਤੋਂ ਪਹਿਲਾਂ ਰੋਕ ਸਕਦੇ ਹਾਂ।" ਮਰੇ ਨੇ ਅੱਗੇ ਕਿਹਾ।

adv-img
adv-img