ਸ੍ਰੀ ਅੰਮ੍ਰਿਤਸਰ ਸਾਹਿਬ: ਫਤਿਹਵੀਰ ਮਾਮਲੇ ‘ਚ ਸਰਕਾਰ ਦੀ ਅਣਗਹਿਲੀ ਦੇ ਰੋਸ ਵਜੋਂ ਸੰਗਤਾਂ ਵਲੋਂ ਕੱਢਿਆ ਜਾ ਰਿਹੈ ਰੋਸ ਮਾਰਚ (ਤਸਵੀਰਾਂ)

ਸ੍ਰੀ ਅੰਮ੍ਰਿਤਸਰ ਸਾਹਿਬ: ਫਤਿਹਵੀਰ ਮਾਮਲੇ ‘ਚ ਸਰਕਾਰ ਦੀ ਅਣਗਹਿਲੀ ਦੇ ਰੋਸ ਵਜੋਂ ਸੰਗਤਾਂ ਵਲੋਂ ਕੱਢਿਆ ਜਾ ਰਿਹੈ ਰੋਸ ਮਾਰਚ (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ: ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ਵਿਚ ਡਿੱਗੇ 2 ਸਾਲਾ ਮਾਸੂਮ ਫਤਹਿਵੀਰ ਸਿੰਘ ਨੂੰ ਜਿਊਂਦਾ ਬਾਹਰ ਕੱਢਣ ‘ਚ ਅਸਫਲ ਰਹੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਵੱਲੋਂ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।ਜਿਸ ਕਾਰਨ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

ਸੂਬੇ ਭਰ ‘ਚ ਲੋਕਾਂ ਵੱਲੋਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਵੀ ਫਤਿਹਵੀਰ ਦੀ ਮੌਤ ਦੇ ਰੋਸ ਵਜੋਂ ਸੰਗਤਾਂ ਵਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਟਾਊਨ ਹਾਲ ਤੋਂ ਰੋਸ ਮਾਰਚ ਮਾਰਚ ਆਰੰਭ ਹੋ ਗਿਆ ਹੈ।ਇਸ ਰੋਸ ਮਾਰਚ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ।

ਹੋਰ ਪੜ੍ਹੋ:ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ ‘ਚ ਸਿਹਤ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦਾ ਕੀਤਾ ਪਰਦਾਫਾਸ਼

ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਟਾਊਨ ਹਾਲ ਤੋਂ ਦਰਬਾਰ ਸਾਹਿਬ ਲਈ ਰਵਾਨਾ ਹੋਈਆਂ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਫਤਹਿਵੀਰ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।

ਜਿਸ ਨੂੰ ਅਖ਼ੀਰ 6 ਦਿਨਾਂ ਬਾਅਦ ਮੰਗਲਵਾਰ ਨੂੰ ਬੋਰਵੈਲ ਵਿਚੋਂ ਮ੍ਰਿਤਕ ਬਾਹਰ ਕੱਢਿਆ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਉਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ।ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਸਦੀ ਮੌਤ ਹੋਈ ਹੈ।

-PTC News