ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸਾਰੇ ਧਰਮਾਂ ਦੇ ਲੋਕ ਹੋਣਗੇ ਸ਼ਾਮਲ :ਡਾ. ਰੂਪ ਸਿੰਘ

Sri Guru Ramdas ji Prakash Purav Events all religions People include : Dr. Roop Singh

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸਾਰੇ ਧਰਮਾਂ ਦੇ ਲੋਕ ਹੋਣਗੇ ਸ਼ਾਮਲ :ਡਾ. ਰੂਪ ਸਿੰਘ:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ’ਤੇ ਸੱਦਾ ਦਿੱਤਾ ਜਾਵੇਗਾ।ਇਸ ਤਹਿਤ ਮੁਸਲਮਾਨ, ਈਸਾਈ ਤੇ ਹਿੰਦੂ ਧਰਮ ਦੇ ਪ੍ਰਤੀਨਿਧਾਂ ਤੱਕ ਪਹੁੰਚ ਕੀਤੀ ਜਾਵੇਗੀ।ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਅਧਿਕਾਰੀਆਂ ਨਾਲ ਬੈਠਕ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ।ਡਾ. ਰੂਪ ਸਿੰਘ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਇਸ ਸਬੰਧ ਵਿਚ ਹਰ ਧਰਮ ਤੇ ਵਰਗ ਤੱਕ ਸੱਦਾ ਪਹੁੰਚਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੁਸਲਮਾਨ ਭਰਾਵਾਂ ਨੂੰ ਸੱਦਾ ਦੇਣ ਲਈ ਉਚੇਚੇ ਤੌਰ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਦੀਆਂ ਵਿਖੇ ਜਾਣਗੇ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸਥਿਤ ਇਸਲਾਮ ਦੀਆਂ ਸੰਸਥਾਵਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ।ਇਸੇ ਤਰ੍ਹਾਂ ਇਸਾਈ ਤੇ ਹਿੰਦੂ ਧਰਮ ਦੇ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਫਗਾਨੀ ਸਿੱਖਾਂ ਵੱਲੋਂ ਵੀ ਇਨ੍ਹਾਂ ਸਮਾਗਮਾਂ ਸਮੇਂ ਹਾਜ਼ਰ ਭਰਨ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੇ ਸੂਬਿਆਂ ਦੀ ਸੰਗਤਾਂ ਵੀ ਪੁੱਜ ਰਹੀਆਂ ਹਨ।

ਮੁੱਖ ਸਕੱਤਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਬੱਸ ਅੱਡਾ, ਰੇਲਵੇ ਸਟੇਸ਼ਨ, ਏਅਰਪੋਰਟ, ਪਿੰਗਲਵਾੜਾ, ਯਤੀਮਖਾਨਾ, ਚੀਫ ਖ਼ਾਲਸਾ ਦੀਵਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖ਼ਾਲਸਾ ਕਾਲਜ, ਫੋਰ ਐਸ ਸੰਸਥਾਵਾਂ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਕੋਹੜੀ ਘਰ, ਨੇਤਰਹੀਨ ਵਿਦਿਆਲਾ, ਬਿਰਧ ਆਸ਼ਰਮਾਂ ਆਦਿ ਵਿਖੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਜਾ ਕੇ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਦੇਣਗੇ।ਉਨ੍ਹਾਂ ਦੱਸਿਆ ਕਿ ਇਸ ਸਭ ਦਾ ਮੰਤਵ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਹਰੇਕ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਹੈ।

ਡਾ. ਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਸਮੇਂ ਸੰਗਤਾਂ ਲੰਗਰਾਂ ਵਿਚ ਥਰਮੋਕੋਲ ਤੇ ਪਲਾਸਟਿਕ ਦੀਆਂ ਪਲੇਟਾਂ ਤੇ ਗਲਾਸ ਦਾ ਉਪਯੋਗ ਨਾ ਕਰਨ ਲਈ ਵੀ ਸੰਗਤਾਂ ਨਾਲ ਰਾਬਤਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਹਰਿਆਵਲ ਲਹਿਰ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਕਾਰਜ ਆਰੰਭੇ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਦੌਰਾਨ ਸੰਗਤਾਂ ਥਰਮੋਕੋਲ ਦੀ ਥਾਂ ਪੱਤਲਾਂ ਦੀ ਵਰਤੋਂ ਕਰਨ, ਤਾਂ ਜੋ ਉਨ੍ਹਾਂ ਨੂੰ ਵਰਤੋਂ ਤੋਂ ਬਾਅਦ ਕੁਦਰਤੀ ਖਾਦ ਤਿਆਰ ਕਰਨ ਲਈ ਵਰਤਿਆ ਜਾ ਸਕੇ।
-PTCNews