ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਵਿਦਿਆਰਥੀ ਜਥੇਬੰਦੀਆਂ ਨੇ ਬਣਾਇਆ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ'

By Riya Bawa -- June 15, 2022 4:06 pm -- Updated:June 15, 2022 4:11 pm

ਚੰਡੀਗੜ੍ਹ:  ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਦੇਸ਼ ਅੰਦਰ ਨਿਜੀਕਰਨ, ਕੇਂਦਰੀਕਰਨ ਤੇ ਭਗਵੇਂਕਰਨ ਦੇ ਏਜੰਡੇ ਨੂੰ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸੇ ਏਜੰਡੇ ਦਾ ਹੀ ਹਿੱਸਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਵੀ ਹੈ। ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ 9 ਵਿਦਿਆਰਥੀ ਜਥੇਬੰਦੀਆਂ ਜਿਸ 'ਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫਾਰ ਸੁਸਾਇਟੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਇਕ ਸਾਂਝੀ ਮੀਟਿੰਗ ਕਰਕੇ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ' ਦਾ ਗਠਨ ਕੀਤਾ ਹੈ।

ਇਸ ਮੀਟਿੰਗ ਵਿਚ ਜਥੇਬੰਦੀਆਂ ਦੇ ਸੂਬਾਈ ਪ੍ਰਤੀਨਿਧੀਆਂ ਪੀ.ਆਰ.ਐੱਸ.ਯੂ. ਤੋਂ ਰਸ਼ਪਿੰਦਰ ਜਿੰਮੀ, ਪੀ.ਐੱਸ.ਯੂ. ਤੋਂ ਅਮਨਦੀਪ ਸਿੰਘ, ਪੀ.ਐੱਸ.ਯੂ. (ਲ) ਤੋਂ ਗੁਰਪ੍ਰੀਤ, ਏ.ਆਈ.ਐਸ.ਐਫ. ਤੋਂ ਪ੍ਰਿਤਪਾਲ, ਐਸ.ਐਫ.ਆਈ. ਤੋਂ ਅੰਮ੍ਰਿਤਪਾਲ ਸਿੰਘ, ਡੀ.ਐਸ.ਓ. ਤੋਂ ਵਿਕਰਮ ਬਾਗੀ, ਪੀ.ਐੱਸ.ਐਫ. ਤੋਂ ਗਗਨਦੀਪ ਸਿੰਘ, ਐਸ.ਐੱਫ.ਐਸ. ਤੋਂ ਸੁਖਮਨ ਅਤੇ ਆਇਸਾ ਤੋਂ ਸੁਖਜੀਤ ਰਾਮਾਂਨੰਦੀ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕੇ ਮੋਦੀ ਮਾਰਕਾ ਫਾਸ਼ੀਵਾਦੀ ਹਕੂਮਤ ਵੱਲੋਂ ਲਗਾਤਾਰ ਦੇਸ਼ ਅੰਦਰ ਸੂਬਿਆਂ ਦੇ ਹੱਕਾਂ ਉਪਰ ਡਾਕੇ ਮਾਰਦਿਆਂ ਕੇਂਦਰੀਕਰਨ ਦੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ।

ਪੰਜਾਬ ਦੇ ਹੱਕਾਂ ਉਪਰ ਲਗਾਤਾਰ ਡਾਕੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਬੀ.ਐਸ.ਐਫ. ਦਾ ਘੇਰਾ ਵਧਾਉਣ, ਬੀਬੀਐੱਮਬੀ 'ਚੋਂ ਪੰਜਾਬ ਦੀ ਮੈਂਬਰਸ਼ਿਪ ਖਾਰਜ ਕਰਨ ਵਰਗੇ ਪੰਜਾਬ ਵਿਰੋਧੀ ਫੈਸਲਿਆਂ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਲਈ ਆਪਣੀ ਪੈਣੀ ਅੱਖ ਟਿਕਾ ਲਈ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਖੋਹ ਲੈਣ ਨਾਲ ਜਿੱਥੇ ਕੇਂਦਰ ਸਰਕਾਰ ਦੁਆਰਾ ਪੰਜਾਬ ਦੀ ਵਿਰਾਸਤ ਨੂੰ ਤਬਾਹ ਕਰਨ ਬਰਾਬਰ ਹੋਵੇਗਾ ਉੱਥੇ ਕੇਂਦਰੀਕਰਨ ਦੇ ਨਾਲ ਯੂਨੀਵਰਸਿਟੀ ਅੰਦਰ ਸੈਨੇਟ-ਸਿੰਡੀਕੇਟ ਵਰਗੀਆਂ ਜਮਹੂਰੀ ਸੰਸਥਾਵਾਂ ਨੂੰ ਭੰਗ ਕਰ ਕੇ ਆਪਣਾ ਨਿਜੀਕਰਨ ਤੇ ਭਗਵੇਂਕਰਨ ਦਾ ਏਜੰਡਾ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾ।

ਹਾਲਤ ਇਹ ਹੈ ਕਿ ਪੰਜਾਬ ਦੇ ਨਾਂ 'ਤੇ ਬਣੀ ਹੋਈ ਯੂਨੀਵਰਸਿਟੀ 'ਤੇ ਅੱਜ ਵੀ ਮੁੱਖ ਰੂਪ 'ਚ ਪੰਜਾਬ ਦਾ ਹੱਕ ਨਹੀਂ ਸਗੋਂ ਵੱਖੋ-ਵੱਖ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਸਾਜ਼ਿਸ਼ਾਂ ਕਾਰਨ ਯੂਨੀਵਰਸਿਟੀ ਦਾ ਪਹਿਲਾਂ ਹੀ ਕਾਫ਼ੀ ਹੱਦ ਤਕ ਕੇਂਦਰੀਕਰਨ ਕੀਤਾ ਜਾ ਚੁੱਕਿਆ ਹੈ। ਮੌਜੂਦਾ ਹਾਲਾਤ ਵਿੱਚ ਵੀ ਜਿੱਥੇ ਬੀਜੇਪੀ ਆਪਣੇ ਕੇਂਦਰੀਕਰਨ ਦੇ ਏਜੰਡੇ ਨੂੰ ਧੱਕ ਰਹੀ ਹੈ, ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਰਫ਼ ਵਿਦਿਆਰਥੀਆਂ ਦੇ ਸੰਘਰਸ਼ ਸਦਕਾ ਹੀ ਇਕ ਬਿਆਨ ਜਾਰੀ ਕੀਤਾ ਹੈ ਪਰ ਯੂਨੀਵਰਸਿਟੀ ਨੂੰ ਬਚਾਉਣ ਲਈ ਕੋਈ ਅਮਲੀ ਰਣਨੀਤੀ ਨਹੀਂ ਤਿਆਰ ਕੀਤੀ ਗਈ।

ਉਹਨਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲੀਸ ਵੱਲੋਂ ਵਿਦਿਆਰਥੀਆਂ ਦੇ ਮਾਰਚ ਨੂੰ ਬੈਰੀਕੇਡ ਲਾ ਕੇ ਰੋਕਣਾ ਅਤੇ ਲਾਠੀਚਾਰਜ ਕਰਨਾ ਅਤੇ ਵਿਦਿਆਰਥੀ ਆਗੂਆਂ ਨਾਲ ਮੁੱਖ ਮੰਤਰੀ ਦੁਆਰਾ ਮੀਟਿੰਗ ਕਰਨ ਤੋਂ ਮੁੱਕਰ ਜਾਣਾ, ਇਹ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਮਸਲੇ ਉੱਪਰ ਬਿਲਕੁੱਲ ਵੀ ਸੁਹਿਰਦ ਨਹੀਂ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕੱਲ੍ਹ (17 ਜੂਨ) ਨੂੰ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

-PTC News

  • Share