ਦੇਸ਼- ਵਿਦੇਸ਼

ਕੈਨੇਡਾ ਜਾਣ ਵਾਲੇ ਵਿਦਿਆਰਥੀ ਨਫ਼ਰਤੀ ਅਪਰਾਧਾਂ ਤੋਂ ਸਾਵਧਾਨ ਰਹਿਣ - ਵਿਦੇਸ਼ ਮੰਤਰਾਲੇ

By Jasmeet Singh -- September 23, 2022 3:55 pm -- Updated:September 23, 2022 4:03 pm

Advisory for Indian Nationals & Students from India in Canada: ਭਾਰਤ ਨੇ ਕੈਨੇਡਾ ਜਾਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਨਫ਼ਰਤੀ ਅਪਰਾਧਾਂ (Hate Crimes) ਕਾਰਨ ਸਾਵਧਾਨ ਅਤੇ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਭਾਰਤ ਨੇ ਟਰੈਵਲ ਐਡਵਾਈਜ਼ਰੀ (Travel Advisory) ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿਚ ਨਫ਼ਰਤੀ ਅਪਰਾਧ ਦੇ ਮਾਮਲਿਆਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ 'ਤੇ ਕੈਨੇਡੀਅਨ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਕੈਨੇਡੀਅਨ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਅਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਕਿ ਹੁਣ ਤੱਕ ਕੈਨੇਡਾ ਵਿੱਚ ਵਾਪਰੇ ਇਨ੍ਹਾਂ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਹੋਈ ਹੈ।

ਭਾਰਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਪਰੋਕਤ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਯਾਤਰਾ ਅਤੇ ਪੜ੍ਹਾਈ ਦੌਰਾਨ ਸੁਚੇਤ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਸਰਕਾਰ ਨੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਓਟਾਵਾ ਜਾਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਭਾਰਤੀ ਮਿਸ਼ਨ ਵਿੱਚ ਰਜਿਸਟਰ ਕਰਨ ਦੀ ਵੀ ਅਪੀਲ ਕੀਤੀ ਹੈ।

ਕੁੱਝ ਦਿਨ ਪਹਿਲਾਂ ਕੈਨੇਡਾ ਦੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਟੋਰਾਂਟੋ ਦੇ ਇਕ ਪ੍ਰਮੁੱਖ ਹਿੰਦੂ ਮੰਦਿਰ 'ਤੇ ਭਾਰਤ ਵਿਰੋਧੀ ਗਰੈਫਿਟੀ ਬਣਾ ਕੇ ਬਦਨਾਮ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੂੰ ਨਫ਼ਰਤੀ ਅਪਰਾਧ ਕਰਾਰ ਦਿੰਦਿਆਂ, ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਟੋਰਾਂਟੋ ਦੇ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਵਿੱਚ ਇਹ ਘਟਨਾ ਕਦੋਂ ਵਾਪਰੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਟੋਰਾਂਟੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ, “ਅਸੀਂ ਟੋਰਾਂਟੋ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਦੀ ਭਾਰਤ ਵਿਰੋਧੀ ਗਰੈਫਿਟੀ ਨਾਲ ਕੀਤੀ ਬੇਅਦਬੀ ਦੀ ਸਖ਼ਤ ਨਿੰਦਾ ਕਰਦੇ ਹਾਂ। ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।”

ਇਹ ਵੀ ਪੜ੍ਹੋ: ਫਿਲਮ ਬਣਾਉਣ ਦੇ ਨਾਂ 'ਤੇ ਐੱਨਆਰਆਈ ਨਾਲ 3 ਕਰੋੜ 12 ਲੱਖ ਰੁਪਏ ਦੀ ਠੱਗੀ

ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਟਵਿੱਟਰ 'ਤੇ ਕਿਹਾ, "ਹਰ ਕਿਸੇ ਨੂੰ ਕੈਨੇਡੀਅਨ ਖਾਲਿਸਤਾਨੀ ਕੱਟੜਪੰਥੀਆਂ ਦੁਆਰਾ ਟੋਰਾਂਟੋ ਦੇ ਬੀਏਪੀਐਸ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੀ ਬੇਅਦਬੀ ਦੀ ਨਿੰਦਾ ਕਰਨੀ ਚਾਹੀਦੀ ਹੈ। ਇਹ ਸਿਰਫ਼ ਇੱਕ ਘਟਨਾ ਨਹੀਂ ਹੈ। ਕੈਨੇਡਾ ਵਿੱਚ ਹਿੰਦੂ ਮੰਦਿਰਾਂ ਨੂੰ ਹਾਲ ਹੀ ਵਿੱਚ ਕਈ ਅਜਿਹੇ ਨਫ਼ਰਤੀ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਘਟਨਾਵਾਂ ਬਾਰੇ ਕੈਨੇਡੀਅਨ ਹਿੰਦੂਆਂ ਦੀਆਂ ਚਿੰਤਾਵਾਂ ਜਾਇਜ਼ ਹਨ।"


-PTC News

  • Share