ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਅਤੇ 20 ਡਾਲਰ ਫ਼ੀਸ ਹਟਾਉਣ ਲਈ ਇਮਰਾਨ ਖਾਨ ਨੂੰ ਕੀਤੀ ਅਪੀਲ

Sukhbir Badal Kartarpur Corridor Passport  And $ 20 service fee Removal Imran Khan Appeal
ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਅਤੇ 20 ਡਾਲਰ ਫ਼ੀਸ ਹਟਾਉਣ ਲਈ ਇਮਰਾਨ ਖਾਨ ਨੂੰ ਕੀਤੀ ਅਪੀਲ

ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਅਤੇ 20 ਡਾਲਰ ਫ਼ੀਸ ਹਟਾਉਣ ਲਈ ਇਮਰਾਨ ਖਾਨ ਨੂੰ ਕੀਤੀ ਅਪੀਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਪਾਸਪੋਰਟ ਦੀ ਛੋਟ ਦੇ ਕੀਤੇ ਐਲਾਨ ਨੂੰ ਲਾਗੂ ਕਰਨ ਦਾ ਨਿਰਦੇਸ਼ ਦੇਣ ਅਤੇ ਨਾਲ ਹੀ ਸ਼ਰਧਾਲੂਆਂ ਕੋਲੋਂ ਲਈ ਜਾਂਦੀ 20 ਡਾਲਰ ਸਰਵਿਸ ਫੀਸ ਨੂੰ ਵੀ ਹਟਾ ਦੇਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਹੈ ਕਿ ਭਾਵੇਂਕਿ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਪਾਸਪੋਰਟ ਦੀ ਲੋੜ ਨਹੀਂ ਪਵੇਗੀ ਅਤੇ ਇਸ ਵਾਸਤੇ ਕੋਈ ਵੀ ਪ੍ਰਮਾਣਿਤ ਪਹਿਚਾਣ ਪੱਤਰ ਕਾਫੀ ਹੋਵੇਗਾ ਪਰੰਤੂ ਪਾਕਿਸਤਾਨੀ ਫੌਜ ਨੇ ਬਾਅਦ ਵਿਚ ਇਹ ਕਹਿ ਦਿੱਤਾ ਸੀ ਕਿ ਸ਼ਰਧਾਲੂਆਂ ਨੂੰ ਸਿਰਫ ਪਾਸਪੋਰਟ ਵਾਲਾ ਪਹਿਚਾਣ ਪੱਤਰ ਨੂੰ ਵੇਖ ਕੇ ਦਾਖ਼ਲ ਹੋਣ ਦਿੱਤਾ ਜਾਵੇਗਾ।

ਇਮਰਾਨ ਖਾਨ ਨੂੰ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਕੋਲੋਂ ਪਾਸਪੋਰਟ ਤੋਂ ਇਲਾਵਾ ਕੋਈ ਵੀ ਪ੍ਰਮਾਣਿਕ ਪਹਿਚਾਣ ਪੱਤਰ ਸਵੀਕਾਰ ਕਰਨ ਦਾ ਨਿਰਦੇਸ਼ ਦੇਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਲੋੜ ਪੈਣ ‘ਤੇ ਪਾਕਿਸਤਾਨ ਇਸ ਸੰਬੰਧ ਵਿਚ ਭਾਰਤ ਨਾਲ ਹੋਏ ਸਮਝੌਤੇ ਵਿਚ ਵੀ ਸੋਧ ਕਰ ਸਕਦਾ ਹੈ। ਉਹਨਾਂ ਕਿਹਾ ਕਿ ਭਾਵੇਂਕਿ ਇਹ ਸੋਚਿਆ ਗਿਆ ਸੀ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ, ਪਰੰਤੂ ਸਿਰਫ 400 ਜਾਂ 500 ਸ਼ਰਧਾਲੂਆਂ ਵੱਲੋਂ ਇਸ ਲਾਂਘੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਮੈਨੂੰ ਇਹ ਫੀਡਬੈਕ ਮਿਲੀ ਹੈ ਕਿ ਪੇਂਡੂ ਖੇਤਰਾਂ ਵਿਚ ਰਹਿੰਦੇ ਬਹੁਤੇ ਲੋਕਾਂ ਕੋਲ ਪਾਸਪੋਰਟ ਹੀ ਨਹੀਂ ਹੈ। ਦਰਸ਼ਨਾਂ ਲਈ ਜਾਣ ਵਾਸਤੇ ਸਿਰਫ ਪਾਸਪੋਰਟ ਬਣਾਉਣ ਉੱਤੇ ਹੀ 2000 ਰੁਪਏ ਖਰਚ ਹੋ ਜਾਂਦੇ ਹਨ। ਉੁਹਨਾਂ ਕਿਹਾ ਕਿ ਜ਼ਿਆਦਾਤਰ ਸ਼ਰਧਾਲੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਤੀਰਥ ਅਸਥਾਨ ਉੱਤੇ ਜਾਂਦੇ ਹਨ। ਜਿਸ ਦਾ ਅਰਥ ਹੈ ਕਿ ਇਕ ਔਸਤ ਪਰਿਵਾਰ ਨੂੰ ਅੱਠ ਹਜ਼ਾਰ ਰੁਪਏ ਸਿਰਫ ਪਾਸਪੋਰਟ ਬਣਾਉਣ ਉੱਤੇ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਪਹੁੰਚਣ ਦੇ ਬਾਕੀ ਖਰਚੇ ਵੱਖਰੇ ਹੋਣਗੇ।ਉਹਨਾਂ ਕਿਹਾ ਕਿ ਜੇਕਰ ਇਸ ਵਿਚ 20 ਡਾਲਰ ਦੀ ਸਰਵਿਸ ਫੀਸ ਨੂੰ ਵੀ ਜੋੜ ਲਿਆ ਜਾਵੇ ਤਾਂ ਚਾਰ ਬੰਦਿਆਂ ਦੇ ਇੱਕ ਪਰਿਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ 15 ਹਜ਼ਾਰ ਰੁਪਏ ਖਰਚਣੇ ਪੈਣਗੇ। ਉਹਨਾਂ ਕਿਹਾ ਕਿ ਇੰਨਾ ਖਰਚਾ ਕਰਨਾ ਗਰੀਬ ਤਬਕਿਆਂ ਦੇ ਵਸ ਤੋਂ ਬਾਹਰ ਹੁੰਦਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਸਿਵਾਇ ਸ਼ਨਾਖਤੀ ਮੰਤਵਾਂ ਤੋਂ ਇਲਾਵਾ ਪਾਸਪੋਰਟ ਦਾ ਹੋਰ ਕੋਈ ਇਸਤੇਮਾਲ ਨਹੀਂ ਹੁੰਦਾ ਹੈ, ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਪਾਸਪੋਰਟ ਉੱਤੇ ਕੋਈ ਮੋਹਰ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਸਿਰਫ ਆਮਦ ਅਤੇ ਵਾਪਸੀ ਦੀ ਸਲਿੱਪ ਦਿੱਤੀ ਜਾ ਰਹੀ ਹੈ। ਇਹ ਸਭ ਦੂਜੇ ਪ੍ਰਮਾਣਿਤ ਪਹਿਚਾਣ ਪੱਤਰ ਵੇਖ ਕੇ ਵੀ ਹੋ ਸਕਦਾ ਹੈ। ਅਕਾਲੀ ਦਲ ਪ੍ਰਧਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਵਸੂਲੀ ਜਾਂਦੀ 20 ਡਾਲਰ ਸਰਵਿਸ ਫੀਸ ਹਟਾਉਣ ਦੀ ਵੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਅਜਿਹੀ ਫੀਸ ਲੈਣਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਜਿਸ ਵਿਚ ਕਿਹਾ ਗਿਆ ਹੈ ਕਿ ‘ਗੁਰੂ ਕੇ ਘਰ’ ਦੇ ਦਰਸ਼ਨ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਇਸ ਫੀਸ ਨੂੰ ਹਟਾਉਣ ਨਾਲ ਇਸ ਲਾਂਘੇ ਨੂੰ ਬਣਾਉਣ ਦਾ ਅਸਲੀ ਮੰਤਵ ਪੂਰਾ ਹੋਵੇਗਾ, ਜੋ ਕਿ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਖੁੱਲ੍ਹ ਦੇਣਾ ਹੈ।

ਸਰਦਾਰ ਬਾਦਲ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਖਾਸ ਕਰਕੇ ਬਜ਼ੁਰਗਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪਾਸਪੋਰਟ ਅਤੇ 20 ਡਾਲਰ ਸਰਵਿਸ ਫੀਸ ਦੀਆਂ ਸ਼ਰਤਾਂ ਨੂੰ ਹਟਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਸ਼ਰਤਾਂ ਨੂੰ ਹਟਾਉਣ ਨਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਲੋਕਾਂ ਅੰਦਰ ਇਸ ਤੀਰਥ ਯਾਤਰਾ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਅਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਤੋਂ ਲੈ ਕੇ ਹੁਣ ਤੀਕ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਉਮੀਦ ਨਾਲ ਹਜ਼ਾਰਾਂ ਸ਼ਰਧਾਲੂ ਡੇਰਾ ਬਾਬਾ ਨਾਨਕ ਜਾ ਚੁੱਕੇ ਹਨ। ਉਹਨਾਂ ਕਿਹਾ  ਕਿ ਮੈਂ ਤੁਹਾਨੂੰ ਇਹਨਾਂ ਦੋਵੇਂ ਸ਼ਰਤਾਂ ਨੂੰ ਹਟਾਉਣ ਦੀ ਅਪੀਲ ਕਰਦਾ ਹਾਂ ਤਾਂ ਕਿ ਸ਼ਰਧਾਲਆਂ ਲਈ ਯਾਤਰਾ ਕਰਨਾ ਸੁਖਾਲਾ ਹੋਵੇ ਅਤੇ ਸਾਡੀ ਕਰਤਾਰਪੁਰ ਲਾਂਘੇ ਨੂੰ ਅਮਨ ਦਾ ਲਾਂਘਾ ਬਣਾਉਣ ਦਾ ਸੁਫਨਾ ਸੱਚ ਹੋ ਜਾਵੇ।
-PTCNews