Fri, Apr 26, 2024
Whatsapp

ਪ੍ਰਧਾਨ ਮੰਤਰੀ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਦੇ ਮਾਮਲੇ ਦੀ ਜਾਂਚ ਦੇ ਦੇਣ ਹੁਕਮ : ਸੁਖਬੀਰ ਸਿੰਘ ਬਾਦਲ  

Written by  Shanker Badra -- May 12th 2021 05:39 PM
ਪ੍ਰਧਾਨ ਮੰਤਰੀ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਦੇ ਮਾਮਲੇ ਦੀ ਜਾਂਚ ਦੇ ਦੇਣ ਹੁਕਮ : ਸੁਖਬੀਰ ਸਿੰਘ ਬਾਦਲ  

ਪ੍ਰਧਾਨ ਮੰਤਰੀ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਦੇ ਮਾਮਲੇ ਦੀ ਜਾਂਚ ਦੇ ਦੇਣ ਹੁਕਮ : ਸੁਖਬੀਰ ਸਿੰਘ ਬਾਦਲ  

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੀ.ਐਮ ਕੇਅਰਜ਼ ਫੰਡ ਤਹਿਤ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਦੀ ਜਾਂਚ ਦੇ ਹੁਕਮ ਦੇਣ ਕਿਉਂਕਿ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਫੰਡ ਤਹਿਤ ਪ੍ਰਾਪਤ ਹੋਏ 80 ਵਿਚੋਂ 71 ਵੈਂਟੀਲੇਟਰ ਨੁਕਸਦਾਰ ਹਨ। ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਨੁਕਸਦਾਰ ਤੇ ਮਾੜੀ ਕਵਾਲਟੀ ਦੇ ਵੈਂਟੀਲੇਟਰ ਕੌਮੀ ਸਿਹਤ ਐਮਰਜੰਸੀ ਵੇਲੇ ਸਪਲਾਈ ਕਰਨਾ ਇਕ ਫੌਜਦਾਰੀ ਅਪਰਾਧ ਹੈ। ਇਸ ਲਈ ਜ਼ਿੰਮੇਵਾਰ ਕੰਪਨੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਨੂੰ ਕਿਹਾ ਕਿ ਸਾਰੇ ਖਰੀਦ ਆਰਡਰ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਅਹਿਮੀਅਤ ਰੱਖਦਾ ਹੈ ਕਿ ਕੀ ਨੁਕਸਦਾਰ ਵੈਂਟੀਲੇਟਰ ਜਾਣ ਬੁੱਝ ਕੇ ਖਰੀਦੇ ਗਏ ਕਿਉਂਕਿ ਸਾਰੇ ਮਾਮਲੇ ਵਿਚੋਂ ਵੱਡੇ ਘੁਟਾਲੇ ਦੀ ਬਦਬੂ ਆ ਰਹੀ ਹੈ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਜਾਨ ਖਤਰੇ ਵਿਚ ਪਾਉਣ ਲਈ ਜ਼ਿੰਮੇਵਾਰ ਲੋਕਾਂ ਭਾਵੇਂ ਉਹ ਕਿੰਨੇ ਹੀ ਵੱਡੇ ਕਿਉਂ ਨਾ ਹੋਣ, ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਪੀ.ਐਮ ਕੇਅਰਜ਼ ਤਹਿਤ ਸਾਰੀ ਖਰੀਦ ਦੀ ਪ੍ਰਕਿਰਿਆ ਵੀ ਸਖ਼ਤ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਕੇਂਦਰ ਸਰਕਾਰ ਨੇ ਆਪਣੇ ਆਰਡਰਾਂ ਵਿਚ ਕੀਤਾ ਹੈ। ਉਹਨਾਂ ਕਿਹਾ ਕਿ ਪੀ ਐਮ ਕੇਅਰਜ਼ ਤਹਿਤ ਖਰੀਦਿਆ ਸਾਰਾ ਮੈਡੀਕਲ ਸਾਜੋ ਸਮਾਨ ਕੌਮਾਂਤਰੀ ਮਿਆਰ ਦਾ ਹੋਣਾ ਚਾਹੀਦਾ ਹੈ ਤੇ ਇਹ ਗਲੋਬਲ ਟੈਂਡਰ ਲਗਾ ਕੇ ਹੀ ਖਰੀਦਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੀ ਮੈਡੀਕਲ ਖਰੀਦ ਲਈ ਮਿਆਰ ਦੀਆਂ ਸਖ਼ਤ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਦੀ ਜਾਨ ਕਿਸੇ ਵੀ ਹਾਲਤ ਵਿਚ ਜ਼ੋਖ਼ਮ ਵਿਚ ਨਾ  ਪਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਕਿ ਨੁਕਸਦਾਰ ਵੈਂਟੀਲੇਟਰਾਂ ਦੇ ਕਾਰਨ ਪੰਜਾਬ ਵਿਚ ਜਾਨਾਂ ਗਈਆਂ ਹਨ  ਤੇ ਇਸ ਨਾਲ ਕੋਰੋਨਾ ਮਹਾਮਾਰੀ ਖਿਲਾਫ ਦੇਸ ਦੀ ਜੰਗ ਵਿਚ ਵੀ ਵਿਘਨ ਪਿਆ ਹੈ। ਉਹਨਾਂ ਕਿਹਾ ਕਿ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਮਿਲੇ 80 ਵਿਚੋਂ 71 ਵੈਂਟੀਲੇਟਰ ਨੁਕਸਦਾਰ ਹਨ ਤੇ ਇਹਨਾਂ ਦੀ ਖਰੀਦ ਪੀ ਐਮ ਕੇਅਰਜ਼ ਤਹਿਤ ਹੋਈ ਹੈ। ਉਹਨਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਲਸ ਨੇ ਆਪ ਇਹ ਕਿਹਾ ਹੈ ਕਿ ਵੈਂਟੀਲੇਟਰ ਬਹੁਤ ਹੀ ਮਾੜੀ ਕਵਾਲਟੀ ਦੇ ਹਨ। ਉਹਨਾਂ ਕਿਹਾ ਕਿ ਮੈਡੀਕਲ ਕਾਲਜ ਅਧਿਕਾਰੀਆਂ ਨੇ ਵੈਂਟੀਲੇਟਰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ੁਰੂ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਖਰਾਬ ਹੋ ਗਏ ਤੇ ਇਹਨਾਂ ਵਿਚ ਅਨੇਕਾਂ ਖਰਾਬੀਆਂ ਆ ਗਈਆਂ। ਉਹਨਾਂ ਕਿਹਾ ਕਿ ਤੁਸੀਂ ਸਮਝ ਸਕਦੇ ਹੋ ਕਿ ਅਜਿਹੇ ਹਾਲਾਤ ਵਿਚ ਹਸਪਤਾਲ ਅਜਿਹੇ ਵੈਂਟੀਲੇਟਰ ਵਰਤਣ ਦਾ ਜ਼ੋਖ਼ਮ ਨਹੀਂ ਲੈ ਸਕਦੇ ਤੇ ਉਹਨਾਂ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਇਹਨਾਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਚਿੰਤਾਜਨਕ ਹਾਲਤ ਵਾਲੇ ਮਰੀਜ਼ਾਂ ਦੀ ਜ਼ਰੂਰਤ ਫੌਰੀ ਆਧਾਰ ’ਤੇ ਪੂਰੀ ਕੀਤੀ ਜਾ ਸਕੇ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਨੂੰ ਹਦਾਇਤ ਕਰਨ ਕਿ ਕਿਸੇ ਚੰਗੇ ਨਾਂ ਵਾਲੀ ਕੰਪਨੀ ਤੋਂ ਪਰਖੇ 80 ਵੈਂਟੀਲੇਟਰ ਤੁਰੰਤ ਫਰੀਦਕੋਟ ਹਸਪਤਾਲ ਲਈ ਰਵਾਨਾ ਕਰੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਹਤ ਸੇਵਾਵਾਂ ਪ੍ਰਭਾਵਤ ਨਾ ਹੋਣ। ਉਹਨਾਂ ਕਿਹਾ ਕਿ ਰਾਜਸਥਾਨ ਸਰਕਾਰ ਨੂੰ ਵੀ ਅਜਿਹੀ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਇਸ ਦੇ ਪੀ ਐਮ ਕੇਅਰਜ਼ ਤਹਿਤ ਪ੍ਰਾਪਤ ਹੋਏ 1 ਹਜ਼ਾਰ ਵੈਂਟੀਲੇਟਰਾਂ ਵਿਚੋਂ ਬਹੁ ਗਿਣਤੀ ਨੂੰ ਅਜਿਹੀ ਹੀ ਮੁਸ਼ਕਿਲ ਆ ਗਈ ਸੀ ਤੇ ਤਕਨੀਕੀ ਨੁਕਸ ਪੈ ਗਿਆ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਦਾ ਖਿਆਲ ਰੱਖਦਿਆਂ ਉਹ ਆਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਇਸ ਅਹਿਮ ਮਾਮਲੇ ਵੱਲ ਧਿਆਨ ਦੇਣਗੇ ਅਤੇ ਜਲਦੀ ਤੋਂ ਜਲਦੀ ਲੋੜ ਅਨੁਸਾਰ ਕਾਰਵਾਈ ਕਰਨਗੇ। ਪ੍ਰਧਾਨ ਮੰਤਰੀ ਨੂੰ ਇਕ ਹੋਰ ਬੇਨਤੀ ਕਰਦਿਆਂ ਸ੍ਰੀ ਬਾਦਲ ਨੇ ਉਹਨਾਂ ਦੇ ਧਿਆਨ ਵਿਚ ਲਿਆਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਕੋਰੋਨਾ ਵੈਕਸੀਨ ਦਰਾਮਦ ਕਰਨ ਦੀ ਆਗਿਆ ਵਾਸਤੇ ਅਪਲਾਈ ਕੀਤਾ ਹੋਇਆ ਹੈ। ਉਹਨਾਂ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਇਸ ਮਨੁੱਖੀ ਕਾਰਜ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਆਗਿਆ ਪ੍ਰਦਾਨ ਕਰੇ। -PTCNews


Top News view more...

Latest News view more...