ਸੁਖਬੀਰ ਸਿੰਘ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ 6 ਮਹੀਨਿਆਂ ਲਈ ਗਰੀਬਾਂ ਨੂੰ ਬਿਜਲੀ ਅਤੇ ਪਾਣੀ ਦੇ ਬਿਲਾਂ ਤੋਂ ਛੋਟ ਦੇਣ ਲਈ ਆਖਿਆ

Sukhbir Singh Badal Calls for exempting poor from electricity and water bills for six months in All Party meeting
ਸੁਖਬੀਰ ਸਿੰਘ ਬਾਦਲ ਨੇਸਰਬ ਪਾਰਟੀ ਮੀਟਿੰਗ ਵਿਚ 6 ਮਹੀਨਿਆਂ ਲਈ ਗਰੀਬਾਂ ਨੂੰ ਬਿਜਲੀ ਅਤੇ ਪਾਣੀ ਦੇ ਬਿਲਾਂ ਤੋਂ ਛੋਟ ਦੇਣ ਲਈ ਆਖਿਆ

ਸੁਖਬੀਰ ਸਿੰਘ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ 6 ਮਹੀਨਿਆਂ ਲਈ ਗਰੀਬਾਂ ਨੂੰ ਬਿਜਲੀ ਅਤੇ ਪਾਣੀ ਦੇ ਬਿਲਾਂ ਤੋਂ ਛੋਟ ਦੇਣ ਲਈ ਆਖਿਆ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ 6 ਮਹੀਨਿਆਂ ਲਈ ਸਾਰੇ ਸਹਿਕਾਰੀ ਕਰਜ਼ਿਆਂ ਦੀ ਅਦਾਇਗੀ ਮੁਲਤਵੀ ਕਰਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ। ਇਸ ਤੋਂ ਇਲਾਵਾ ਸਰਦਾਰ ਬਾਦਲ ਨੇ ਗਰੀਬਾਂ ਨੂੰ ਛੇ ਮਹੀਨੇ ਲਈ ਪਾਣੀ ਅਤੇ ਬਿਜਲੀ ਦੇ ਬਿਲਾਂ ਤੋਂ ਛੋਟ ਅਤੇ ਉਦਯੋਗ ਸੈਕਟਰ ਨੂੰ ਘੱਟੋ -ਘੱਟ ਮਜ਼ਦੂਰੀ ਦੇਣ ਦੀ ਸ਼ਰਤ ਤੋਂ ਮੁਕਤ ਕਰਨ ਦੀ ਵੀ ਮੰਗ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੱਦੀ ਸਰਬਪਾਰਟੀ ਮੀਟਿੰਗ ਵਿਚ ਹਿੱਸਾ ਲੈਂਦਿਆਂ ਅਕਾਲੀ ਦਲ ਪ੍ਰਧਾਨ ਨੇ ਸੂਬਾ ਸਰਕਾਰ ਨੂੰ ਪਾਰਟੀ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਵਧੇਰੇ ਰਾਹਤ ਦੇਣ ਅਤੇ ਕਿਸਾਨਾਂ ਦੇ ਸਾਰੇ ਬਕਾਏ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਗੰਨਾ ਉਤਪਾਦਕਾਂ ਦੇ ਬਕਾਏ ਦੀ ਮਿਸਾਲ ਦਿੱਤੀ, ਜੋ ਕਿ 1000 ਕਰੋੜ ਰੁਪਏ ਹੋ ਚੁੱਕਿਆ ਹੈ। ਉਹਨਾਂ ਨੇ ਦੁੱਧ ਉਤਪਾਦਕਾਂ ਦੀ ਵੀ ਮਿਸਾਲ ਦਿੱਤੀ, ਜਿਹਨਾਂ ਨੂੰ ਨਿੱਜੀ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਬੰਦ ਹੋਣ ਕਰਕੇ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਤੁਰੰਤ ਖੋਲ੍ਹਣ ਦਾ ਨਿਰਦੇਸ਼ ਦੇਣ।

ਮੁੱਖ ਮੰਤਰੀ ਨੂੰ ਕੱਲ੍ਹ ਤੋਂ ਸ਼ੁਰੁ ਹੋ ਰਹੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਸਮੇਂ ਸਿਰਫ 50 ਕੁਇੰਟਲ ਕਣਕ ਮੰਡੀ ਵਿਚ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਜਿਸ ਕਿਸਾਨ ਕੋਲ ਢਾਈ ਏਕੜ ਤੋਂ ਵੱਧ ਜ਼ਮੀਨ ਹੈ, ਉਸ ਨੂੰ ਆਪਣੀ ਫਸਲ ਵੇਚਣ ਲਈ ਲੰਬੇ ਸਮੇਂ ਤਕ ਮੰਡੀਆਂ ਦੇ ਕਈ ਗੇੜੇ ਲਾਉਣੇ ਪੈਣਗੇ, ਜੋ ਕਿ ਉਸ ਦੀਆਂ ਪਰੇਸ਼ਾਨੀਆਂ ਨੂੰ ਵਧਾਂਏਗਾ। ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਤੂੜੀ ਬਣਾਉਣ ਲਈ ਲਾਈਆਂ ਸ਼ਰਤਾਂ ਬਾਰੇ ਵੀ ਪੁਨਰ ਵਿਚਾਰ ਕਰਨ , ਕਿਉਂਕਿ ਤੂੜੀ ਬਣਾਉਣ ਦੀ ਤੁਰੰਤ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਇਸ ਦੀ ਗੁਣਵੱਤਾ ਅਤੇ ਮਾਤਰਾ ਸਹੀ ਰਹੇਗੀ। ਉਹਨਾਂ ਨੇ ਪੰਜਾਬ ਅੰਦਰ ਰਹਿ ਗਏ ਮਜ਼ਦੂਰਾਂ ਨੂੰ ਵੀ ਆਰਥਿਕ ਮੱਦਦ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਹੀਂ ਤਾਂ ਤਾਲਾਬੰਦੀ ਹਟਾਏ ਜਾਣ ਮਗਰੋਂ ਪੰਜਾਬ ਵਿਚ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਇੱਕ ਹੋਰ ਤਾਲਾਬੰਦੀ ਦਾ ਸਾਹਮਣਾ ਕਰਨਾ ਪਵੇਗਾ।

ਸਿਹਤ ਕਾਮਿਆਂ ਅਤੇ ਸਿਹਤ ਸੰਬੰਧੀ ਮੁੱਦਿਆਂ ਬਾਰੇ ਬੋਲਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕੋਵਿਡ-19 ਖ਼ਿਲਾਫ ਲੜਾਈ ਵਿਚ ਸਿਹਤ ਕਾਮਿਆਂ ਦੁਆਰਾ ਉਠਾਏ ਜਾ ਰਹੇ ਵੱਡੇ ਖਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਉੁਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸੂਬੇ ਅੰਦਰ ਵਧੇਰੇ ਟੈਸਟਾਂ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਅਕਾਲੀ ਪ੍ਰਧਾਨ  ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਕਿ ਜਦੋਂ ਸਰਕਾਰੀ ਹਸਪਤਾਲਾਂ ਵਿਚੋਂ ਵਾਪਸ ਮੋੜ ਦਿੱਤੇ ਗਏ ਵਿਅਕਤੀ ਕੋਰੋਨਾ ਦੇ ਮਰੀਜ਼ ਨਿਕਲੇ। ਉਹਨਾਂ ਨੇ ਇਸ ਸੰਬੰਧੀ ਫਰੀਦਕੋਟ ਦੇ ਇੱਕ ਮਰੀਜ਼ ਦੀ ਉਦਾਹਰਣ ਦਿੱਤੀ।  ਉਹਨਾਂ ਨੇ ਸ਼ਹਿਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਇੱਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਅਤੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਬਠਿੰਡਾ ਕੈਂਸਰ ਹਸਪਤਾਲ ਨੂੰ ਕੋਵਿਡ-19 ਦੇ ਮਰੀਜ਼ਾਂ ਲਈ ਖੋਲ੍ਹ ਦਿੱਤੇ ਜਾਣ ਮਗਰੋਂ ਕੈਂਸਰ ਦੇ ਮਰੀਜ਼ਾਂ ਨੂੰ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ।

ਸਰਦਾਰ ਬਾਦਲ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਖੁਰਾਕੀ ਵਸਤਾਂ ਪਾਰਦਰਸ਼ੀ ਢੰਗ ਨਾਲ ਵੰਡਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਰੀਬਾਂ ਨੂੰ ਦਿੱਤੀ ਜਾਂਦੀ ਸਰਕਾਰੀ ਰਾਹਤ ਸਮੱਗਰੀ ਦਾ ਸਿਆਸੀਕਰਨ ਰੋਕਣ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਨੇ ਗਰੀਬਾਂ ਨਾਲ ਹੋ ਰਹੇ ਸਿਆਸੀ ਵਿਤਕਰੇ ਦੀਆਂ ਕਈ ਮਿਸਾਲਾਂ ਦਿੱਤੀਆਂ। ਉਹਨਾਂ ਮੁੱæਖ ਮੰਤਰੀ ਨੂੰ ਇਹ ਵੀ ਕਿਹਾ ਕਿ ਹਰ ਹਲਕੇ ਲਈ ਪੰਜ ਹਜ਼ਾਰ ਪੀਪੀਈ ਕਿਟਾਂ ਬਹੁਤ ਘੱਟ ਹਨ, ਇਹਨਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।

ਅਕਾਲੀ ਦਲ ਪ੍ਰਧਾਨ ਨੇ ਸਭ ਤੋਂ ਅੱਗੇ ਹੋ ਕੇ ਲੜਣ ਵਾਲਿਆਂ ਪੁਲਿਸ ਕਰਮੀਆਂ, ਸਿਹਤ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਕ ਦਿੱਤੇ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੀ ਸਿੱਖ ਸੰਗਤ ਨੂੰ ਵਾਪਸ ਲਿਆਉਣ ਲਈ ਜਰੂਰੀ ਕਦਮ ਚੁੱਕਣ।
-PTCNews