ਸੁਖਬੀਰ ਨੇ ਇਤਿਹਾਸ ਬਾਰੇ ਬਹਿਸ ਉੱਤੇ ਮੁੱਖ ਮੰਤਰੀ ਨੂੰ ਘੇਰਿਆ

History debate Sukhbir joins issue with CM Captain Amarinder

ਸੁਖਬੀਰ ਨੇ ਇਤਿਹਾਸ ਬਾਰੇ ਬਹਿਸ ਉੱਤੇ ਮੁੱਖ ਮੰਤਰੀ ਨੂੰ ਘੇਰਿਆ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦਾ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੜ ਇਹ ਗੱਲ ਆਖੀ ਹੈ ਕਿ ਉਹਨਾਂ ਦੀ ਪਾਰਟੀ ਅਤੇ ਗਠਜੋੜ ਸਹਿਯੋਗੀ ਚਾਹੁੰਦੇ ਹਨ ਕਿ ਬੋਰਡ ਦੀ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਿੱਖ ਇਤਿਹਾਸ ਦੀ ਪੜ•ਾਈ ਦਾ ਜੋ ਨੁਕਸਾਨ ਕੀਤਾ ਗਿਆ ਹੈ, ਸਰਕਾਰ ਉਸ ਦੀ ਸੁਧਾਈ ਕਰੇ ਅਤੇ ਇਸ ਕਲਾਸ ਦੇ ਸਿਲੇਬਸ ਵਿਚੋਂ ਹਟਾਏ ਗਏ 23 ਚੈਪਟਰਾਂ ਨੂੰ ਮੁੜ ਤੋਂ ਸਿਲੇਬਸ ਦਾ ਹਿੱਸਾ ਬਣਾਵੇ। ਉਹਨਾਂ ਕਿਹਾ ਕਿ ਸਾਡੇ ਲਈ ਇਹ ਇਕ ਬਹੁਤ ਧਾਰਮਿਕ, ਅਕਾਦਮਿਕ ਅਤੇ ਸੰਵੇਦਨਸ਼ੀਲ ਮੁੱਦਾ ਹੈ। ਮਹਾਨ ਗੁਰੂ ਸਾਹਿਬਾਨਾਂ ਵੱਲੋਂ ਸਾਨੂੰ ਦਿੱਤੇ ਇਤਿਹਾਸ ਅਤੇ ਵਿਰਸੇ ਨਾਲ ਜੁੜੇ ਸੰਵੇਦਨਸ਼ੀਲ ਅਤੇ ਸੰਜੀਦਾ ਮੁੱਦਿਆਂ ਉੱਤੇ ਕਿਸੇ ਨੂੰ ਵੀ ਸਿਆਸਤ ਕਰਨ ਦੀ ਖੁੱਲ• ਨਹੀਂ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਖ ਇਤਿਹਾਸ ਨਾਲ ਕੀਤੀ ਬੇਇਨਸਾਫੀ ਖ਼ਤਮ ਹੋਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੱਲ• ਦਾ ਬਿਆਨ ਇਸੇ ਤੱਥ ਦਾ ਲੁਕਵਾਂ ਇਕਬਾਲ ਕਰਦਾ ਹੈ ਕਿ ਪੰਜਾਬ ਅਤੇ ਸਿੱਖ ਇਤਿਹਾਸ, ਵਿਰਾਸਤ, ਧਰਮ, ਸੱਭਿਆਚਾਰ ਨਾਲ ਭਾਰੀ ਬੇਇਨਸਾਫੀ ਕੀਤੀ ਗਈ ਹੈ। ਭਾਵੇਂਕਿ ਉਹਨਾਂ ਇਹ ਕਹਿਣ ਵਾਸਤੇ ਬਹੁਤੇ ਸ਼ਬਦ ਇਸਤੇਮਾਲ ਨਹੀਂ ਕੀਤੇ, ਪਰ ਇਹ ਗੱਲ ਹੁਣ ਸਪੱਸ਼ਟ ਹੈ ਕਿ ਉਹਨਾਂ ਨੂੰ ਹੁਣ 12ਵੀਂ ਕਲਾਸ ਦੇ ਇਤਿਹਾਸ ਦੇ ਸਿਲੇਬਸ ਵਿਚ ਕੀਤੀਆਂ ਵੱਡੀਆਂ ਅਤੇ ਖਤਰਨਾਕ ਤਬਦੀਲੀਆਂ ਨੂੰ ਸਹੀ ਠਹਿਰਾਉਣ ਦੀ ਕੋਈ ਤੁਕ ਨਜ਼ਰ ਨਹੀਂ ਆਉਂਦੀ। ਮੁੱਖ ਮੰਤਰੀ ਨੇ ਹੁਣ ਪਹਿਲੀ ਵਾਰ 12ਵੀਂ ਕਲਾਸ ਦੀ ਅਕਾਦਮਿਕ ਤੌਰ ਤੇ ਅਹਿਮ ਅਤੇ ਬੋਰਡ ਵਾਲੀ ਪ੍ਰੀਖਿਆ ਵਿਚੋਂ ਸਿੱਖ ਇਤਿਹਾਸ ਨੂੰ ਮਨਫ਼ੀ ਕਰਨ ਦੇ ਫੈਸਲੇ ਉੱਤੇ ਨਜ਼ਰਸਾਨੀ ਕਰਨ ਦੀ ਗੱਲ ਕੀਤੀ ਹੈ। ਇਤਿਹਾਸ ਦੇ ਇਸ ਅਹਿਮ ਹਿੱਸੇ, ਜਿਸ ਵਿਚ ਗੁਰੂ ਸਾਹਿਬਾਨਾਂ ਅਤੇ ਸਿੱਖ ਯੋਧਿਆਂ ਦਾ ਇਤਿਹਾਸ ਸ਼ਾਮਿਲ ਹੈ, ਨੂੰ ਸੀਨੀਅਰ ਅਤੇ ਮਹੱਤਵਪੂਰਨ 12ਵੀਂ ਕਲਾਸ ਦੀ ਪ੍ਰੀਖਿਆ ਵਿਚੋਂ ਕੱਢ ਕੇ 11ਵੀਂ ਕਲਾਸ ਦੀ ਪ੍ਰੀਖਿਆ ਵਿਚ ਪਾਉਣ ਦੀ ਕੋਈ ਤੁਕ ਨਹੀਂ ਬਣਦੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 12ਵੀਂ ਕਲਾਸ ਦੀ ਅਕਾਦਮਿਕ ਅਹਿਮੀਅਤ ਦੀ ਤੁਲਨਾ 11ਵੀਂ ਕਲਾਸ ਦੀ ਸਥਾਨਕ ਤੌਰ ਤੇ ਲਈ ਜਾਣ ਵਾਲੀ ਪ੍ਰੀਖਿਆ ਨਾਲ ਨਹੀਂ ਕੀਤੀ ਜਾ ਸਕਦੀ। ਇਸ ਲਈ ਇਤਿਹਾਸ ਦੇ ਮਨਫੀ ਕੀਤੇ ਚੈਪਟਰ 12ਵੀਂ ਕਲਾਸ ਦੇ ਸਿਲੇਬਸ ਵਿਚ ਪਾਏ ਜਾਣੇ ਚਾਹੀਦੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਸੀਨੀਅਰ ਵਿਦਿਆਰਥੀਆਂ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨਾ, ਮੌਜੂਦਾ ਅਤੇ ਸਾਡੇ ਬੱਚਿਆਂ ਦੀਆਂ ਆਉਣ ਵਾਲੀਆਂ ਪੀੜ•ੀਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਦੀਆਂ ਜੜ•ਾਂ ਦੀ ਵੱਢਣ ਦੀ ਇੱਕ ਸਾਜ਼ਿਸ਼ ਜਾਪਦੀ ਹੈ। ਇਹ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਕੈਪਟਨ ਨੇ ਇਹ ਗੱਲ ਅਜੇ ਬੋਲ ਕੇ ਨਹੀਂ ਆਖੀ,ਪਰ ਉਹਨਾਂ ਦਾ ਕੱਲ• ਦਾ ਬਿਆਨ ਸੰਕੇਤ ਦਿੰਦਾ ਹੈ ਕਿ ਉਹ ਖੁਦ ਨੂੰ ਸੱਚ ਦੇ ਉਲਟ ਖੜ•ੇ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਨੂੰ ਆਪਣੀ ਗਲਤੀ ਸਾਫ ਨਜ਼ਰ ਆ ਚੁੱਕੀ ਹੈ। ਉਹਨਾਂ ਨੂੰ ਸਾਰੇ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਅਤੇ ਅਕਾਲੀ-ਭਾਜਪਾ ਵੱਲੋਂ ਲਏ ਗਏ ਸਟੈਂਡ ਨੂੰ ਸਵੀਕਾਰ ਕਰਨਾ ਪਵੇਗਾ। ਜਿਸ ਤਰ•ਾਂ ਉਹ ਕੱਲ• ਤਕ ਕਰ ਰਹੇ ਸੀ ਕਿ ਗਲਤ ਤਰੀਕੇ ਨਾਲ ਅਤੇ ਅੜੀ ਕਰਕੇ ਸਿੱਖ ਇਤਿਹਾਸ ਉੱਤੇ ਲੀਕ ਫੇਰਨ ਨੂੰ ਜਾਇਜ਼ ਠਹਿਰਾ ਰਹੇ ਸੀ, ਹੁਣ ਇਸ ਦੀ ਥਾਂ

ਉਹਨਾਂ ਨੂੰ 12ਵੀਂ ਦੇ ਪੁਰਾਣੇ ਸਿਲੇਬਸ ਨੂੰ ਮੁੜ ਲਾਏ ਜਾਣ ਦੀ ਮੰਗ ਨੂੰ ਸਵੀਕਾਰ ਕਰਨਾ ਹੋਵੇਗਾ।ਉਹਨਾਂ ਨੇ ਸਿੱਖ ਇਤਿਹਾਸ ਬਾਰੇ ਕੀਤੀਆਂ ਵਿਵਾਦਗ੍ਰਸਤ ਤਬਦੀਲੀਆਂ ਦੀ ਨਜ਼ਰਸਾਨੀ ਕਰਨ ਦੀ ਸੰਭਾਵਨਾ ਅਤੇ ਲੋੜ ਦੀ ਗੱਲ ਕੀਤੀ ਹੈ। ਪਰ ਅਸੀਂ ਉਹਨਾਂ ਵੱਲੋਂ ਕੀਤੀ ਠੋਸ ਕਾਰਵਾਈ ਤੋਂ ਹੀ ਉਹਨਾਂ ਦੇ ਵਤੀਰੇ ਨੂੰ ਪਰਖਾਂਗੇ। 12ਵੀਂ ਕਲਾਸ ਵਿਚੋਂ ਸਿੱਖ ਇਤਿਹਾਸ ਬਾਰੇ ਮਨਫੀ ਕੀਤੇ ਗਏ 23 ਚੈਪਟਰਾਂ ਨੂੰ ਤੁਰੰਤ ਉਸੇ ਕਲਾਸ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਦੀ ਪੜ•ਾਈ ਦਾ ਨੁਕਸਾਨ ਨਾ ਹੋਵੇ।

ਸਰਦਾਰ ਬਾਦਲ ਨੇ ਕਿਹਾ ਕਿ ਕਿਸੇ ਦੂਜੇ ਉੱਤੇ ਦੋਸ਼ ਮੜ•ਣ ਦੀ ਥਾਂ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਪੂਰਾ ਸੱਚ ਦੱਸਣਾ ਚਾਹੀਦਾ ਹੈ ਕਿ 12ਵੀਂ ਕਲਾਸ ਦੇ ਸਿਲੇਬਸ ਵਿਚ ਤਬਦੀਲੀਆਂ ਉਹਨਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ 2013, 2014, 2015, 2016 ਅਤੇ ਪਿਛਲੇ ਸਾਲ ਤਕ ਵੀ 12ਵੀਂ ਕਲਾਸ ਵਿਚ ਹਰ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਪੜ•ਾਇਆ ਜਾ ਰਿਹਾ ਸੀ। ਇਹ ਤਬਾਹਕੁਨ ਤਬਦੀਲੀਆਂ ਸਿਰਫ ਇਸ ਸਾਲ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਵੱਲੋਂ ਇਸ ਸਾਲ ਲਏ ਅਤੇ ਲਾਗੂ ਕੀਤੇ ਫੈਸਲਿਆਂ ਲਈ ਪਿਛਲੀ ਸਰਕਾਰ ਨੂੰ ਕਿਵੇਂ ਜ਼ਿੰਮੇਵਾਰ ਠਹਿਰਾ ਸਕਦੇ ਹਨ?

ਸਰਦਾਰ ਬਾਦਲ ਨੇ ਉਹਨਾਂ ਖ਼ਿਲਾਫ ਮੁੱਖ ਮੰਤਰੀ ਵੱਲੋਂ ਕੀਤੀਆਂ ਨਿੱਜੀ ਅਤੇ ਨੀਵੇਂ ਪੱਧਰ ਦੀਆਂ ਟਿੱਪਣੀਆਂ, ਖਾਸ ਕਰਕੇ ਸਿੱਖ ਇਤਿਹਾਸ ਬਾਰੇ ਵੱਧ ਜਾਣਕਾਰੀ ਹੋਣ ਸੰਬੰਧੀ ਮਾਰੀ ਸ਼ੇਖੀ ਆਦਿ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।ਉਹਨਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਪੜ•ਾਏ ਜਾਣ ਦੀ ਅਹਿਮੀਅਤ ਬਾਰੇ ਜਾਗਰੂਕ ਹੋਣ ਲਈ ਕਿਸੇ ਨੂੰ ਵਿਦਵਾਨ ਹੋਣ ਦੀ ਲੋੜ ਨਹੀਂ। ਪੰਜਾਬ ਵਿਚ ਜੰਮਿਆ ਹਰ ਬੱਚਿਆ ਇਸ ਦੀ ਅਹਿਮੀਅਤ ਜਾਣਦਾ ਹੈ। ਪਰ ਇਹ ਗੱਲ ਅਜੀਬ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ, ਖੁਦ ਸਿੱਖ ਇਤਿਹਾਸ ਦੇ ਇੱਕ ਵਿਦਵਾਨ ਹੋਣ ਦੇ ਬਾਵਜੂਦ, ਪੰਜਾਬ ਦੇ ਇਤਿਹਾਸ ਖਾਸ ਕਰਕੇ ਸਿੱਖ ਧਰਮ ਦੀ ਉਤਪਤੀ ਅਤੇ ਉਭਾਰ ਅਤੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦਾ ਕਤਲ ਕਰਵਾਇਆ। ਜੇਕਰ ਕੈਪਟਨ ਅਣਜਾਣ ਆਦਮੀ ਹੁੰਦੇ ਤਾਂ ਅਸੀਂ ਕਹਿ ਸਕਦੇ ਸੀ ਕਿ ਉਹਨਾਂ ਨੂੰ ਭੁਲੇਖਾ ਲੱਗ ਗਿਆ ਹੋਣਾ ਹੈ। ਪਰ ਉਹਨਾਂ ਦੇ ਇੱਕ ਇਤਿਹਾਸਕਾਰ ਹੋਣ ਦੇ ਦਾਅਵੇ ਨੇ ਉਹਨਾਂ ਨੂੰ ਇਤਿਹਾਸ ਦੀ ਪੱਤਣ ਉੱਤੇ ਖੜ•ਾ ਕਰ ਦਿੱਤਾ ਹੈ। ਇਤਿਹਾਸ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਦਾ, ਜਿਹੜੇ ਇਤਿਹਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।

ਮੁੱਖ ਮੰਤਰੀ ਦੇ ਤਾਜ਼ਾ ਬਿਆਨ, ਜਿਸ ਵਿਚ ਉਹਨਾਂ ਨੇ ਇਸ ਸਾਰੇ ਮੁੱਦੇ ਉੱਤੇ ਨਜ਼ਰਸਾਨੀ ਕੀਤੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ, ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਸਟੈਂਡ ਉਹਨਾਂ ਦੇ ਪੁਰਾਣੇ ਸਟੈਂਡ ਤੋਂ ਬਿਲਕੁੱਲ ਹੀ ਉਲਟ ਹੈ। ਪਹਿਲਾਂ ਮੁੱਖ ਮੰਤਰੀ ਨੇ ਬਹਾਦਰ ਅਤੇ ਦੇਸ਼-ਭਗਤ ਸਿੱਖ ਭਾਈਚਾਰੇ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਖ਼ਤਮ ਕਰਨ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ ਸੀ। ਉਸ ਤੋਂ ਪਹਿਲਾਂ ਉਹਨਾਂ ਨੇ 12ਵੀਂ ਕਲਾਸ ਵਿਚੋਂ ਸਿੱਖ ਇਤਿਹਾਸ ਬਾਰੇ 23 ਚੈਪਟਰਾਂ ਨੂੰ ਮਨਫੀ ਕੀਤੇ ਜਾਣ ਨੂੰ ਇਹ ਕਹਿੰਦਿਆਂ ਸਹੀ ਠਹਿਰਾਇਆ ਸੀ ਕਿ ਇਹਨਾਂ ਕੱਢੇ ਗਏ ਚੈਪਟਰਾਂ ਨੂੰ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤਾ ਗਿਆ ਹੈ।

ਸਰਦਾਰ ਬਾਦਲ ਨੇ ਸਖ਼ਤੀ ਨਾਲ ਦੁਹਰਾਇਆ ਕਿ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਮਨਫੀ ਕੀਤੇ ਗਏ ਸਾਰੇ ਸਿੱਖ ਇਤਿਹਾਸ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਇਸ ਕਲਾਸ ਦੀ ਬੋਰਡ ਦੀ ਪ੍ਰੀਖਿਆ ਹੁੰਦੀ ਹੈ, ਇਸ ਲਈ ਵਿਦਿਆਰਥੀਆਂ ਲਈ ਇਸ ਕਲਾਸ ਦੀ ਪੇਸ਼ਾਵਰ ਅਹਿਮੀਅਤ 11ਵੀਂ ਕਲਾਸ ਨਾਲੋਂ ਕਿਤੇ ਵੱਧ ਹੁੰਦੀ ਹੈ।

ਉਹਨਾਂ ਕਿਹਾ ਕਿ 12ਵੀਂ ਕਲਾਸ ਦੇ ਚੈਪਟਰਾਂ ਨੂੰ 11ਵੀਂ ਕਲਾਸ ਵਿਚ ਨਾ ਪਾਉਣਾ, ਇਹੀ ਅਸਲੀ ਮੁੱਦਾ ਸੀ ਅਤੇ ਇਹੀ ਅਸਲੀ ਮੁੱਦਾ ਹੈ।

—PTC News