ਸਿਆਸੀ ਲੀਡਰਾਂ ਨੇ ਪਹਿਲੀ ਵਾਰ ਹਾਕੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਟੀਮ ਨੂੰ ਦਿੱਤੀ ਵਧਾਈ

By Shanker Badra - August 02, 2021 12:08 pm

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਸਾਡੀਆਂ ਪ੍ਰਤਿਭਾਸ਼ਾਲੀ ਕੁੜੀਆਂ ਨੂੰ ਸ਼ਾਨਦਾਰ ਮੈਚ ਖੇਡ ਕੇ ਟੋਕੀਓ ਓਲੰਪਿਕਸ ਵਿੱਚ ਮਹਿਲਾ ਹਾਕੀ ਦੇ ਸੈਮੀਫ਼ਾਈਨਲ ਵਿੱਚ ਪਹੁੰਚਦਿਆਂ ਦੇਖ ਬੜੀ ਖੁਸ਼ੀ ਹੋਈ। ਗੁਰਜੀਤ ਕੌਰ ਦੀ ਬੇਮਿਸਾਲ ਖੇਡ ਨੇ ਸਾਡਾ ਸਭ ਦਾ ਸਿਰ ਫ਼ਖ਼ਰ ਨਾਲ ਉੱਚਾ ਚੁੱਕ ਦਿੱਤਾ ਹੈ। ਦਿਲੋਂ ਮੁਬਾਰਕਾਂ, ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ!

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਤੁਸੀਂ ਇਤਿਹਾਸ ਰਚ ਦਿੱਤਾ ਹੈ ਧੀਓ! ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਆਸਟ੍ਰੇਲੀਆਈ ਟੀਮ ਨੂੰ ਹਰਾ ਕੇ ਟੋਕੀਓ ਓਲੰਪਿਕਸ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਦੀ ਬਹੁਤ ਖੁਸ਼ੀ ਹੈ। ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਗੁਰਜੀਤ ਕੌਰ 'ਤੇ ਸਾਰੇ ਪੰਜਾਬ ਨੂੰ ਮਾਣ ਹੈ। ਬਹੁਤ ਮੁਬਾਰਕਾਂ! ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਦੇ ਸੈਮੀਫਾਈਨਲ 'ਚ ਪਹੁੰਚਣ 'ਤੇ ਪੰਜਾਬ 'ਚ ਜਸ਼ਨ ਦਾ ਮਾਹੌਲ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਤਿੰਨ ਵਾਰ ਦੇ ਉਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਉਲੰਪਿਕ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਸਾਡੀ ਮਹਿਲਾ ਹਾਕੀ ਟੀਮ 'ਤੇ ਮਾਣ ਹੈ। ਉਨ੍ਹਾਂ ਵਲੋਂ ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਗਈ ਜਿਸ ਨੇ ਮੈਚ ਦਾ ਇਕਲੌਤਾ ਗੋਲ ਕੀਤਾ।

ਦੱਸ ਦੇਈਏ ਕਿ ਟੋਕੀਓ ਓਲੰਪਿਕਸ ਦੇ 11ਵੇਂ ਦਿਨ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ।ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ ਹੈ। ਰਾਣੀ ਰਾਮਪਾਲ ਦੀ ਇਸ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
-PTCNews

adv-img
adv-img