ਮੁੱਖ ਖਬਰਾਂ

ਟੋਕੀਓ ਓਲੰਪਿਕ ਦੇਖ ਸੁਖਬੀਰ ਸਿੰਘ ਬਾਦਲ ਨੂੰ ਪੁਰਾਣੇ ਦਿਨਾਂ ਦੀ ਆਈ ਯਾਦ, ਇੰਝ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

By Jashan A -- August 01, 2021 1:57 pm -- Updated:August 01, 2021 1:57 pm

ਚੰਡੀਗੜ੍ਹ: ਟੋਕੀਓ ਓਲੰਪਿਕ ਦਾ ਰੋਮਾਂਚ ਜਾਰੀ ਹੈ ਤੇ ਭਾਰਤ ਦੇ ਕਈ ਖਿਡਾਰੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਪੱਕੇ ਕਰ ਚੁੱਕੇ ਹਨ, ਜਿਨ੍ਹਾਂ ਦੀ ਹੌਂਸਲਾ ਅਫਜਾਈ ਪੂਰਾ ਦੇਸ਼ ਕਰ ਰਿਹਾ ਹੈ। ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖ਼ਿਡਾਰੀਆਂ ਦੀ ਹੌਂਸਲਾ ਅਫ਼ਸਾਈ ਕੀਤੀ ਹੈ।

ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ। ਉਹਨਾਂ ਕਿਹਾ ਹੈ ਕਿ ਓਲੰਪਿਕ ਵਿਚ ਆਪਣੀ ਮਾਤ-ਭੂਮੀ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਖ਼ਿਡਾਰੀਆਂ ’ਤੇ ਮੈਨੂੰ ਮਾਣ ਹੈ ਅਤੇ ਮੈਂ ਸਭ ਦੀ ਸਫ਼ਲਤਾ ਲਈ ਅਰਦਾਸ ਕਰਦਾ ਹਾਂ।

ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਉਹਨਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ 'ਖੇਡਾਂ ਇਨਸਾਨ ਨੂੰ ਸਹਿਣਸ਼ੀਲਤਾ, ਅਨੁਸ਼ਾਸਨ ਅਤੇ ਇਕਜੁੱਟਤਾ ਸਿਖਾਉਂਦੀਆਂ ਹਨ। ਕਾਲਜ ਦੇ ਦਿਨਾਂ 'ਚ ਮੈਂ ਵੀ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਰਿਹਾ ਹਾਂ, ਅਤੇ ਅਖ਼ਬਾਰ 'ਚ ਛਪੀ ਇਹ ਖ਼ਬਰ ਉਸ ਵੇਲੇ ਦੀ ਹੈ ਜਦੋਂ ਸਾਲ 1983 'ਚ ਸਾਡੀ ਟੀਮ ਨੇ ਟ੍ਰੈਪ ਐਂਡ ਸਕੀਟ ਕੰਪੀਟੀਸ਼ਨ 'ਚ ਆਲ ਇੰਡੀਆ ਨੌਰਥ ਜ਼ੋਨ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਸੀ। ਇੱਕ ਖਿਡਾਰੀ ਵਜੋਂ ਮੇਰਾ ਸਫ਼ਰ ਭਾਵੇਂ ਕੋਈ ਬਹੁਤ ਜ਼ਿਆਦਾ ਲੰਮਾ ਨਹੀਂ ਸੀ, ਪਰ ਆਪਣੇ ਨਿਸ਼ਾਨੇ 'ਤੇ ਪਹੁੰਚਣ ਲਈ ਖਿਡਾਰੀ ਕਿੰਨੀ ਦ੍ਰਿੜ੍ਹਤਾ ਨਾਲ ਮਿਹਨਤ ਕਰਦੇ ਹਨ ਉਸ ਦਾ ਅਹਿਸਾਸ ਮੈਨੂੰ ਭਲੀ ਭਾਂਤ ਹੈ। ਟੋਕੀਓ ਓਲੰਪਿਕਸ ਦੇ ਮੁਕਾਬਲੇ ਵੇਖ ਕੇ ਮੈਂ ਸਮਝ ਸਕਦਾ ਹਾਂ ਕਿ ਉੱਥੇ ਪੁੱਜੇ ਇਹ ਸਾਰੇ ਖਿਡਾਰੀ ਕਿੰਨੀ ਸਖ਼ਤ ਮਿਹਨਤ ਦੇ ਰਾਹ 'ਚੋਂ ਲੰਘੇ ਹੋਣੇ ਹਨ। ਇਸ ਵਾਰ ਓਲੰਪਿਕਸ 'ਚ ਆਪਣੀ ਮਾਤ-ਭੂਮੀ ਭਾਰਤ ਦਾ ਨਾਂਅ ਰੌਸ਼ਨ ਕਰ ਰਹੇ ਸਾਰੇ ਖਿਡਾਰੀਆਂ 'ਤੇ ਮੈਨੂੰ ਮਾਣ ਹੈ, ਅਤੇ ਮੈਂ ਸਭਨਾਂ ਦੀ ਸਫ਼ਲਤਾ ਲਈ ਅਰਦਾਸ ਕਰਦਾ ਹਾਂ।'

ਜ਼ਿਕਰ ਏ ਖਾਸ ਹੈ ਕਿ 23 ਜੁਲਾਈ ਤੋਂ ਸ਼ੁਰੂ ਹੋਈਆਂ ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ 25ਵੀਂ ਵਾਰ ਹਿੱਸਾ ਲੈ ਰਿਹਾ ਹੈ ਅਤੇ ਇਸ ਵਾਰ ਭਾਰਤ ਨੇ ਆਪਣਾ ਸਭ ਤੋਂ ਵੱਡਾ ਦਲ ਖੇਡਾਂ ਵਿਚ ਉਤਾਰਿਆ ਹੈ।

-PTC News

  • Share