ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ’ਚ ਬੇਅਦਬੀ ਮਾਮਲਿਆ ਦੀ ਜਾਂਚ ਹੋਵੇ: ਕਾਲਕਾ

By Shanker Badra - August 25, 2018 5:08 pm

ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ’ਚ ਬੇਅਦਬੀ ਮਾਮਲਿਆ ਦੀ ਜਾਂਚ ਹੋਵੇ: ਕਾਲਕਾ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ’ਚ ਪੰਜਾਬ ਵਿਖੇ ਹੋਈ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਗਸ ਕਰਾਰ ਦਿੱਤਾ ਹੈ।ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਮਿਸ਼ਨ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ 10 ਸਵਾਲ ਵੀ ਪੁੱਛੇ ਹਨ।ਇਸਦੇ ਨਾਲ ਹੀ ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਦੀ ਬਰਖਾਸ਼ਤਗੀ ਦੀ ਮੰਗ ਕਰਦੇ ਹੋਏ ਰਾਸ਼ਟਰਪਤੀ ਰਾਜ ’ਚ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਬੇਅਦਬੀ ਮਾਮਲਿਆਂ ਦੀ ਨਿਰਪੱਖ ਜਾਂਚ ਕਰਾਉਣ ਦੀ ਵਕਾਲਤ ਕੀਤੀ।

ਕਾਲਕਾ ਨੇ ਕਿਹਾ ਕਿ ਕਮਿਸ਼ਨ ਨੇ ਜਰੂਰੀ ਗਵਾਹਾਂ ਦੀ ਗਵਾਹੀਆਂ ਰਿਕਾਰਡ ਕਰਨ ਦੀ ਬਜਾਏ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਬਨਾਵਟੀ ਗਵਾਹੀਆਂ ਤਿਆਰ ਕਰਕੇ ਆਪਣੀ ਨਿਰਪੱਖਤਾ ਨੂੰ ਸਵਾਲੀਆ ਘੇਰੇ ’ਚ ਖੜਾ ਕਰ ਦਿੱਤਾ ਹੈ।ਜਸਟਿਸ ਰਣਜੀਤ ਸਿੰਘ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲ ਕੇ ਜਿਸ ਤਰੀਕੇ ਨਾਲ ਪੂਰਵਾਗ੍ਰਹਿ ਨਾਲ ਗ੍ਰਸਿਤ ਹੋ ਕੇ ਨਕਲੀ ਗਵਾਹੀਆਂ ਸਹਾਰੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਜੋ ਵਿਊਂਤਬੰਦੀ ਕੀਤੀ ਸੀ,ਉਸਦਾ ਸੱਚ ਗਵਾਹਾਂ ਦੇ ਮੁਕਰਨ ਨਾਲ ਸਾਹਮਣੇ ਆ ਗਿਆ ਹੈ। ਕਾਲਕਾ ਨੇ ਰੰਧਾਵਾ ਵੱਲੋਂ ਗਲਤ ਬਾਣੀ ਉਚਾਰਣ ਕਰਨ ਦੇ ਮਾਮਲੇ ’ਚ ਬੋਲਦੇ ਹੋਏ ਕਿਹਾ ਕਿ ਰੰਧਾਵਾ ਨੂੰ ਤੁਰੰਤ ਇਸ ਮਾਮਲੇ ’ਚ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ।

ਕਾਲਕਾ ਨੇ ਕਮਿਸ਼ਨ ਦੀ ਲੀਕ ਹੋਈ ਰਿਪੋਰਟ ਦੇ ਆਧਾਰ ’ਤੇ 10 ਸਵਾਲ ਵੀ ਪੁੱਛੇ।ਡੀ.ਆਈ.ਜੀ. ਆਰ.ਐਸ. ਖੱਟੜਾ ਦੀ ਐਸ.ਆਈ.ਟੀ. ਵੱਲੋਂ ਬੇਅਦਬੀ ਦੇ ਪਿੱਛੇ ਡੇਰਾ ਸਿਰਸਾ ਦੀ ਸਮੂਲੀਅਤ ਦਾ ਖੁਲਾਸਾ ਕਮਿਸ਼ਨ ਦੇ ਸਾਹਮਣੇ ਰੱਖਣ ਦੇ ਬਾਵਜੂਦ, ਕਮਿਸ਼ਨ ਨੇ ਡੇਰਾ ਮੁੱਖੀ ਰਾਮ ਰਹੀਮ ਅਤੇ ਉਸਦੇ ਚੇਲੇਆਂ ਖਿਲਾਫ਼ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਸਾਜਿਸ਼ ਇੱਕ ਗਿਰੋਹ ਦੇ ਰੂਪ ’ਚ ਕਰਨ ਦੇ ਦੋਸ਼ ਤਹਿਤ ਮਕੋਕਾ ਧਾਰਾ ’ਚ ਕੇਸ ਦਰਜ਼ ਕਰਨ ਦੀ ਮੰਗ ਕਿਊਂ ਨਹੀਂ ਕੀਤੀ ? ਬਰਗਾੜੀ ਬੇਅਦਬੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇੱਕਤ੍ਰ ਕੀਤੇ ਗਏੇ 115 ਅੰਗਾਂ ਨੂੰ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੰਡਰਿਆਂਵਾਲੇ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੋਟਕਪੂਰਾ ਚੌਂਕ ’ਤੇ ਲੈ ਜਾਇਆ ਗਿਆ ਸੀ। ਜਿਸ ਤੋਂ ਬਾਅਦ ਅੰਗ ਗਾਇਬ ਹੋ ਗਏ ਸਨ।ਕਮਿਸ਼ਨ ਨੇ ਉਕਤ ਧਾਰਮਿਕ ਆਗੂਆਂ ਨੂੰ 115 ਅੰਗਾਂ ਦੇ ਗੁਆਚਣ ਲਈ ਤਲਬ ਕਿਊਂ ਨਹੀਂ ਕੀਤਾ ?

ਕਾਲਕਾ ਨੇ ਪੁੱਛਿਆ ਕਿ ਕਥਿਤ 100 ਕਰੋੜ ਰੁਪਏ ਦੀ ਡੀਲ ਅਕਾਲੀ ਦਲ ਵੱਲੋਂ ਡੇਰਾ ਮੁੱਖੀ ਨਾਲ ਕਰਨ ਦੇ ਸਾਬਕਾ ਵਿਧਾਇਕ ਹਰਬੰਸ ਜਲਾਲ ਵੱਲੋਂ ਗੈਰ ਅਧਿਕਾਰਿਕ ਕੀਤੇ ਗਏ ਦਾਅਵੇ ’ਤੇ ਕਮਿਸ਼ਨ ਨੇ ਫਿਲਮ ਸਟਾਰ ਅਕਸ਼ੇ ਕੁਮਾਰ ਨੂੰ ਤਲਬ ਕਰਨ ਦੀ ਬਜਾਏ ਸਿਰਫ਼ ਜਲਾਲ ਦੇ ਪੱਤਰ ਨੂੰ ਮੀਡੀਆ ’ਚ ਕਿਊਂ ਲੀਕ ਕੀਤਾ ? ਕਮਿਸ਼ਨ ਵੱਲੋਂ ਆਪਣੀ ਰਿਪੋਰਟ ’ਚ ਅਸਲ ਜਥੇਦਾਰਾਂ ਦੇ ਮੁਕਾਬਲੇ ਮੁਤਵਾਜ਼ੀ ਜਥੇਦਾਰਾਂ ਨੂੰ ਅਹਿਮੀਅਤ ਦੇਣ ਦੇ ਪਿੱਛੇ ਕੀ ਕਾਰਨ ਹਨ ? ਕਮਿਸ਼ਨ ਦੀ ਰਿਪੋਰਟ ਲੀਕ ਹੋਣ ਲਈ ਕੌਣ ਜਿੰਮੇਵਾਰੀ ਲਏਗਾ ? ਮੁੱਖ ਗਵਾਹ ਹਿੰਮਤ ਸਿੰਘ ਅਤੇ ਹਰਬੰਸ ਜਲਾਲ ਦੀ ਗਵਾਹੀ ਦੀ ਵੀਡੀਓ ਰਿਕਾਡਿੰਗ ਕਿਊਂ ਨਹੀਂ ਹੋਈ, ਜਦਕਿ ਕਮਿਸ਼ਨ ਦੀ ਸਾਰੀ ਰਿਪੋਰਟ ਇਨ੍ਹਾਂ ਦੇ ਇਰਦ-ਗਿਰਦ ਹੈ ? ਬੇਅਦਬੀਆਂ ਦੇ ਸਮੇਂ ਦੌਰਾਨ ਪਾਕਿਸਤਾਨ ਅਤੇ ਲੈਬਨਾਨ ਵਿਖੇ ਫੋਨ ਕਾੱਲ ਕਰਨ ਵਾਲੇ ਲੋਕਾਂ ਦਾ ਖੁਲਾਸਾ ਐਸ.ਆਈ.ਟੀ. ਵੱਲੋਂ ਕਰਨ ਦੇ ਬਾਵਜੂਦ ਕਮਿਸ਼ਨ ਨੇ ਉਕਤ ਲੋਕਾਂ ਨੂੰ ਤਲਬ ਕਿਊਂ ਨਹੀਂ ਕੀਤਾ ? ਡੇਰਾ ਪ੍ਰੇਮੀਆਂ ਦੇ ਖਿਲਾਫ਼ ਕਾਰਵਾਈ ਕਰਨ ਤੋਂ ਕਾਂਗਰਸ ਸਰਕਾਰ ਕਿਊਂ ਭੱਜ ਰਹੀ ਹੈ, ਜਦਕਿ ਅੰਗਾਂ ਦੀ ਬਰਾਮਦਗੀ ਡੇਰਾ ਪ੍ਰੇਮੀਆਂ ਤੋਂ ਐਸ.ਆਈ.ਟੀ. ਨੇ 2018 ’ਚ ਕੀਤੀ ਹੈ ? ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਨੇ ਡੇਰੇ ਨੂੰ ਬੇਅਦਬੀ ਮਾਮਲੇ ’ਚ ਕਲੀਨ ਚਿੱਟ ਕੀ ਪਾਰਟੀ ਮੁੱਖੀ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਦਿੱਤੀ ਹੈ ? ਸੱਚ ਸਾਹਮਣੇ ਲਿਆਉਣ ਦੀ ਥਾਂ ਕਮਿਸ਼ਨ ਨੂੰ ਸਿਆਸੀ ਨਿਸ਼ਾਨੇ ਲਗਾਉਣ ਲਈ ਵਰਤਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਕੀ ਮਜਬੂਰੀ ਹੈ ?
-PTCNews

adv-img
adv-img