ਨਸ਼ਾ ਤਸਕਰਾਂ ਵੱਲੋਂ ਸਬ ਇੰਸਪੈਕਟਰ ’ਤੇ ਹਮਲੇ ਦਾ ਮਾਮਲਾ: ਮੁੱਖ ਮੰਤਰੀ ਦੇ ਹੁਕਮਾਂ ’ਤੇ ਤਿੰਨ ਪੁਲਿਸ ਮੁਲਾਜ਼ਮ ਅਤੇ ਇਕ ਹੋਮਗਾਰਡ ਬਰਖ਼ਾਸਤ

Capt Amarinder Singh

ਨਸ਼ਾ ਤਸਕਰਾਂ ਵੱਲੋਂ ਸਬ ਇੰਸਪੈਕਟਰ ’ਤੇ ਹਮਲੇ ਦਾ ਮਾਮਲਾ: ਮੁੱਖ ਮੰਤਰੀ ਦੇ ਹੁਕਮਾਂ ’ਤੇ ਤਿੰਨ ਪੁਲਿਸ ਮੁਲਾਜ਼ਮ ਅਤੇ ਇਕ ਹੋਮਗਾਰਡ ਬਰਖ਼ਾਸਤ

ਇਕ ਇੰਸਪੈਕਟਰ ਪੁਲੀਸ ਲਾਈਨ ਹਾਜ਼ਰ

ਚੰਡੀਗੜ: ਤਰਨ ਤਾਰਨ ਜ਼ਿਲੇ ਵਿੱਚ ਪੈਂਦੇ ਪਿੰਡ ਚੋਗਾਵਾਂ ਵਿਖੇ ਨਸ਼ਾ ਤਸਕਰਾਂ ਦੇ ਗਿਰੋਹ ਵੱਲੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ’ਤੇ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨਾਂ ਪੁਲੀਸ ਕਰਮਚਾਰੀਆਂ ਦੀ ਤੁਰੰਤ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ, ਜੋ ਉਸ ਮੌਕੇ ਉਕਤ ਪੁਲੀਸ ਅਧਿਕਾਰੀ ਨਾਲ ਮੌਜੂਦ ਸਨ ਪਰ ਉਨਾਂ ਦੇ ਬਚਾਅ ਲਈ ਕੋਈ ਕਾਰਵਾਈ ਨਹੀਂ ਕੀਤੀ।

ਮੁੱਖ ਮੰਤਰੀ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਦੇ ਮੁਖੀ ਸ੍ਰੀ ਦਿਨਕਰ ਗੁਪਤਾ ਨੇ ਛਾਪਾ ਮਾਰਨ ਕਰਨ ਵਾਲੀ ਪੁਲੀਸ ਟੀਮ ਦੀ ਭੂਮਿਕਾ ਬਾਰੇ ਆਈ.ਜੀ ਬਾਰਡਰ ਪਾਸੋਂ ਜਾਂਚ ਕਰਵਾਈ। ਉਕਤ ਟੀਮ ਵਿੱਚ ਪੁਲਿਸ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਮੌਜੂਦ ਸਨ ਜਿਨਾਂ ਨੇ 13 ਸਤੰਬਰ ਦੀ ਸਵੇਰ ਪਿੰਡ ਚੋਗਾਵਾਂ ਵਿਖੇ ਛਾਪਾ ਮਾਰਿਆ।

ਰਿਪੋਰਟ ਦੇ ਅਧਾਰ ’ਤੇ ਤਿੰਨ ਪੁਲੀਸ ਅਧਿਕਾਰੀ ਜਿਨਾਂ ਵਿੱਚ ਏ.ਐਸ.ਆਈ. ਸਤਵਿੰਦਰ ਸਿੰਘ, ਹੈੱਡਕਾਂਸਟੇਬਲ ਗੁਰਵਿੰਦਰ ਸਿੰਘ ਅਤੇ ਕਾਂਸਟੇਬਲ ਨਿਸ਼ਾਨ ਸਿੰਘ ਸ਼ਾਮਲ ਸਨ, ਸਮੇਤ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਅਤੇ ਮੌਕੇ ’ਤੇ ਕੋਈ ਕਾਰਵਾਈ ਨਾ ਕਰਨ ਦੇ ਨਤੀਜੇ ਵਜੋਂ ਡਿਊਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਐਸ.ਐਚ.ਓ. ਝਿਰਮਲ ਸਿੰਘ, ਥਾਣਾ ਕੱਚਾ ਪੱਕਾ, ਜ਼ਿਲਾ ਤਰਨ ਤਾਰਨ ਨੂੰ ਇਸ ਘਟਨਾ ਬਾਰੇ ਤਸੱਲੀਬਖ਼ਸ਼ ਸਪੱਸ਼ਟੀਕਰਨ ਦੇਣ ਦੇ ਮੱਦੇਨਜ਼ਰ ਪੁਲੀਸ ਲਾਈਨਜ਼ ਹਾਜ਼ਰ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਅਜਨਾਲਾ : ਪਿੰਡ ਚੋਗਾਵਾਂ ‘ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ 

ਇੱਕ ਸਰਕਾਰੀ ਬੁਲਾਰੇ ਅਨੁਸਾਰ ਸੋਸ਼ਲ ਮੀਡੀਆ ‘ਤੇ ਉਕਤ ਘਟਨਾ ਦੀਆਂ ਰਿਪੋਰਟਾਂ ’ਤੇ ਨਰਾਜ਼ਗੀ ਜਤਾਉਂਦਿਆਂ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਵੱਲੋਂ ਸਬ ਇੰਸਪੈਕਟਰ ਦੀ ਕੁੱਟਮਾਰ ਮੌਕੇ ਅਧਿਕਾਰੀ ਦੇ ਸਾਥੀ ਪੁਲੀਸ ਕਰਮਚਾਰੀਆਂ ਵੱਲੋਂ ਚੁੱਪ ਕੀਤੇ ਖੜੇ ਰਹਿਣ ਅਤੇ ਕੋਈ ਕਾਰਵਾਈ ਨਾ ਕਰਨ ਦਾ ਗੰਭੀਰ ਨੋਟਿਸ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਵਰਧੀਧਾਰੀ ਫੋਰਸ ਵਿੱਚ ਅਜਿਹਾ ਕਾਇਰਤਾ ਭਰਿਆ ਵਤੀਰਾ ਬਿਲਕੁਲ ਨਾ-ਮਨਜ਼ੂਰ ਹੈ ਅਤੇ ਸਮੁੱਚੀ ਪੁਲੀਸ ਫੋਰਸ ਨੂੰ ਸਖ਼ਤ ਸੰਕੇਤ ਦਿੱਤਾ ਕਿ ਉਨਾਂ ਦੇ ਸ਼ਾਸਨਕਾਲ ਦੌਰਾਨ ਅਜਿਹੀ ਕਾਇਰਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਬ ਇੰਸਪੈਕਟਰ ’ਤੇ ਹਮਲੇ ਦੇ ਮੱਦੇਨਜ਼ਰ ਹੁਣ ਤੱਕ ਪੰਜ ਵਿਅਕਤੀ ਗਿ੍ਰਫ਼ਤਾਰ ਕਰ ਲਏ ਗਏ ਹਨ ਅਤੇ ਪੁਲੀਸ ਨੇ ਇਨਾਂ ਸਮੇਤ ਕੁਝ ਹੋਰ 25-30 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਗਿ੍ਰਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਮਸ਼ੇਰ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ ਅਤੇ ਸਰਮੇਲ ਸਿੰਘ (ਸਾਰੇ ਚੋਗਾਵਾਂ ਤੋਂ) ਅਤੇ ਸ਼ੁੱਭ (ਵਾਸੀ ਤਪਿਆਲਾ) ਵਜੋਂ ਹੋਈ ਹੈ।

ਡੀ.ਜੀ.ਪੀ. ਵੱਲੋਂ ਕੱਲ ਆਈ.ਜੀ. ਬਾਰਡਰ ਅਤੇ ਐਸ.ਐਸ.ਪੀ. ਅੰਮਿ੍ਰਤਸਰ ਦਿਹਾਤੀ ਨੂੰ ਨਸ਼ਾ ਤਸਕਰ ਅਮਨਦੀਪ ਸਿੰਘ ਅਤੇ ਉਸਦੇ ਭਰਾ ਗਗਨਦੀਪ ਸਿੰਘ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਕਰੜੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਦੱਸਿਆ ਕਿ ਪੁਲੀਸ ਟੀਮ ਮਿਤੀ 10 ਸਤੰਬਰ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 22, 29 ਤਹਿਤ ਦਰਜ ਐਫ.ਆਈ. ਆਰ. ਨੰਬਰ 64 ਦੇ ਮਾਮਲੇ, ਜਿਸ ਵਿੱਚ ਤਰਨ ਤਾਰਨ ਪੁਲੀਸ ਵੱਲੋਂ 152 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਵਿੱਚ ਅਮਨਦੀਪ ਸਿੰਘ ਦੇ ਘਰ ਰੇਡ ਕਰਨ ਲਈ ਉਕਤ ਪਿੰਡ ਵਿੱਚ ਗਈ ਸੀ।

ਹੋਰ ਪੜ੍ਹੋ: ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆਂ ਦੇ ਐਨਕਾਊਂਟਰ ਬਾਰੇ ਡੀ.ਜੀ.ਪੀ. ਦੇ ਅਹਿਮ ਖੁਲਾਸੇ

ਅਮਨਦੀਪ ਸਿੰਘ ਅਤੇ ਉਸਦੇ ਭਰਾ ਨੇ ਆਪਣੇ ਘਰ ਲੋਕਾਂ ਦਾ ਇਕੱਠ ਕਰਕੇ ਸਬ ਇੰਸਪੈਕਟਰ ਦੇ ਕਤਲ ਦੀ ਕੋਸ਼ਿਸ਼ ਕੀਤੀ। ਡੀ.ਜੀ.ਪੀ. ਨੇ ਦੱਸਿਆ ਕਿ ਪਿੰਡ ਦਾ ਸਾਬਕਾ ਸਰਪੰਚ ਜਤਿੰਦਰ ਸਿੰਘ ਉਰਫ਼ ਕਾਲਾ, ਸਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਲਗਭਗ 25 ਹੋਰ ਵਿਅਕਤੀ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸਨ।ਐਨ.ਡੀ.ਪੀ.ਐਸ. ਮਾਮਲੇ ਵਿੱਚ ਹੋਰਨਾਂ ਦੋਸ਼ੀਆਂ ਵਿੱਚ ਜੁਗਰਾਜ ਸਿੰਘ ਉਰਫ਼ ਭੋਲੂ, ਹਰਵਿੰਦਰ ਸਿੰਘ ਉਰਫ਼ ਰਿੰਕਾ (ਗਿ੍ਰਫ਼ਤਾਰ) ਅਤੇ ਸੰਦੀਪ ਸਿੰਘ ਉਰਫ਼ ਸਨੀ (ਗਿ੍ਰਫ਼ਤਾਰ) ਸ਼ਾਮਲ ਹਨ।

ਹਰਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਸੰਦੀਪ ਤੋਂ ਨਸ਼ੇ ਦੀ ਖੇਪ ਲਈ ਸੀ। ਇਸ ਨਸ਼ਾ ਸਪਲਾਈ ਦੀ ਲੜੀ ਦੇ ਪਿਛੋਕੜ ਦੇ ਸਬੰਧਾਂ ਵਿੱਚ ਜਾਂਚ ਕਰਦਿਆਂ ਪੁਲੀਸ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਹੈਰੋਇਨ ਤਸਕਰੀ ਵਿੱਚ ਅਮਨਦੀਪ ਸਿੰਘ ਦੇ ਸ਼ਾਮਲ ਹੋਣ ਕਾਰਨ ਉਸਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਅਤੇ ਕੱਲ ਉਸਦੇ ਘਰ ਰੇਡ ਮਾਰੀ।

ਡੀ.ਜੀ.ਪੀ. ਨੇ ਦੱਸਿਆ ਕਿ ਦੂਜੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਅਤੇ ਹਰ ਉਸ ਵਿਅਕਤੀ ਵਿਰੁੱਧ ਸਖ਼ਤ ਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਜਿਸ ਨੇ ਸਰਕਾਰੀ ਡਿੳੂਟੀ ਨਿਭਾਉਣ ਵਾਲੀ ਵਰਦੀਧਾਰੀ ਪੁਲੀਸ ਪਾਰਟੀ ’ਤੇ ਹਮਲਾ ਕਰਨ ਦੀ ਜੁਅਰਤ ਕੀਤੀ।

-PTC News