ਹੋਰ ਖਬਰਾਂ

ਅਧਿਆਪਕ ਗੱਠਜੋੜ ਤੇ ਨਰਸਿੰਗ ਸਟਾਫ਼ ਵੱਲੋਂ 17 ਅਕਤੂਬਰ ਨੂੰ ਚਮਕੌਰ ਸਾਹਿਬ 'ਚ ਕੀਤੀ ਜਾਵੇਗੀ ਰੋਸ ਰੈਲੀ

By Shanker Badra -- October 09, 2021 4:47 pm

ਚੰਡੀਗੜ੍ਹ : ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਈ.ਟੀ.ਯੂ , ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਰਣਜੀਤ ਸਿੰਘ ਬਾਠ ਸੂਬਾ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ, ਸੰਜੀਵ ਕੁਮਾਰ ਸੂਬਾ ਪ੍ਰਧਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ , ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ ਐਡ ਫਰੰਟ ਅਮਰਜੀਤ ਸਿੰਘ ਕੰਬੋਜ ਸੂਬਾ ਪ੍ਰਧਾਨ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ,ਵਸ਼ਿੰਗਟਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਸੈਣੀ , ਅਵਤਾਰ ਸਿੰਘ ਧਨੋਆ,ਸਰਬਜੀਤ ਸਿੰਘ ਭਾਵੜਾ ਨੇ ਮੀਟਿੰਗ ਕਰਕੇ ਕਿਹਾ ਕਿ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕਾ ਚਮਕੌਰ ਸਾਹਿਬ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ।

ਇਨ੍ਹਾਂ ਆਗੂਆਂ ਨੇ ਸਰਕਾਰ ਤੇ ਵਿੱਤ ਵਿਭਾਗ 'ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ਼ ਵਿੱਚ ਸ਼ਾਮਿਲ ਸਮੁੱਚਾ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਉਹ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਬਹਾਲ, ਪੇ ਕਮਿਸ਼ਨ ਵੱਲੋਂ ਦਿੱਤੇ ਕਈ ਵੱਧ ਭੱਤੇ ਲਾਗੂ ਕਰਨ, ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, 01.01.2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦੂਜੇ ਮੁਲਾਜ਼ਮਾਂ ਵਾਂਗ ਸਾਰੇ ਲਾਭ ਦੇਣ , ਖਤਮ ਕੀਤੀਆਂ ਹੈੱਡ ਟੀਚਰਜ਼ ਸਮੇਤ ਬਾਕੀ ਪੋਸਟਾਂ ਬਹਾਲ ਕਰਨ, ਕੱਚੇ ਅਧਿਆਪਕ ਅਤੇ ਬੇਰੁਜਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਚੱਲ ਰਿਹਾ ਹੈ।

ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਪੇ-ਕਮਿਸ਼ਨ ਤੇ ਹੋਰ ਮੰਗਾਂ ਸਬੰਧੀ ਕੋਈ ਜ਼ਿਕਰ ਨਾ ਕਰਕੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ। ਦੂਸਰੇ ਪਾਸੇ ਗਠਜੋੜ ਤੇ ਨਰਸਿੰਗ ਆਗੂਆਂ ਨੇ ਕਿਹਾ ਕਿ ਸਰਕਾਰ ਦਿਮਾਗ ਵਿੱਚੋਂ ਭੁਲੇਖਾ ਕੱਢ ਦੇਵੇ ਕਿ ਮੁਲਾਜਮਾਂ ਨੂੰ ਕੁਝ ਦੇਣ ਦੀ ਥਾਂ ਕਾਂਗਰਸ ਦਾ ਆਪਸੀ ਕਲੇਸ਼ ਵਿਖਾ ਕੇ ਮੁਲਾਜ਼ਮ ਮੰਗਾਂ ਨੂੰ ਟਾਲ ਦਿੱਤਾ ਜਾਵੇਗਾ ਤੇ ਅਧਿਆਪਕਾਂ ਤੇ ਨਰਸਾਂ ਦੇ ਸਕੇਲ ਦੇਣ ਤੋਂ ਬਗੈਰ ਕੰਮ ਸਾਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਤੀ ਜਾਵੇਗੀ ਅਤੇ ਨੋਟੀਫੀਕੇਸ਼ਨਜ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਜੇਕਰ 15 ਤਰੀਕ ਤੱਕ ਗੌਰਮਿੰਟ ਨੋਟੀਫਿਕੇਸ਼ਨ ਨਹੀਂ ਕਰਦੀ ਤਾਂ 17 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ 'ਚ ਮਹਾਂ ਰੈਲੀ ਕਰਕੇ ਚਮਕੌਰ ਸਾਹਿਬ ਵਿਖੇ ਪੱਕੇ ਮੋਰਚੇ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ, ਜਿਸ ਵਿੱਚ ਹਜ਼ਾਰਾਂ ਅਧਿਆਪਕ ਤੇ ਨਰਸਿੰਗ ਸਟਾਫ ਦੀਆਂ 24 ਕੈਟਾਗਰਿਜ਼ ਸ਼ਾਮਿਲ ਹੋਣਗੀਆਂ, ਜਿਸਦੇ ਰੋਸ ਵਜੋਂ ਪਹਿਲਾਂ 11 ਅਤੇ 12 ਅਕਤੂਬਰ ਨੂੰ ਤਹਿਸੀਲ ਪੱਧਰਾਂ ਤੋਂ ਐਸ.ਡੀ.ਐੱਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਵੀ ਸਾਰੇ ਪੰਜਾਬ ਵਿੱਚੋਂ ਭੇਜੇ ਜਾਣਗੇ।
-PTCNews

  • Share