ਪੰਜਾਬ

ਇੱਕੋ ਰਾਤ 'ਚ 6 ਦੁਕਾਨਾਂ ਦੇ ਸ਼ਟਰ ਤੋੜ ਲੱਖਾਂ ਦਾ ਸਮਾਨ ਚੋਰੀ

By Jasmeet Singh -- August 25, 2022 4:16 pm -- Updated:August 25, 2022 4:23 pm

ਹੁਸ਼ਿਆਰਪੁਰ, 25 ਅਗਸਤ: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਉਸਮਾਨ ਸ਼ਹੀਦ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਨਾਲ ਲੱਗਦੀ ਕਲੋਨੀ ਵਿੱਚੋਂ ਬੀਤੀ ਰਾਤ ਚੋਰਾਂ ਨੇ 6 ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਕੁਝ ਨਕਾਬਪੋਸ਼ ਚੋਰਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਅਤੇ ਕਈ ਹੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਸਾਰੀ ਘਟਨਾ ਸਟੋਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਵਧੇਰੀ ਜਾਣਕਾਰੀ ਦਿੰਦੇ ਹੋਏ ਕਰਿਆਨੇ ਦੀ ਦੁਕਾਨ ਦੇ ਮਾਲਕ ਲਾਲ ਸਿੰਘ ਨੇ ਦੱਸਿਆ ਕਿ ਰਾਤੀ 2 ਵਜੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ। ਲਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਟੋਰ ਵਿੱਚੋਂ 5 ਲੱਖ ਰੁਪਏ ਦਾ ਸਾਮਾਨ ਅਤੇ 17 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ।

ਦੂਜੇ ਪਾਸੇ ਦੂਸਰੀ ਦੁਕਾਨ ਦੇ ਮਾਲਕ ਰਜਨੀਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਉਸਦੀ ਵੈਲਡਿੰਗ ਦੀ ਦੁਕਾਨ ਵਿੱਚੋਂ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ। ਹੋਰਾਂ ਦੁਕਾਨਾਂ ਵਿੱਚੋਂ 1 ਏਸੀ ਅਤੇ ਕਈ ਤਰ੍ਹਾਂ ਦਾ ਕੀਮਤੀ ਸਮਾਨ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੀੜਤਾਂ ਦਾ ਕਹਿਣਾ ਕਿ ਜਦੋਂ ਉਹ ਸਵੇਰੇ ਆਪਣੀਆਂ ਦੁਕਾਨਾਂ 'ਤੇ ਆਏ ਤਾਂ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ।

ਦਸੂਹਾ 'ਚ ਦਿਨੋਂ ਦਿਨ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ 'ਤੇ ਸਮੂਹ ਦੁਕਾਨਦਾਰਾਂ ਨੇ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਹਨ ਅਤੇ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।

ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਡੀ.ਐੱਸ.ਪੀ ਦਸੂਹਾ ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ 5 ਦਿਨਾਂ 'ਚ 6 ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਕੇ ਚੋਰਾਂ ਨੂੰ ਫੜ ਲਿਆ ਗਿਆ ਸੀ ਅਤੇ ਜਲਦ ਹੀ ਇਸ ਚੋਰੀ ਦੀ ਵਾਰਦਾਤ ਨੂੰ ਵੀ ਟਰੇਸ ਕਰਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


-PTC News

  • Share