adv-img
News in Punjabi

ਚੰਡੀਗੜ੍ਹ ਦੇ ਸੈਕਟਰ 46 'ਚ ਮੇਘਨਾਦ ਦਾ ਪੁਤਲਾ ਸਾੜਨ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ

By Ravinder Singh -- October 8th 2022 11:35 AM -- Updated: October 8th 2022 03:00 PM

ਚੰਡੀਗੜ੍ਹ : ਚੰਡੀਗੜ੍ਹ ਵਿੱਚ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਸੈਕਟਰ-46 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਦ ਦਾ ਪੁਤਲਾ ਸਾੜਨ ਦੇ ਮਾਮਲੇ ਵਿਚ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਮੇਘਨਾਦ ਦਾ ਪੁਤਲਾ ਸਾੜਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ ਇਕ ਨੌਜਵਾਨ ਵਿਦੇਸ਼ 'ਚ ਸੈਟਲ ਹੈ। ਸੈਕਟਰ-34 ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 435, 188, 34 ਤਹਿਤ ਕੇਸ ਦਰਜ ਕੀਤਾ ਸੀ।


ਚੰਡੀਗੜ੍ਹ ਦੇ ਸੈਕਟਰ 46 'ਚ ਮੇਘਨਾਦ ਦਾ ਪੁਤਲਾ ਸਾੜਨ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ

ਫੜੇ ਗਏ ਮੁਲਜ਼ਮ ਨੌਜਵਾਨਾਂ ਦੀ ਪਛਾਣ 31 ਸਾਲਾ ਆਰੀਅਨ ਵਾਸੀ ਸੈਕਟਰ-68, ਮੁਹਾਲੀ, 31 ਸਾਲਾ ਤੇਜਿੰਦਰ ਸਿੰਘ ਵਾਸੀ ਸੰਨੀ ਐਨਕਲੇਵ ਖਰੜ ਤੇ 19 ਸਾਲਾ ਜਸਰਾਜ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿਚੋਂ ਤੇਜਿੰਦਰ ਸਿੰਘ ਆਸਟ੍ਰੇਲੀਆ 'ਚ ਰਹਿੰਦਾ ਹੈ। ਪੁਲਿਸ ਅੱਜ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰੇਗੀ ਤੇ ਰਿਮਾਂਡ ਉਤੇ ਲਿਆ ਜਾਵੇਗਾ। ਮੁਲਜ਼ਮਾਂ ਤੋਂ ਪਤਾ ਲਾਇਆ ਜਾਵੇਗਾ ਕਿ ਉਨ੍ਹਾਂ ਨੇ ਪੁਤਲੇ ਨੂੰ ਅੱਗ ਕਿਉਂ ਤੇ ਕਿਸ ਦੇ ਕਹਿਣ ਉਤੇ ਲਗਾਈ ਸੀ। ਕਾਬਿਲੇਗੌਰ ਹੈ ਕਿ ਮੁਲਜ਼ਮਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।


ਇਹ ਵੀ ਪੜ੍ਹੋ : ਝਗੜੇ 'ਚ ਸਮਝੌਤਾ ਕਰਵਾਉਣ ਲਈ ਬੁਲਾ ਕੇ ਨੌਜਵਾਨ ਦਾ ਕੀਤਾ ਕਤਲ

ਸੈਕਟਰ-46 ਸਥਿਤ ਦੁਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ ਪਰ ਮੁਲਜ਼ਮ ਨੌਜਵਾਨਾਂ ਨੇ ਰਾਤ ਨੂੰ ਹੀ ਮੇਘਨਾਦ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਹਰਿਆਣਾ ਨੰਬਰ ਦੀ ਫਾਰਚੂਨਰ ਸਵਾਰ ਮੁਲਜ਼ਮਾਂ ਨੇ ਰਾਵਣ ਦੇ ਪੁਤਲੇ ਵੱਲ ਰਾਕੇਟ ਬੰਬ (ਆਤਿਸ਼ਬਾਜ਼ੀ) ਛੱਡੀ। ਉਨ੍ਹਾਂ ਦਾ ਨਿਸ਼ਾਨਾ ਰਾਵਣ ਦਾ ਪੁਤਲਾ ਸੀ ਪਰ ਅੱਗ ਮੇਘਨਾਦ ਦੇ ਪੁਤਲੇ 'ਤੇ ਲੱਗੀ। ਰਾਕੇਟ ਸਿੱਧਾ ਮੇਘਨਾਦ ਦੇ ਪੁਤਲੇ ਕੋਲ ਡਿੱਗਿਆ ਅਤੇ ਪੁਤਲਾ ਸੜ ਗਿਆ। ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਕੇ ਮੁਲਜ਼ਮ ਕੁਝ ਦੇਰ ਬਾਅਦ ਰਾਵਣ ਦਾ ਪੁਤਲਾ ਫੂਕਣ ਲਈ ਆ ਗਿਆ। ਉਸ ਨੇ ਰਾਕੇਟ ਨੂੰ ਫਿਰ ਸਟਾਰਟ ਕੀਤਾ ਪਰ ਇਹ ਕਾਰ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਫਾਰਚੂਨਰ ਕਾਰ ਰਾਹੀਂ ਫ਼ਰਾਰ ਹੋ ਗਏ।

ਇਸ ਮਾਮਲੇ 'ਚ ਸੈਕਟਰ-46 ਸਥਿਤ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਦੀ ਸ਼ਿਕਾਇਤ 'ਤੇ ਸੈਕਟਰ-34 ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਇਕ ਚਸ਼ਮਦੀਦ ਗਵਾਹ ਕੋਲ ਭੱਜਦੇ ਹੋਏ ਉਸ ਨੇ ਮੁਲਜ਼ਮ ਦੇ ਹਰਿਆਣਾ ਦੇ ਫਾਰਚੂਨਰ ਨੰਬਰ ਦੇ ਆਖਰੀ ਦੋ ਅੰਕ 3 ਅਤੇ 7 ਨੋਟ ਕਰ ਲਏ ਸਨ। ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਵੱਖ-ਵੱਖ ਨੰਬਰਾਂ ਦੀ ਜਾਂਚ ਕਰਨ ਤੋਂ ਬਾਅਦ ਆਖ਼ਰਕਾਰ ਮੁਲਜ਼ਮਾਂ ਦੀ ਅਸਲ ਗੱਡੀ ਨੰਬਰ ਐਚਆਰ 26ਸੀਜੀ 3137 ਤੱਕ ਪਹੁੰਚ ਕੀਤੀ।-PTC News

 

  • Share