ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ

https://www.ptcnews.tv/wp-content/uploads/2020/06/WhatsApp-Image-2020-06-11-at-7.36.24-PM.jpeg

ਸਿਹਤ – ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ: ਰੁੱਖ-ਪੌਦੇ ਸਾਡੇ ਜੀਵਨ ਦਾ ਅਹਿਮ ਅੰਗ ਹਨ , ਜਿਹਨਾਂ ਬਿਨ੍ਹਾਂ ਸਾਫ਼-ਸੁਥਰੇ ਜੀਵਨ ਦੀ ਕਲਪਨਾ ਹੀ ਸੰਭਵ ਨਹੀਂ ਹੈ ।ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਨ ਵਾਲੇ ਇਹਨਾਂ ਰੁੱਖਾਂ ਦੀ ਹਰਿਆਲੀ ਸਾਡੇ ਮਨ ਨੂੰ ਸ਼ਾਂਤੀ ਅਤੇ ਸਕੂਨ ਦਿੰਦੀ ਹੈ ਉੱਥੇ ਇਹਨਾਂ ਦੇ ਪੱਤਿਆਂ ਅਤੇ ਜੜ੍ਹਾਂ ਦੀ ਵਰਤੋਂ ਨਾਲ ਕਈ ਬਿਮਾਰੀਆਂ ਤੋਂ ਵੀ ਨਿਜਾਤ ਮਿਲਦੀ ਹੈ । ਆਓ ਅੱਜ ਜਾਣਦੇ ਹਾਂ ਕਿ ਉਹ ਕਿਹੜੇ ਪੌਦੇ ਹਨ , ਜਿਹਨਾਂ ਨੂੰ ਅਸੀਂ ਘਰਾਂ ‘ਚ ਉਗਾ ਸਕਦੇ ਹਨ ।

https://ptcnews-wp.s3.ap-south-1.amazonaws.com/wp-content/uploads/2020/06/WhatsApp-Image-2020-06-07-at-4.02.31-PM-2.jpeg

ਤੁਲਸੀ :- ਤੁਲਸੀ ਦਾ ਪੌਦਾ ਘਰ ਵਾਸਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਤੁਲਸੀ ਦੇ ਸੇਵਨ ਨਾਲ ਕਈ ਫ਼ਾਇਦੇ ਵੀ ਹੁੰਦੇ ਹਨ। ਤੁਲਸੀ ਦੀਆਂ ਪੱਤੀਆਂ ‘ਚ ਫਿਮੋਨਿਨ ਅਤੇ ਯੂਜਿਨਾਲ ਵਰਗਾ ਦੁਰਲੱਭ ਤੇਲ ਮੌਜੂਦ ਹੁੰਦਾ ਹੈ ਜਿਸ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ।ਤੁਲਸੀ ਦੀਆਂ ਪੱਤੀਆਂ ਕਫ਼ ਸਾਫ ਕਰਨ ‘ਚ ਮਦਦ ਕਰਦੀਆਂ ਹਨ। ਇਨ੍ਹਾਂ ਨੂੰ ਅਦਰਕ ਦੇ ਨਾਲ ਚਬਾਉਣ ਨਾਲ ਖਾਂਸੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਹੀ ਤੁਲਸੀ ਪੋਟਾਸ਼ੀਅਮ, ਵਿਟਾਮਿਨ ,ਕੈਲਸ਼ੀਅਮ ਅਤੇ ਆਇਰਨ ਦਾ ਵਧੀਆ ਖਜ਼ਾਨਾ ਹੈ। ਤੁਲਸੀ ਦਾ ਪੌਦਾ ਘਰ ‘ਚ ਲੱਗਾ ਹੋਵੇ ਤਾਂ ਨਿੱਕੀਆਂ-ਮੋਟੀਆਂ ਸਰੀਰਕ ਬਿਮਾਰੀਆਂ ਝੱਟ-ਦੇਣੀ ਖ਼ਤਮ ਹੋ ਜਾਂਦੀਆਂ ਹਨ।

https://ptcnews-wp.s3.ap-south-1.amazonaws.com/wp-content/uploads/2020/06/WhatsApp-Image-2020-06-07-at-4.02.31-PM-1.jpeg

ਐਲੋਵੇਰਾ:- ਐਲੋਵੇਰਾ ਇੱਕ ਅਜਿਹਾ ਵਰਦਾਨ ਰੂਪੀ ਪੌਦਾ ਹੈ, ਜਿਸ ਨਾਲ ਚਮੜੀ ਦੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਸਿਰਫ਼ ਇਹੀ ਨਹੀਂ ਬਲਕਿ ਸਿਆਣੇ ਆਖਦੇ ਹਨ ਕਿ ਜੇਕਰ ਐਲੋਵੇਰਾ ਦੀ ਜੈੱਲ ਦੀ ਸਬਜ਼ੀ ਬਣਾ ਕੇ ਖਾਧੀ ਜਾਵੇ ਤਾਂ ਇਹ ਗੋਡੇ ਅਤੇ ਜੋੜਾਂ ਦੇ ਦਰਦ ‘ਚ ਲਾਹੇਵੰਦ ਸਾਬਿਤ ਹੁੰਦੀ ਹੈ। ਇਸਦੇ ਨਾਲ ਹੀ ਜੇਕਰ ਮੂੰਹ ‘ਤੇ ਮੁਹਾਸੇ ਹਨ ਜਾਂ ਕੋਈ ਜਲਨਸ਼ੀਲ ਪਦਾਰਥ ਨਾਲ ਚਮੜੀ ਜਲ ਗਈ ਹੈ ਤਾਂ ਐਲੋਵੇਰਾ ਨਾਲ ਅਰਾਮ ਮਿਲ ਸਕਦਾ ਹੈ , ਜੇਕਰ ਤਾਜ਼ਾ ਐਲੋਵੇਰਾ ਜੈੱਲ ਵਾਲਾਂ ‘ਤੇ ਲਗਾਈ ਜਾਵੇ ਤਾਂ ਵਾਲ ਮੁਲਾਇਮ ਅਤੇ ਚਮਕਦਾਰ ਹੋ ਜਾਂਦੇ ਹਨ ।ਇਸ ਲਈ ਜੇਕਰ ਘਰ ‘ਚ ਐਲੋਵੇਰਾ ਦਾ ਪੌਦਾ ਲਗਾਇਆ ਜਾਵੇ ਤਾਂ ਲੋੜ ਵੇਲੇ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।

https://ptcnews-wp.s3.ap-south-1.amazonaws.com/wp-content/uploads/2020/06/WhatsApp-Image-2020-06-07-at-4.02.31-PM-3.jpeg

ਨਿੰਮ:- ਖਾਣ ‘ਚ ਬੇਸ਼ੱਕ ਹੈ ਕੌੜੀ ਪਰ ਬਹੁਤ ਗੁਣਕਾਰੀ ਹੈ ਨਿੰਮ! ਨਿੰਮ ਦੇ ਪੱਤਿਆਂ ‘ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ ‘ਚ ਕਾਫੀ ਮਦਦ ਕਰਦੇ ਹਨ। ਮਸੂੜਿਆਂ ਦੀਆਂ ਬੀਮਾਰੀਆਂ ‘ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਪੁਰਾਣੇ ਲੋਕ ਨਿੰਮ ਦੀ ਦਾਤਣ ਕਰਨਾ ਚੰਗਾ ਸਮਝਦੇ ਹਨ। ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ( ਸ਼ੂਗਰ ) ਰੋਗੀਆਂ ਨੂੰ ਲਾਭ ਮਿਲਦਾ ਹੈ। ਚਮੜੀ ਵਾਸਤੇ ਵੀ ਚੰਗੀ ਹੈ ਨਿੰਮ। ਨਿੰਮ ਦੇ ਪੱਤਿਆਂ ਦੀ ਪੇਸਟ ਬਣਾ ਕੇ ਲਗਾਇਆ ਜਾਵੇ ਤਾਂ ਫੋੜੇ ਫਿੰਸੀਆਂ ਅਤੇ ਦਾਣੇ ਠੀਕ ਹੁੰਦੇ ਹਨ। ਇਸ ਲਈ ਜੇਕਰ ਤੁਹਾਡੇ ਘਰ ‘ਚ ਜਗ੍ਹਾ ਹੈ ਤਾਂ ਨਿੰਮ ਜ਼ਰੂਰ ਲਗਾਓ, ਲੋੜ ਵੇਲੇ ਕੰਮ ਲਿਆ ਜਾ ਸਕਦਾ ਹੈ।

ਧਨੀਆ:- ਧਨੀਆ ਘਰ ‘ਚ ਉਗਾਉਣਾ ਬਹੁਤ ਲਾਭਕਾਰੀ ਹੈ। ਧਨੀਏ ਦੇ ਪੱਤਿਆਂ ‘ਚ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਸੀ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸਦੇ ਸੇਵਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ। ਇਸਦੇ ਪੱਤਿਆਂ ਵਿਚ ‘ਵਿਟਾਮਿਨ ਸੀ’, ‘ਵਿਟਾਮਿਨ ਕੇ’ ਅਤੇ ਪ੍ਰੋਟੀਨ ਵੀ ਪਾਏ ਜਾਂਦੇ ਹਨ। ਸੋ, ਜੇਕਰ ਤੁਸੀਂ ਧਨੀਆ ਆਪਣੇ ਘਰ ‘ਚ ਉਗਾਉਂਦੇ ਹੋ ਤਾਂ ਯਕੀਨਨ ਤੁਸੀੰ ਕਈ ਬਿਮਾਰੀਆਂ ਤੋਂ ਦੂਰ ਰਹੋਗੇ।

ਨਿੰਬੂ:- ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਮੁੱਖ ਸ੍ਰੋਤ ਮੰਨਿਆ ਜਾਂਦਾ ਹੈ। ਜੇਕਰ ਰੋਜ਼ ਸਵੇਰੇ ਨਿੰਬੂ-ਪਾਣੀ ਪੀਤਾ ਜਾਵੇ ਤਾਂ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ। ਕੋਸੇ ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ੀਅਮ ਅਤੇ ਫਾਈਬਰ ਮਿਲਦਾ ਹੈ। ਇਸਦਾ ਸੇਵਨ ਲੋਕ ਵਜ਼ਨ ਘੱਟ ਕਰਨ ਲਈ ਵੀ ਕਰਦੇ ਹਨ। ਨਿੰਬੂ ਦਾ ਪੌਦਾ ਹਰ ਘਰ ਵਿੱਚ ਹੋਣਾ ਚਾਹੀਦਾ ਹੈ, ਜ਼ਰੂਰਤ ਸਮੇਂ ਸਾਡੇ ਕੰਮ ਆ ਸਕਦਾ ਹੈ।

ਕੁਦਰਤ ਦੇ ਨਾਯਾਬ ਤੌਹਫ਼ੇ ਹਨ ਇਹ ਪੰਜ ਪੌਦੇ, ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਘਰ ਵਿੱਚ ਜ਼ਰੂਰ ਲਗਾਓ, ਜੇਕਰ ਇੰਨ੍ਹਾਂ ਪੌਦਿਆਂ ਨੂੰ ਉਗਾਉਣ ‘ਚ ਤੁਹਾਨੂੰ ਜਗ੍ਹਾ ਘੱਟ ਮਹਿਸੂਸ ਹੁੰਦੀ ਹੈ ਤਾਂ ਗਮਲੇ ਵਿੱਚ ਉਗਾ ਸਕਦੇ ਹੋ। ਤੰਦਰੁਸਤੀ ਦਾ ਖਜ਼ਾਨਾ ਇਹ ਪੌਦੇ ਤੁਹਾਨੂੰ ਜ਼ਰੂਰ ਲਾਭ ਦੇਣਗੇ।