ਬੱਸ, ਰੇਲ ਤੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਸੂਚਨਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

Travel guidelines for Bus, Train & Air COVID -19

ਨਵੀਂ ਦਿੱਲੀ – ਚੌਥੇ ਪੜਾਅ ਵਿੱਚ ਪਹੁੰਚੇ ਲੌਕਡਾਊਨ ਕਾਰਨ ਰੁਕੀ ਜ਼ਿੰਦਗੀ ਨੂੰ ਰਫ਼ਤਾਰ ਦੇਣ ਦੀ ਚਾਹ ਰੱਖਦੇ ਹੋਏ ਸਾਰੇ ਦੇਸ਼ ਦੀਆਂ ਦੀਆਂ ਨਜ਼ਰਾਂ ਰੇਲ ਤੇ ਹਵਾਈ ਸੇਵਾਵਾਂ ਨਾਲ ਜੁੜੇ ਐਲਾਨ ਵੱਲ੍ਹ ਟਿਕੀਆਂ ਹੋਇਆ ਸੀ ਅਤੇ ਲੋਕਾਂ ਵੱਲੋਂ ਆਪਣੇ ਵੱਖੋ-ਵੱਖ ਮੰਤਵਾਂ ਨਾਲ ਜੁੜੀਆਂ ਯਾਤਰਾਵਾਂ ਬਾਰੇ ਵੱਖ-ਵੱਖ ਕਿਆਸ ਲਾਏ ਜਾ ਰਹੇ ਸਨ। ਲੋਕਾਂ ਦੇ ਕਿਆਸਾਂ ਨੂੰ ਵਿਰਾਮ ਲਾਉਂਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਯਾਤਰੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਮੰਤਰਾਲੇ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਸਮੇਤ ਦੇਸ਼ ਦੇ ਅੰਦਰ ਹਵਾਈ ਜਹਾਜ਼, ਰੇਲ ਜਾਂ ਬੱਸ ਰਾਹੀਂ ਇੱਕ ਸੂਬੇ ਤੋਂ ਦੂਜੇ ਸੂਬੇ ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸੀਮਤ ਘਰੇਲੂ ਉਡਾਣਾਂ ਦਾ ਸੰਚਾਲਨ ਸ਼ੁਰੂ ਹੋਣ ਦੇ ਨਾਲ ਨਾਲ, 1 ਜੂਨ ਤੋਂ 100 ਜੋੜੀ ਯਾਤਰੀ ਰੇਲਗੱਡੀਆਂ ਦਾ ਸੰਚਾਲਨ ਵੀ ਸ਼ੁਰੂ ਹੋਣ ਜਾ ਰਿਹਾ ਹੈ। ਰਾਜਧਾਨੀ ਐਕਸਪ੍ਰੈੱਸ ਦੇ ਵੱਖ-ਵੱਖ ਰੂਟਾਂ ‘ਤੇ 15 ਜੋੜੀ ਏਸੀ ਸਪੈਸ਼ਲ ਟ੍ਰੇਨਾਂ ਦਾ ਵੀ ਸੰਚਾਲਨ ਹੋ ਰਿਹਾ ਹੈ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਵੀ ਵਿਦੇਸ਼ ਤੋਂ ਭਾਰਤ ਆਉਣ ਜਾਂ ਇੱਥੋਂ ਵਿਦੇਸ਼ ਜਾਣ ਦੇ ਇਛੁਕ ਲੋਕਾਂ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਡਰ (ਐੱਸਓਪੀ) ਜਾਰੀ ਕੀਤਾ ਹੈ। ਇਸ ਦੀ ਯਕੀਨੀ ਪਾਲਣਾ ਕਰਦਿਆਂ ਲੋਕ ਆਪਣੀ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਹਾਲਾਤ ਅਨੁਸਾਰ ਵਿਵਸਥਾਵਾਂ ਵਿੱਚ ਲੋੜ ਅਨੁਸਾਰ ਬਦਲਾਅ ਦਾ ਅਧਿਕਾਰ ਸੂਬਿਆਂ ਨੂੰ ਵੀ ਦਿੱਤਾ ਗਿਆ ਹੈ।

ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਵਿੱਚ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਬੋਰਡਿੰਗ ਤੋਂ ਪਹਿਲਾਂ ਇਸ ਗੱਲ ਦਾ ਸਹੁੰ-ਪੱਤਰ ਦੇਣਾ ਪਵੇਗਾ ਕਿ ਉਹ ਇੱਥੇ ਪੁੱਜ ਕੇ 14 ਦਿਨ ਕੁਆਰੰਟਾਈਨ ਵਿੱਚ ਬਿਤਾਉਣਗੇ। ਇਸ ਵਿੱਚ ਸੱਤ ਦਿਨ ਉਨ੍ਹਾਂ ਨੂੰ ਆਪਣੇ ਖ਼ਰਚ ‘ਤੇ ਇੰਸਟੀਚਿਊਸ਼ਨਲ ਕੁਆਰੰਟਾਈਨ ਵਿੱਚ ਰਹਿਣਾ ਪਵੇਗਾ। ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪੂਰੇ 14 ਦਿਨ ਹੋਮ ਕੁਆਰੰਟਾਈਨ ਵਿੱਚ ਰਹਿਣ ਦੀ ਪ੍ਰਵਾਨਗੀ ਮਿਲ ਸਕਦੀ ਹੈ।
ਕਿਸੇ ਹੰਗਾਮੀ ਹਾਲਤ ਜਿਵੇਂ ਪਰਿਵਾਰ ਵਿੱਚ ਕਿਸੇ ਦੀ ਮੌਤ ਜਾਂ ਬਿਮਾਰੀ ਦੀ ਹਾਲਤ ਵਿੱਚ ਵੀ ਇਸ ਤਰ੍ਹਾਂ ਦੀ ਛੋਟ ਰਹੇਗੀ। ਇਨ੍ਹਾਂ ਸਾਰੇ ਯਾਤਰੀਆਂ ਲਈ ਅਰੋਗਿਆ ਸੇਤੂ ਐਪ ਵੀ ਲਾਜ਼ਮੀ ਕੀਤਾ ਗਿਆ ਹੈ। ਹੋਰ ਯਾਤਰੀਆਂ ਨੂੰ ਵੀ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

ਦੇਸ਼ ਅੰਦਰ ਰੇਲ, ਬੱਸ ਜਾਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ 14 ਦਿਨ ਸਵੈ-ਨਿਗਰਾਨੀ (ਸੈਲਫ ਮਾਨੀਟਰਿੰਗ) ਲਈ ਕਿਹਾ ਗਿਆ ਹੈ। ਅਰਥਾਤ ਅਜਿਹੇ ਲੋਕਾਂ ਨੂੰ ਆਪਣੀ ਸਿਹਤ ‘ਤੇ ਖੁਦ ਨਜ਼ਰ ਰੱਖਣੀ ਪਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਮਿਲਣ ‘ਤੇ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਪਵੇਗੀ। ਅਰੋਗਿਆ ਸੇਤੂ ਐਪ ਸਭ ਨੂੰ ਡਾਊਨਲੋਡ ਕਰਨਾ ਪਵੇਗਾ। ਯਾਤਰੀਆਂ ਨੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਇਸ ਬਾਰੇ ਸਬੰਧਿਤ ਟ੍ਰੈਵਲ ਏਜੰਸੀਆਂ ਟਿਕਟ ਦੇ ਨਾਲ ਹੀ ਪੂਰੀ ਜਾਣਕਾਰੀ ਦੇਣਗੀਆਂ। ਰੇਲ, ਬੱਸ ਜਾਂ ਜਹਾਜ਼ ‘ਤੇ ਸਵਾਰ ਹੋਣ ਤੋਂ ਪਹਿਲਾਂ ਸਭ ਦੀ ਥਰਮਲ ਸਕਰੀਨਿੰਗ ਹੋਵੇਗੀ ਤੇ ਸਿਹਤਮੰਦ ਤੇ ਬਿਨਾਂ ਲੱਛਣ ਵਾਲਿਆਂ ਨੂੰ ਹੀ ਯਾਤਰਾ ਦੀ ਇਜਾਜ਼ਤ ਮਿਲੇਗੀ।

ਸਾਰੇ ਹਵਾਈ ਅੱਡਿਆਂ ਤੇ ਜਹਾਜ਼ਾਂ ਅੰਦਰ ਸੈਨੇਟਾਈਜੇਸ਼ਨ ਤੇ ਡਿਸਇਨਫੈਕਸ਼ਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਮਾਸਕ ਪਹਿਨਣਾ ਵੀ ਸਾਰਿਆਂ ਲਈ ਲਾਜ਼ਮੀ ਹੋਵੇਗਾ। ਮੰਜ਼ਲ ‘ਤੇ ਪੁੱਜਣ ਤੋਂ ਬਾਅਦ ਸਾਰਿਆਂ ਦੀ ਜਾਂਚ ਹੋਵੇਗੀ। ਬਿਨਾਂ ਲੱਛਣਾਂ ਵਾਲਿਆਂ ਨੂੰ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਕਿਸੇ ਵੀ ਤਰ੍ਹਾਂ ਦਾ ਲੱਛਣ ਪਾਏ ਜਾਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਪਹੁੰਚਾਇਆ ਜਾਵੇਗਾ ਤੇ ਜਾਂਚ ਯਕੀਨੀ ਕੀਤੀ ਜਾਵੇਗੀ। ਪਾਜ਼ਿਟਿਵ ਮਰੀਜ਼ਾਂ ਨੂੰ ਤੈਅ ਪ੍ਰੋਟੋਕਾਲ ਦੇ ਹਿਸਾਬ ਨਾਲ ਇਲਾਜ ਮਿਲੇਗਾ। ਕੁਆਰੰਟਾਈਨ ਵਿਚ ਰਹਿਣ ਵਾਲੇ ਸਾਰੇ ਯਾਤਰੀਆਂ ਨੂੰ ਵੀ ਆਪਣੀ ਸਿਹਤ ‘ਤੇ ਨਿਗਰਾਨੀ ਰੱਖਣ ਤੇ ਕਿਸੇ ਵੀ ਤਰ੍ਹਾਂ ਦਾ ਲੱਛਣ ਦਿਸਣ ‘ਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਬੰਦਰਗਾਹ ਜਾਂ ਹੋਰ ਥਲ ਸੀਮਾ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਵੀ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ਸੜਕ, ਰੇਲ ਤੇ ਹਵਾਈ ਯਾਤਰਾ ਨਾਲ ਦੇਸ਼ ਦਾ ਜਨ-ਜੀਵਨ ਮੁੜ ਲੀਹ ‘ਤੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਵੱਡੇ-ਛੋਟੇ ਕਾਰੋਬਾਰਾਂ ਤੋਂ ਨੌਕਰੀਆਂ ਤੱਕ ਸਭ ਨਾਲ ਜੁੜੇ ਲੋਕਾਂ ਨਾਲ ਇਨ੍ਹਾਂ ਸਾਧਨਾਂ ਦਾ ਸਿੱਧਾ ਸੰਬੰਧ ਹੈ, ਅਤੇ ਆਸ ਹੈ ਕਿ ਲੰਮੇ ਸਮੇਂ ਤੋਂ ਕੰਮ-ਕਾਰ ਤੋਂ ਟੁੱਟੇ ਬੈਠੇ ਲੋਕਾਂ ਵੱਲੋਂ ਆਪਣੀ ਤੇ ਦੂਜਿਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਰਿਜ਼ਕ ਵੱਲ੍ਹ ਕਦਮ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਵਧਾਏ ਜਾਣਗੇ।